ਡਿਪਟੀ ਕਮਿਸ਼ਨਰ ਦਫ਼ਤਰ ਪਟਿਆਲਾ ਵਿਖੇ ਨਵੇਂ ਸਾਲ 2026 ਦੀ ਸ਼ੁਭ ਸ਼ੁਰੂਆਤ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਸ਼ਬਦ ਕੀਰਤਨ ਨਾਲ ਕੀਤੀ ਗਈ।
ਪ੍ਰੀਤੀ ਯਾਦਵ ਵੱਲੋਂ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਡਿਪਟੀ ਕਮਿਸ਼ਨਰ ਡਾ
ਪਟਿਆਲਾ, 1 ਜਨਵਰੀ:
ਨਵੇਂ ਸਾਲ 2026 ਦੇ ਸ਼ੁਭ ਆਗਮਨ ਮੌਕੇ ਡਿਪਟੀ ਕਮਿਸ਼ਨਰ ਦਫ਼ਤਰ ਪਟਿਆਲਾ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮੇਟੀ ਹਾਲ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਜਿਸ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸ਼ਰਧਾ ਭਾਵਨਾ ਨਾਲ ਹਾਜ਼ਰੀ ਭਰੀ।
ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਭਾਈ ਪ੍ਰਿੰਸਪਾਲ ਸਿੰਘ ਦੇ ਰਾਗੀ ਜਥੇ ਵੱਲੋਂ ਰਸਭਿੰਨਾ ਗੁਰਬਾਣੀ ਸ਼ਬਦ ਕੀਰਤਨ ਕੀਤਾ ਗਿਆ, ਜਿਸ ਕਾਰਨ ਸਾਰਾ ਮਾਹੌਲ ਆਤਮਿਕ ਰਸ ਨਾਲ ਭਰਪੂਰ ਹੋ ਗਿਆ। ਗੁਰਬਾਣੀ ਕੀਰਤਨ ਦੌਰਾਨ ਸੰਗਤਾਂ ਨੇ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਅਤੇ ਨਵਾਂ ਸਾਲ ਸੁੱਖ, ਸ਼ਾਂਤੀ, ਤਰੱਕੀ ਅਤੇ ਆਪਸੀ ਭਾਈਚਾਰੇ ਦੀ ਭਾਵਨਾ ਨਾਲ ਭਰਿਆ ਹੋਵੇ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਪ੍ਰੀਤੀ ਯਾਦਵ ਨੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਕਿਹਾ ਕਿ ਪਿਛਲੇ ਸਾਲ ਦੌਰਾਨ ਡਿਪਟੀ ਕਮਿਸ਼ਨਰ ਦਫ਼ਤਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਆਪਣੀ ਡਿਊਟੀ ਪੂਰੀ ਇਮਾਨਦਾਰੀ, ਤਨਦੇਹੀ ਅਤੇ ਤਨਦੇਹੀ ਨਾਲ ਨਿਭਾਈ ਹੈ, ਜੋ ਕਿ ਸ਼ਲਾਘਾਯੋਗ ਹੈ |
ਉਨ੍ਹਾਂ ਕਿਹਾ ਕਿ ਨਵੇਂ ਸਾਲ ਵਿੱਚ ਵੀ ਸਾਰੇ ਮੁਲਾਜ਼ਮ ਲੋਕ ਸੇਵਾ ਨੂੰ ਆਪਣੀ ਪਹਿਲੀ ਜ਼ਿੰਮੇਵਾਰੀ ਸਮਝਦੇ ਹੋਏ ਸਰਕਾਰੀ ਕੰਮਕਾਜ ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਰਨ। ਡਿਪਟੀ ਕਮਿਸ਼ਨਰ ਨੇ ਆਸ ਪ੍ਰਗਟਾਈ ਕਿ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਹਰ ਯੋਗ ਲਾਭਪਾਤਰੀ ਤੱਕ ਪਹੁੰਚਾਉਣਾ ਯਕੀਨੀ ਬਣਾਉਣ ਲਈ ਹਰੇਕ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਆਪਣੀ ਜ਼ਿੰਮੇਵਾਰੀ ਨਿਭਾਉਣਗੇ।
ਅੰਤ ‘ਚ ਉਨ੍ਹਾਂ ਕਿਹਾ ਕਿ ਨਵਾਂ ਸਾਲ ਸਮੂਹ ਮੁਲਾਜ਼ਮਾਂ ਲਈ ਸਿਹਤ, ਸਫਲਤਾ ਅਤੇ ਨਵੀਂ ਊਰਜਾ ਲੈ ਕੇ ਆਵੇ ਅਤੇ ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਲਗਾਤਾਰ ਲੋਕਾਂ ਦੀ ਭਲਾਈ ਲਈ ਕੰਮ ਕਰਦਾ ਰਹੇ |
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸਿਮਰਪ੍ਰੀਤ ਕੌਰ, ਵਧੀਕ ਡਿਪਟੀ ਕਮਿਸ਼ਨਰ ਡਾ: ਇਸਮਤ ਵਿਜੇ ਸਿੰਘ, ਐਸ.ਡੀ.ਐਮਜ਼ ਕਨੂੰ ਗਰਗ, ਨਮਨ ਮਾਰਕਣ, ਹਰਜੋਤ ਕੌਰ, ਅਸ਼ੋਕ ਕੁਮਾਰ, ਰਿਚਾ ਗੋਇਲ, ਸੀ.ਐਮ.ਐਫ.ਓ ਸਤੀਸ਼ ਚੰਦਰ ਤੋਂ ਇਲਾਵਾ ਡੀ.ਸੀ ਦਫ਼ਤਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
