ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਯੂਨੀਅਨ ਵੱਲੋਂ ਅੱਜ ਇਥੇ ਪਹਿਲਾਂ ਪੁਰਾਣੇ ਬੱਸ ਅੱਡੇ ਕੋਲ ਰੋਸ ਰੈਲੀ ਕੀਤੀ ਗਈ| ਮਗਰੋਂ ਮੰਗਾਂ ਤੇ ਮਸਲਿਆਂ ਦੇ ਹੱਲ ਲਈ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਪਾਸੀ ਰੋਡ ਸਥਿਤ ਰਿਹਾਇਸ਼ ਦਾ ਘਿਰਾਓ ਕਰਨ ਲਈ ਰੋਸ ਮਾਰਚ ਆਰੰਭਿਆ ਗਿਆ| ਇਸ ਨੂੰ ਪੁਲੀਸ ਨੇ ਖੰਡਾ ਚੌਕ ਕੋਲ ਰੋਕ ਲਿਆ, ਪਰ ਮੁਜ਼ਾਹਰਾਕਾਰੀਆਂ ਨੇ ਇਥੇ ਧਰਨਾ ਦਿੰਦਿਆਂ ਅੱਧਾ ਘੰਟਾ ਦੇ ਕਰੀਬ ਸੜਕ ਜਾਮ ਰੱਖੀ| ਅਜਿਹੇ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀ ਮਹਿਲਾਵਾਂ ਤੋਂ ਮੰਗ ਪੱਤਰ ਲੈਦਿਆਂ ਮੰਤਰੀ ਨਾਲ 21 ਸਤੰਬਰ ਨੂੰ ਦੁਵੱਲੀ ਬੈਠਕ ਤੈਅ ਕਰਵਾਉਣ ਮਗਰੋਂ ਸੜਕ ਦੀ ਆਵਾਜਾਈ ਬਹਾਲ ਹੋ ਸਕੀ| ਸੰਘਰਸ਼ੀ ਜਥੇਬੰਦੀ ਦੇ ਆਗੂਆਂ ਦੱਸਿਆ ਕਿ ਲੰਬੇ ਸਮੇਂ ਤੋਂ ਚੱਲ ਰਹੀਆਂ ਮੰਗਾਂ ਅਤੇ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਸਰਕਾਰ ਵੱਲੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਮੀਟਿੰਗ ਨਿਰਧਾਰਤ ਕੀਤੀ ਗਈ ਹੈ| ਇਹ ਮੀਟਿੰਗ 21 ਸਤੰਬਰ ਨੂੰ ਸਵੇਰੇ 11 ਵਜੇ ਚੰਡੀਗੜ੍ਹ ਸਥਿਤ ਸਿਵਲ ਸਕੱਤਰੇਤ ਦੇ ਕਮਰਾ ਨੰਬਰ 31 ਵਿੱਚ ਹੋਵੇਗੀ | ਧਰਨੇ ਨੂੰ ਸੰਬੋਧਨ ਦੌਰਾਨ ਜ਼ਿਲ੍ਹਾ ਪ੍ਰਧਾਨ ਕਮਲਜੀਤ ਕੌਰ ਤੇ ਸੂਬਾ ਖਜ਼ਾਨਚੀ ਜਸਵੀਰ ਕੌਰ ਨੇ ਕਿਹਾ ਕਿ ਆਸ਼ਾ ਵਰਕਰ ਪਿੰਡਾਂ ਤੇ ਸ਼ਹਿਰਾਂ ਵਿੱਚ ਸਿਹਤ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸੇਵਾਵਾਂ ਨਿਭਾ ਰਹੀਆਂ ਹਨ| ਇਸ ਦੇ ਬਾਵਜੂਦ ਮਾਣ-ਭੱਤਾ ਉਨ੍ਹਾਂ ਦੀ ਮਿਹਨਤ ਅਤੇ ਵਧ ਰਹੀ ਮਹਿੰਗਾਈ ਦੇ ਮੁਕਾਬਲੇ ਬਹੁਤ ਘੱਟ ਹੈ| ਆਸ਼ਾ ਵਰਕਰਾਂ ਨੇ ਉਮੀਦ ਪ੍ਰਗਟਾਈ ਕਿ 21 ਸਤੰਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਸਰਕਾਰ ਉਨ੍ਹਾਂ ਦੀਆਂ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਕਰਦਿਆਂ ਢੁੱਕਵੇਂ ਫੈਸਲੇ ਲਵੇਗੀ ਅਤੇ ਮੰਗਾਂ ਦਾ ਹੱਲ ਕੀਤਾ ਜਾਵੇਗਾ |
