ਅਧਿਆਪਕਾਂ ਵੱਲੋਂ ਚੋਲੇ ਪਾ ਕੇ ਮੁਜ਼ਾਹਰਾ

ਅਧਿਆਪਕਾਂ ਵੱਲੋਂ ਚੋਲੇ ਪਾ ਕੇ ਮੁਜ਼ਾਹਰਾ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਅੱਜ ਪੰਜਾਬੀ ਯੂਨੀਵਰਸਿਟੀ ਕੈਂਪਸ, ਨੇਬਰਹੁਡ ਕੈਂਪਸ, ਰਿਜਨਲ ਸੈਂਟਰ ਅਤੇ ਕਾਂਸਟੀਚੁਐਂਟ ਕਾਲਜਾਂ ਦੇ ਸੰਘਰਸ਼ੀ ਅਧਿਆਪਕਾਂ ਨੇ ਬੰਧੂਆ ਮਜ਼ਦੂਰਾਂ ਵਾਲੇ ਚੋਲੇ ਪਾ ਕੇ ਰੈਲੀ ਕੀਤੀ| ਪੰਜਾਬੀ ਯੂਨੀਵਰਸਿਟੀ ਕੰਟਰੈਕਟ ਟੀਚਰਜ਼ ਐਸੋਸੀਏਸ਼ਨ (ਪੁਕਟਾ) ਨੇ ਯੂ ਜੀ ਸੀ ਰੈਗੂਲੇਸ਼ਨ 2010 ਅਤੇ 2018 ਦੀਆਂ ਵਿਵਸਥਾਵਾਂ ਨੂੰ ਲਾਗੂ ਕਰਨ ਦੀ ਮੰਗ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ| ਸੰਘਰਸ਼ ਦੇ ਅੱਜ 36ਵੇਂ ਦਿਨ ਵੱਖਰੀ ਦਿੱਖ ਵਾਲਾ ਮਾਰਚ ਵਾਈਸ ਚਾਂਸਲਰ ਦਫ਼ਤਰ ਤੋਂ ਸ਼ੁਰੂ ਹੋ ਕੇ ਰਜਿਸਟਰਾਰ ਦਫ਼ਤਰ, ਡੀਨ ਅਕਾਦਮਿਕ ਮਾਮਲੇ ਦਫ਼ਤਰ ਅਤੇ ਭਾਈ ਕਾਹਨ ਸਿੰਘ ਨਾਭਾ ਲਾਇਬ੍ਰੇਰੀ ਤੋਂ ਹੁੰਦਾ ਹੋਇਆ ਯੂਨੀਵਰਸਿਟੀ ਦੇ ਮੁੱਖ ਗੇਟ ਤੱਕ ਪਹੁੰਚਿਆ| ਮੁੱਖ ਗੇਟ ’ਤੇ ਯੂਨੀਅਨ ਵੱਲੋਂ ਪ੍ਰਦਰਸ਼ਨ ਕੀਤਾ ਗਿਆ, ਜਿਸ ਤੋਂ ਬਾਅਦ ਮਾਰਚ ਮੁੜ ਵਾਈਸ-ਚਾਂਸਲਰ ਦਫ਼ਤਰ ਵਿੱਚ ਪਹੁੰਚਿਆ|

ਇਸ ਦੌਰਾਨ ਪੁਕਟਾ ਦੇ ਜਨਰਲ ਸਕੱਤਰ ਰਮਨਪ੍ਰੀਤ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਕੌਂਟਰੈਕਟਰ ਅਧਿਆਪਕਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੀਟਿੰਗ ਕੀਤੀ ਗਈ ਸੀ, ਜਿਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਅਧਿਆਪਕਾਂ ਨੂੰ ਭਰੋਸਾ ਦਿੱਤਾ ਸੀ ਕਿ ਪੰਜਾਬੀ ਯੂਨੀਵਰਸਿਟੀ ਉਨ੍ਹਾਂ ਦੀਆਂ ਮੰਗਾਂ ਜਲਦੀ ਮੰਨ ਲਵੇਗੀ ਪਰ ਪੰਜਾਬੀ ਯੂਨੀਵਰਸਿਟੀ ਉਸ ਪਾਸੇ ਨੂੰ ਨਹੀਂ ਜਾ ਰਹੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਗੱਲ ਵੀ ਮੰਨਣ ਨੂੰ ਤਿਆਰ ਨਹੀਂ ਲੱਗ ਰਹੀ|

ਪੁਕਟਾ ਦੀ ਉਪ ਪ੍ਰਧਾਨ ਰਾਜ ਮਹਿੰਦਰ ਕੌਰ, ਸੁਰਿੰਦਰ ਸਿੰਘ, ਦਲਬੀਰ ਸਿੰਘ, ਡਾ. ਰਮਨਪ੍ਰਤੀ ਸਿੰਘ ਤੇ ਡਾ. ਹਰਪ੍ਰੀਤ ਸਿੰਘ ਅਤੇ ਰਾਜਨ ਗੋਇਲ ਨੇ ਯੋਗ ਵਿੱਤੀ ਲਾਭ ਦੇਣ ਦੀ ਮੰਗ ਵੀ ਉਠਾਈ ਅਤੇ ਕੰਟਰੈਕਟ ਅਧਿਆਪਕਾਂ ਦੀਆਂ ਸਾਰੀਆਂ ਮੰਗਾਂ ਨੂੰ ਸਾਂਝੇ ਮੰਚ ’ਤੇ ਰੱਖ ਕੇ ਸਮੁੱਚੇ ਤੌਰ ’ਤੇ ਵਿਚਾਰਨ ’ਤੇ ਜ਼ੋਰ ਦਿੱਤਾ| ਆਗੂਆਂ ਕਿਹਾ ਕਿ ਜਦੋਂ ਤੱਕ ਮੰਗਾਂ ’ਤੇ ਠੋਸ ਕਾਰਵਾਈ ਨਹੀਂ ਹੁੰਦੀ, ਸੰਘਰਸ਼ ਜਾਰੀ ਰਹੇਗਾ|

Leave a Reply

Your email address will not be published. Required fields are marked *