ਨੇੜਲੇ ਪਿੰਡ ਗਾਜ਼ੀਪੁਰ ਦੀ ਗਊਸ਼ਾਲਾ ਵਿੱਚ ਗੋਹੇ ਤੋਂ ਲੱਕੜ ਬਣਾਉਣ ਦਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰਾਜੈਕਟ ਦਾ ਉਦਘਾਟਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਈਸ਼ਾ ਸਿੰਘਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਮਹਿਲਾ ਗ੍ਰਾਮ ਸੰਗਠਨਾਂ ਦੀ ਰੋਜ਼ੀ-ਰੋਟੀ ਲਈ ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਪਟਿਆਲਾ ਅਧੀਨ ਸਵੈ ਸਹਾਇਤਾ ਸਮੂਹਾਂ ਦੇ ਮੈਂਬਰਾਂ ਨੂੰ ਸਹਿਯੋਗ ਦਿੱਤਾ ਗਿਆ ਹੈ। ਐਸਆਰ ਫੰਡ ਦੀ ਮਦਦ ਨਾਲ ਕਾਓ ਡਾਂਗ ਮਸ਼ੀਨ ਦੀ ਖਰੀਦ ਕੀਤੀ ਗਈ ਹੈ। ਈਸ਼ਾ ਸਿੰਘਲ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਨਾ ਸਿਰਫ਼ ਸਵੈ ਸਹਾਇਤਾ ਵਿੱਚ ਸ਼ਾਮਲ ਲੋੜਵੰਦ ਔਰਤਾਂ ਨੂੰ ਰੁਜ਼ਗਾਰ ਮਿਲੇਗਾ ਸਗੋਂ ਗਊਸ਼ਾਲਾ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਰਾਹੀਂ ਗਾਂ ਦੇ ਗੋਹੇ ਤੋਂ ਬਣੀਆਂ ਵੱਖ-ਵੱਖ ਆਕਾਰ ਦੀਆਂ ਲੱਕੜਾਂ ਨੂੰ ਘਰਾਂ, ਢਾਬਿਆਂ, ਹੋਟਲਾਂ ਅਤੇ ਸ਼ਮਸ਼ਾਨਘਾਟ ਆਦਿ ਦੇ ਨਾਲ-ਨਾਲ ਮੰਦਰਾਂ ਦੇ ਸ਼ਮਸ਼ਾਨਘਾਟ ਵਿੱਚ ਵੀ ਬਾਲਣ ਵਜੋਂ ਵਰਤਿਆ ਜਾ ਸਕਦਾ ਹੈ। ਇਹ ਲੱਕੜ ਰਵਾਇਤੀ ਲੱਕੜ ਨਾਲੋਂ ਘੱਟ ਰੇਟ ‘ਤੇ ਉਪਲਬਧ ਹੋਵੇਗੀ। ਏਡੀਸੀ ਈਸ਼ਾ ਸਿੰਘਲ ਨੇ ਕਿਹਾ ਕਿ ਇਸ ਉਪਰਾਲੇ ਨਾਲ ਕੀਮਤੀ ਦਰੱਖਤਾਂ ਦੀ ਕਟਾਈ ਨੂੰ ਰੋਕਣ ਵਿੱਚ ਮਦਦ ਮਿਲੇਗੀ ਜਿਸ ਨਾਲ ਵਾਤਾਵਰਨ ਨੂੰ ਬਚਾਉਣ ਵਿੱਚ ਵੀ ਮਦਦ ਮਿਲੇਗੀ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰੀਨਾ ਰਾਣੀ, ਬਲਾਕ ਪ੍ਰੋਗਰਾਮ ਮੈਨੇਜਰ ਪ੍ਰਿੰਕੂ ਸਿੰਗਲਾ ਅਤੇ ਅਮਰਵੀਰ ਸਿੰਘ ਤੋਂ ਇਲਾਵਾ ਪਿੰਡ ਦੇ ਸਰਪੰਚ ਅਤੇ ਐਸ.ਐਚ.ਜੀਜ਼ ਦੇ ਸਕੱਤਰ ਅਤੇ ਮੈਂਬਰ ਹਾਜ਼ਰ ਸਨ।