ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ’ਚ ਪੈਂਦੇ ਵੱਡੇ ਪਿੰਡ ਕੋਠਾ ਗੁਰੂ ਕਾ ਵਿੱਚ ਅੱਜ ਇਕ ਨੌਜਵਾਨ ਵੱਲੋਂ ਲਗਾਤਾਰ ਅੰਨ੍ਹਵਾਹ ਫਾਇਰਿੰਗ ਕੀਤੀ ਜਾ ਰਹੀ ਹੈ। ਇਸ ਫਾਇਰਿੰਗ ਕਾਰਨ ਦੋ ਮੌਤਾਂ ਹੋਣ ਦੇ ਚਰਚੇ ਹਨ। ਸੂਤਰਾਂ ਨੇ ਦੱਸਿਆ ਹੈ ਕਿ ਭੋਲਾ ਸਿੰਘ ਨਾਂ ਦਾ ਇੱਕ ਨੌਜਵਾਨ ਵੀ ਜ਼ਖਮੀ ਹੋਇਆ ਹੈ। ਪਰ ਅਜੇ ਤੱਕ ਇਨ੍ਹਾਂ ਤੱਥਾਂ ਦੀ ਅਧਿਕਾਰਕ ਤੌਰ ’ਤੇ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ। ਸਮੁੱਚੇ ਪਿੰਡ ਵਿੱਚ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ ਹੈ। ਪਤਾ ਲੱਗਿਆ ਹੈ ਕਿ ਪੁਲਿਸ ਮੌਕੇ ’ਤੇ ਪਹੁੰਚ ਗਈ ਹੈ ਅਤੇ ਸਥਿਤੀ ਨੂੰ ਸੰਭਾਲਣ ਦੇ ਯਤਨ ਕੀਤੇ ਜਾ ਰਹੇ ਹਨ ।ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਮਾਮਲਾ ਕਈ ਦਹਾਕੇ ਪੁਰਾਣੀ ਦੁਸ਼ਮਣੀ ਦਾ ਹੈ ਜਿਸਦੇ ਸਿੱਟੇ ਵਜੋਂ ਅੱਜ ਇਹ ਵੱਡੀ ਘਟਨਾ ਸਾਹਮਣੇ ਆਈ ਹੈ। ਮੁਢਲੇ ਤੌਰ ’ਤੇ ਹਾਸਲ ਜਾਣਕਾਰੀ ਮੁਤਾਬਕ ਫਾਇਰਿੰਗ ਕਰਨ ਵਾਲੇ ਨੌਜਵਾਨ ਦਾ ਨਾਮ ਗੁਰਸ਼ਰਨ ਹੈ। ਪਿੰਡ ਵਿਚਲੇ ਸੂਤਰਾਂ ਮੁਤਾਬਕ ਗੋਲੀਆਂ ਚਲਾਉਣ ਵਾਲੇ ਨੌਜਵਾਨ ਕੋਲ ਕਈ ਤਰ੍ਹਾਂ ਦਾ ਅਸਲਾ ਹੈ। ਪਿੰਡ ਦੇ ਕਿਸਾਨ ਆਗੂ ਜਸਪਾਲ ਸਿੰਘ ਕੋਠਾ ਗੁਰੂ ਨੇ ਦੱਸਿਆ ਕਿ ਅੱਜ ਪਿੰਡ ਵਾਸੀ ਗੁਰਸ਼ਾਂਤ ਸਿੰਘ ਦੇ ਘਰ ਅੱਜ ਕੁਝ ਮਹੀਨੇ ਪਹਿਲਾਂ ਹੋਈ ਮੌਤ ਕਾਰਨ ਪਾਠ ਦਾ ਭੋਗ ਪਾਇਆ ਜਾਣਾ ਸੀ। ਇਸ ਕਾਰਨ ਵੱਡੀ ਗਿਣਤੀ ਪਿੰਡ ਵਾਸੀ ਵੀ ਮੌਕੇ ’ਤੇ ਗਏ ਸਨ।ਉਹਨਾਂ ਦੱਸਿਆ ਕਿ ਇਸੇ ਦੌਰਾਨ ਗੁਰਸ਼ਰਨ ਸਿੰਘ ਉਰਫ ਸ਼ਰਨੀ ਨੇ ਗੁਰਸ਼ਾਂਤ ਸਿੰਘ ਦੇ ਘਰ ਵੱਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਦੱਸਿਆ ਕਿ ਫਾਇਰਿੰਗ ਇੰਨੀ ਜ਼ਬਰਦਸਤ ਹੈ ਕਿ ਕਿਸੇ ਨੂੰ ਉਹ ਨਜ਼ਦੀਕ ਆਉਣ ਹੀ ਨਹੀਂ ਦੇ ਰਿਹਾ ਸੀ। ਉਹਨਾਂ ਦੱਸਿਆ ਕਿ ਚਰਚਾ ਹੈ ਕਿ ਗੋਲੀਆਂ ਲੱਗਣ ਕਾਰਨ ਦੋ ਜਣੇ ਡਿੱਗੇ ਪਏ ਹਨ ਪਰ ਉਹਨਾਂ ਦੀ ਸਥਿਤੀ ਕੀ ਹੈ ਇਸ ਬਾਰੇ ਕੋਈ ਪਤਾ ਨਹੀਂ ਲੱਗ ਰਿਹਾ ਹੈ।ਉਨ੍ਹਾਂ ਦੱਸਿਆ ਕਿ ਗੋਲੀਆਂ ਦੀ ਆਵਾਜ਼ ਲਗਾਤਾਰ ਆ ਰਹੀ ਹੈ। ਇੱਕ ਹੋਰ ਪਿੰਡ ਵਾਸੀ ਨੇ ਦੱਸਿਆ ਕਿ ਮੌਕੇ ’ਤੇ ਪਹੁੰਚੀ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਹੈ ਜਿਸ ਤੋਂ ਬਾਅਦ ਆਪਣੇ ਚੁਬਾਰੇ ਅੱਗੇ ਕੁਰਸੀ ’ਤੇ ਬੈਠਾ ਨੌਜਵਾਨ ਗੁਰਸ਼ਰਨ ਸਿੰਘ ਚੁਬਾਰੇ ਦੇ ਅੰਦਰ ਚਲਾ ਗਿਆ ਹੈ। ਇਸ ਮਾਮਲੇ ਵਿੱਚ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
