ਡਿਪਟੀ ਕਮਿਸ਼ਨਰ ਨੇ ਆਧਾਰ ਕਾਰਡ ਅੱਪਡੇਟ ਕਰਨ ਲਈ ਚੱਲ ਰਹੀ ਮੁਹਿੰਮ ਦਾ ਜਾਇਜ਼ਾ ਲਿਆ
14 ਜੂਨ ਤੱਕ ਆਨਲਾਈਨ ਅੱਪਡੇਟ ਲਈ ਫੀਸ ਮੁਆਫ ਕਰ ਦਿੱਤੀ ਗਈ ਹੈ
ਐਸ.ਏ.ਐਸ.ਨਗਰ, 2 ਅਪ੍ਰੈਲ
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਜਿਨ੍ਹਾਂ ਨੇ ਪਿਛਲੇ ਅੱਠ ਸਾਲਾਂ ਤੋਂ ਆਪਣਾ ਆਧਾਰ ਕਾਰਡ ਅਪਡੇਟ ਨਹੀਂ ਕਰਵਾਇਆ ਹੈ, ਉਹ ਤੁਰੰਤ ਆਪਣਾ ਆਧਾਰ ਕਾਰਡ ਅਪਡੇਟ ਕਰਵਾਉਣ।
ਜ਼ਿਲ੍ਹੇ ਵਿੱਚ ਆਧਾਰ ਕਾਰਡ ਅੱਪਡੇਟ ਕਰਨ ਲਈ ਚੱਲ ਰਹੀ ਮੁਹਿੰਮ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰ 8 ਤੋਂ 10 ਸਾਲ ਬਾਅਦ ਆਧਾਰ ਕਾਰਡ ਵਿੱਚ ਪਛਾਣ ਅਤੇ ਪਤਾ ਅੱਪਡੇਟ ਕਰਨ ਦੀ ਲੋੜ ਹੈ। ਇਸ ਕਾਰਨ ਜਿਨ੍ਹਾਂ ਲੋਕਾਂ ਨੇ ਸਾਲ 2015 ਤੋਂ ਪਹਿਲਾਂ ਆਧਾਰ ਕਾਰਡ ਬਣਵਾਇਆ ਹੈ, ਉਨ੍ਹਾਂ ਨੂੰ ਆਪਣਾ ਆਧਾਰ ਕਾਰਡ ਬਾਇਓ-ਮੀਟ੍ਰਿਕ ਅਪਡੇਟ ਕਰਵਾਉਣਾ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਆਧਾਰ ਕਾਰਡ ਨੂੰ ਹੋਰ ਮਜ਼ਬੂਤ ਕਰਨ ਲਈ ਇਹ ਨਿਵੇਕਲੀ ਕਵਾਇਦ ਸ਼ੁਰੂ ਕੀਤੀ ਗਈ ਹੈ। ਇਸ ਪਹਿਲਕਦਮੀ ਦੇ ਤਹਿਤ, ਪਛਾਣ ਦੇ ਸਬੂਤ (POI) ਅਤੇ ਪਤੇ ਦੇ ਸਬੂਤ (POA) ਨਾਲ ਸਬੰਧਤ ਦਸਤਾਵੇਜ਼ਾਂ ਨੂੰ ਅਪਡੇਟ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਸੇਵਾਵਾਂ ਪੜਾਅਵਾਰ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਲਗਾਏ ਜਾ ਰਹੇ ਸਾਰੇ ਸੇਵਾ ਕੇਂਦਰਾਂ ਅਤੇ ਆਧਾਰ ਕੈਂਪਾਂ ਵਿੱਚ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਆਧਾਰ ਕਾਰਡ ਅੱਪਡੇਟ ਕਰਨ ਦੀ ਫ਼ੀਸ 50 ਰੁਪਏ ਹੈ, ਪਰ ਇਹ ਫ਼ੀਸ ਮੁਆਫ਼ ਕਰ ਦਿੱਤੀ ਗਈ ਹੈ, ਬਸ਼ਰਤੇ ਬਿਨੈਕਾਰ 14 ਜੂਨ ਤੱਕ ਆਨਲਾਈਨ ਮੋਡ ਰਾਹੀਂ ਅੱਪਡੇਟ ਕਰਨ ਲਈ ਅਪਲਾਈ ਕਰੇ।
ਸ਼੍ਰੀਮਤੀ ਆਸ਼ਿਕਾ ਜੈਨ ਨੇ 0-5 ਸਾਲ ਦੀ ਉਮਰ ਦੇ ਬੱਚਿਆਂ ਦੇ ਆਧਾਰ ਕਾਰਡ ਦੇ ਨਾਮਾਂਕਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ। ਇਸੇ ਤਰ੍ਹਾਂ ਉਨ੍ਹਾਂ ਨੇ 5 ਤੋਂ 15 ਸਾਲ ਦੇ ਬੱਚਿਆਂ ਲਈ ਲਾਜ਼ਮੀ ਬਾਇਓਮੈਟ੍ਰਿਕ ਅਪਡੇਟ ਨੂੰ ਪੂਰਾ ਕਰਨ ਲਈ ਵੀ ਕਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਆਧਾਰ ਕਾਰਡ ਅੱਪਡੇਟ ਕਰਨ ਲਈ ਵੱਖ-ਵੱਖ ਪਿੰਡਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ। ਇਹ ਕੈਂਪ 11 ਮਾਰਚ ਤੋਂ ਸ਼ੁਰੂ ਕਰਕੇ ਦੋ ਦਰਜਨ ਦੇ ਕਰੀਬ ਪਿੰਡਾਂ ਵਿੱਚ ਲਗਾਏ ਗਏ ਸਨ। ਪਿੰਡ ਪੱਧਰ ‘ਤੇ ਆਧਾਰ ਅੱਪਡੇਟ ਕਰਨਾ ਇਸ ਮੁਹਿੰਮ ਦੀ ਵਿਸ਼ੇਸ਼ਤਾ ਹੈ।
ਸ਼੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਸਰਕਾਰ ਵੱਲੋਂ ਇਨ੍ਹਾਂ ਕੈਂਪਾਂ ਰਾਹੀਂ ਲੋਕਾਂ ਦੇ ਘਰ-ਘਰ ਪਹੁੰਚ ਕੇ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਅਜਿਹੇ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ।
