ਲੋਕ ਸਭਾ : ਲੋਕ ਸਭਾ ‘ਚ ਮਹਿੰਗਾਈ ਦੇ ਮੁੱਦੇ ‘ਤੇ ਚਰਚਾ ਕਰਵਾਉਣ ਦੀ ਮੰਗ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਸਰਕਾਰ ਨੂੰ ਘੇਰਦੇ ਹੋਏ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਕਾਂਗਰਸ ਦੇ ਚਾਰ ਸੰਸਦ ਮੈਂਬਰਾਂ ਮਣਿਕਮ ਟੈਗੋਰ, ਜੋਤੀ ਮਨੀ, ਪੀਐਨ ਪ੍ਰਤਾਪ ਅਤੇ ਰਾਮਿਆ ਹਰੀਦਾਸ ਨੂੰ ਸਦਨ ਵਿੱਚ ਤਲਬ ਕੀਤਾ ਗਿਆ ਸੀ। ਸਦਨ ਦੇ ਵਿਚਕਾਰ ਨਾਅਰੇਬਾਜ਼ੀ ਕਰਨ ਦੇ ਦੋਸ਼ ‘ਚ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਲੋਕ ਸਭਾ ਸਪੀਕਰ ਓਮ ਪ੍ਰਕਾਸ਼ ਬਿਰਲਾ ਦਾ ਇਹ ਕਦਮ ਅਜਿਹੇ ਸਮੇਂ ਆਇਆ ਹੈ ਜਦੋਂ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਮਹਿੰਗਾਈ ਨੂੰ ਲੈ ਕੇ ਸਰਕਾਰ ਦੇ ਖਿਲਾਫ ਭਾਰੀ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜੋ ਕਿ ਪਿਛਲੇ ਹਫਤੇ ਸ਼ੁਰੂ ਹੋਏ ਮਾਨਸੂਨ ਸੈਸ਼ਨ ਤੋਂ ਚੱਲ ਰਿਹਾ ਹੈ।
ਜਾਣਕਾਰੀ ਮੁਤਾਬਕ ਵਿਰੋਧੀ ਪਾਰਟੀਆਂ ਨੇ ਮਹਿੰਗਾਈ ਅਤੇ ਹੋਰ ਮੁੱਦਿਆਂ ‘ਤੇ ਸਰਕਾਰ ਨੂੰ ਘੇਰਦੇ ਹੋਏ ਨਾਅਰੇਬਾਜ਼ੀ ਕੀਤੀ। ਹੰਗਾਮੇ ਨੂੰ ਦੇਖਦੇ ਹੋਏ ਸਦਨ ਦੀ ਕਾਰਵਾਈ 3 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ, ਜਦੋਂ ਸਦਨ ਮੁੜ ਸ਼ੁਰੂ ਹੋਇਆ ਤਾਂ ਵਿਰੋਧੀ ਪਾਰਟੀਆਂ ਮਹਿੰਗਾਈ ਅਤੇ ਹੋਰ ਮੁੱਦਿਆਂ ‘ਤੇ ਚਰਚਾ ਦੀ ਮੰਗ ‘ਤੇ ਅੜੇ ਰਹੀਆਂ।
ਸੰਸਦ ਦੇ ਨਵੇਂ ਸੈਸ਼ਨ ਦੇ ਛੇਵੇਂ ਦਿਨ ਓਮ ਪ੍ਰਕਾਸ਼ ਬਿਰਲਾ ਨੇ ਸਦਨ ਦੇ ਅੰਦਰ ਪ੍ਰਦਰਸ਼ਨ ਕਰ ਰਹੇ ਸੰਸਦ ਮੈਂਬਰਾਂ ਨੂੰ ਅੰਤਮ ਚੇਤਾਵਨੀ ਦਿੱਤੀ। “ਇਹ ਲੋਕਤੰਤਰ ਦਾ ਮੰਦਰ ਹੈ,” ਬਿਰਲਾ ਨੇ ਪ੍ਰਦਰਸ਼ਨਾਂ ਦੌਰਾਨ ਕਿਹਾ, ਇੱਥੋਂ ਤੱਕ ਕਿ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਤੋਂ ਠੀਕ ਪਹਿਲਾਂ ਸੰਸਦ ਕੰਪਲੈਕਸ ਦੇ ਅੰਦਰ ਤਖ਼ਤੀਆਂ ਅਤੇ ਵਿਰੋਧ ਪ੍ਰਦਰਸ਼ਨਾਂ ‘ਤੇ ਪਾਬੰਦੀ ਲਗਾਈ ਗਈ ਸੀ।
ਦੂਜੇ ਪਾਸੇ ਰਾਜ ਸਭਾ ‘ਚ ਵੀ ਵਿਰੋਧੀ ਪਾਰਟੀਆਂ ਨੇ ਮਹਿੰਗਾਈ ਦੇ ਮੁੱਦੇ ‘ਤੇ ਚਰਚਾ ਦੀ ਮੰਗ ਕਰਦੇ ਹੋਏ ਸਰਕਾਰ ਨੂੰ ਘੇਰਿਆ।
ਵਿਰੋਧੀ ਧਿਰ ਮਹਿੰਗਾਈ ਅਤੇ ਐਲਪੀਜੀ ਦੀਆਂ ਕੀਮਤਾਂ ਵਿੱਚ ਵਾਧੇ ਦਾ ਵਿਰੋਧ ਕਰ ਰਹੀ ਹੈ, ਜਿਸ ਨਾਲ ਕਈ ਘਰ ਪ੍ਰਭਾਵਿਤ ਹੋਏ ਹਨ। ਪਿਛਲੇ ਹਫ਼ਤੇ ਰਾਹੁਲ ਗਾਂਧੀ ਵੀ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਏ ਸਨ।
ਇਹ ਵੀ ਜ਼ਿਕਰਯੋਗ ਹੈ ਕਿ ਓਮ ਪ੍ਰਕਾਸ਼ ਬਿਰਲਾ ਨੇ ਪਿਛਲੇ ਹਫਤੇ ਵੀ ਸੰਸਦ ਦੇ ਅੰਦਰ ਤਖਤੀਆਂ ਲੈ ਕੇ ਵਿਰੋਧੀ ਸੰਸਦ ਮੈਂਬਰਾਂ ਨੂੰ ਚਿਤਾਵਨੀ ਦਿੱਤੀ ਸੀ।