17/10/2026
Punjab Bandh: ‘ਪੰਜਾਬ ਬੰਦ’ ਦੌਰਾਨ ਬਾਜ਼ਾਰ ਅਤੇ ਸਕੂਲ ਬੰਦ; ਸੜਕਾਂ ਜਾਮ

ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਪਰਿਵਾਰ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਤੋਂ ਬਾਅਦ ਵੀਰਵਾਰ ਸਵੇਰੇ 6 ਵਜੇ ਪੰਜਾਬ ਬੰਦ ਸ਼ੁਰੂ ਹੋ ਗਿਆ, ਜਿਸ ਦੌਰਾਨ ਕਿਸਾਨਾਂ ਨੇ ਸੂਬੇ ਭਰ ਵਿੱਚ ਕਈ ਥਾਵਾਂ ‘ਤੇ ਸੜਕਾਂ ਜਾਮ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।

ਪ੍ਰਦਰਸ਼ਨਕਾਰੀ ਐਂਬੂਲੈਂਸਾਂ ਅਤੇ ਹੋਰ ਐਮਰਜੈਂਸੀ ਵਾਹਨਾਂ ਨੂੰ ਲੰਘਣ ਦੀ ਇਜਾਜ਼ਤ ਦੇ ਰਹੇ ਹਨ। ਬੰਦ ਦਾ ਸੱਦਾ ਸਵੇਰੇ 6 ਵਜੇ ਤੋਂ ਸ਼ਾਮ 5 ਵਜੇ ਤੱਕ ਦਿੱਤਾ ਗਿਆ ਹੈ।

ਝੋਟਾ ਦੇ ਪਿਤਾ ਸਾਬਕਾ ਫੌਜੀ ਭੀਮ ਸਿੰਘ ਨੇ ਅੱਜ ਸਵੇਰੇ ਇੱਕ ਨਵੀਂ ਅਪੀਲ ਕਰਦਿਆਂ ਇਨਸਾਫ਼ ਪਸੰਦ ਲੋਕਾਂ ਨੂੰ ਸੜਕਾਂ ‘ਤੇ ਆਉਣ ਅਤੇ ਪਿਛਲੇ ਕੁਝ ਘੰਟਿਆਂ ਦੌਰਾਨ ਕੁਝ ਥਾਵਾਂ ‘ਤੇ ਪਏ ਮੀਂਹ ਅਤੇ ਗੜੇਮਾਰੀ ਦੇ ਬਾਵਜੂਦ ਬੰਦ ਨੂੰ ਸਫ਼ਲ ਬਣਾਉਣ ਦੀ ਬੇਨਤੀ ਕੀਤੀ। ਕਈ ਕਿਸਾਨ ਜਥੇਬੰਦੀਆਂ, ਸਿਆਸੀ ਪਾਰਟੀਆਂ ਅਤੇ ਵਪਾਰਕ ਸੰਗਠਨਾਂ ਨੇ ਬੰਦ ਦੇ ਸੱਦੇ ਨੂੰ ਸਮਰਥਨ ਦਿੱਤਾ ਹੈ। ਕਈ ਨਿੱਜੀ ਵਿਦਿਅਕ ਅਦਾਰਿਆਂ ਨੇ ਵੀ ਅੱਜ ਲਈ ਛੁੱਟੀ ਦਾ ਐਲਾਨ ਕੀਤਾ ਹੈ।

ਹਾਲਾਂਕਿ, ਮਾਲਵਾ ਦੇ ਕੁਝ ਜ਼ਿਲ੍ਹਿਆਂ ਵਿੱਚ ਸਵੇਰੇ 8 ਵਜੇ ਤੱਕ ਬੰਦ ਦਾ ਬਹੁਤ ਘੱਟ ਅਸਰ ਦੇਖਣ ਨੂੰ ਮਿਲਿਆ। ਇਸ ਦੌਰਾਨ, ਝੋਟਾ ਦੀ ਮ੍ਰਿਤਕ ਦੇਹ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਪਈ ਹੈ, ਜਿਸ ਦਾ ਪੋਸਟਮਾਰਟਮ ਅਜੇ ਹੋਣਾ ਬਾਕੀ ਹੈ। ਪਰਿਵਾਰ ਨੇ ਅਜੇ ਤੱਕ ਇਸ ਲਈ ਸਹਿਮਤੀ ਨਹੀਂ ਦਿੱਤੀ ਹੈ।

ਇਸ ਮਾਮਲੇ ਵਿੱਚ ਇਨਸਾਫ਼ ਦੀ ਮੰਗ ਲਈ ਬਣਾਈ ਗਈ ਐਕਸ਼ਨ ਕਮੇਟੀ ਨੇ ਲੋਕਾਂ ਨੂੰ ਬੰਦ ਦੌਰਾਨ ਅਮਨ-ਸ਼ਾਂਤੀ ਬਣਾਏ ਰੱਖਣ ਅਤੇ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ। ਇਸ ਨੇ ਪ੍ਰਸ਼ਾਸਨ ਨੂੰ ਇਹ ਵੀ ਸੂਚਿਤ ਕੀਤਾ ਹੈ ਕਿ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਵਾਲੇ ਕਿਸੇ ਵੀ ਵਿਅਕਤੀ ਨਾਲ ਕਾਨੂੰਨ ਅਨੁਸਾਰ ਸਖ਼ਤੀ ਨਾਲ ਨਜਿੱਠਿਆ ਜਾਵੇ।

ਪਰਿਵਾਰ ਅਤੇ ਐਕਸ਼ਨ ਕਮੇਟੀ ਦੀਆਂ ਮੁੱਖ ਮੰਗਾਂ ਵਿੱਚ ਮੁੱਖ ਮੰਤਰੀ ਅਤੇ ਡਾਇਰੈਕਟਰ ਜਨਰਲ ਆਫ਼ ਪੁਲੀਸ (ਡੀਜੀਪੀ) ਦਾ ਅਸਤੀਫ਼ਾ, ਕਤਲ ਦੀ ਸੀਬੀਆਈ ਜਾਂਚ, ਅਤੇ ਸਬੰਧਤ ਜ਼ਿਲ੍ਹਾ ਡਰੱਗ ਇੰਸਪੈਕਟਰ, ਐਸਐਸਪੀ, ਡੀਐਸਪੀ ਅਤੇ ਥਾਣਾ ਮੁਖੀ (ਐਸਐਚਓ) ਨੂੰ ਬਰਖ਼ਾਸਤ ਕਰਨਾ ਸ਼ਾਮਲ ਹੈ। ਉਨ੍ਹਾਂ ਪ੍ਰਦਰਸ਼ਨਾਂ ਦੇ ਸਬੰਧ ਵਿੱਚ ਹਿਰਾਸਤ ਵਿੱਚ ਲਏ ਗਏ ਲੋਕਾਂ ਨੂੰ ਰਿਹਾਅ ਕਰਨ ਦੀ ਵੀ ਮੰਗ ਕੀਤੀ ਹੈ।

ਇਸ ਤੋਂ ਇਲਾਵਾ, ਉਹ ਪੀਜੀਆਈਐਮਈਆਰ (PGIMER), ਚੰਡੀਗੜ੍ਹ ਦੇ ਡਾਕਟਰਾਂ ਦੇ ਪੈਨਲ ਤੋਂ ਪੋਸਟਮਾਰਟਮ ਕਰਵਾਉਣ ਦੀ ਮੰਗ ਕਰ ਰਹੇ ਹਨ।

ਪਰਵਿੰਦਰ ਝੋਟਾ ਦੀ ਮੰਗਲਵਾਰ ਨੂੰ ਮਾਨਸਾ ਸ਼ਹਿਰ ਵਿੱਚ ਇੱਕ ਮੈਡੀਕਲ ਸਟੋਰ ‘ਤੇ ਨਸ਼ਿਆਂ ਨੂੰ ਲੈ ਕੇ ਕੈਮਿਸਟ ਨਾਲ ਹੋਈ ਬਹਿਸ ਤੋਂ ਬਾਅਦ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਹ ਘਟਨਾ ਝੋਟਾ ਦੇ ਫੇਸਬੁੱਕ ਪੇਜ ‘ਤੇ ਲਾਈਵ ਸਟ੍ਰੀਮ ਕੀਤੀ ਗਈ ਸੀ, ਜਿਸ ਨਾਲ ਭਾਰੀ ਰੋਸ ਫੈਲ ਗਿਆ। ਇਸ ਘਟਨਾ ਵਿੱਚ ਚਾਰ ਹੋਰ ਵੀ ਜ਼ਖ਼ਮੀ ਹੋ ਗਏ।

ਇਸ ਦੌਰਾਨ ਪੁਲੀਸ ਨੇ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ, ਜੋ ਕਿ ਮੈਡੀਕਲ ਸਟੋਰ ਦਾ ਮਾਲਕ ਹੈ, ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਭੜਕੀ ਭੀੜ ਨੇ ਉਸ ਦੀ ਦੁਕਾਨ ਢਾਹ ਦਿੱਤੀ ਅਤੇ ਉਸ ਨੂੰ ਅੱਗ ਲਗਾ ਦਿੱਤੀ, ਜਦੋਂ ਕਿ ਸਿਵਲ ਪ੍ਰਸ਼ਾਸਨ ਨੇ ਮਾਨਸਾ ਵਿੱਚ ਉਸ ਦੇ ਘਰ ਦਾ ਅਗਲਾ ਹਿੱਸਾ ਗ਼ੈਰ-ਕਾਨੂੰਨੀ ਉਸਾਰੀ ਦੀ ਪੁਰਾਣੀ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਢਾਹ ਦਿੱਤਾ।

ਉਧਰ ਪਰਿਵਾਰ ਅਤੇ ਜਥੇਬੰਦੀਆਂ ਵੱਲੋਂ ਦਿੱਤੇ ਜਾ ਰਹੇ ਧਰਨੇ ਵਾਲੀ ਥਾਂ ’ਤੇ ਮੀਂਹ ਦਾ ਪਾਣੀ ਭਰ ਗਿਆ ਹੈ, ਇਹ ਧਰਨਾ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਨੇੜੇ ਦਿੱਤਾ ਜਾ ਰਿਹਾ ਹੈ। ਟੈਂਟ ਅਤੇ ਦਰੀਆਂ ਗਦੇਲੇ ਮੀਂਹ ਦੇ ਪਾਣੀ ਵਿੱਚ ਤਰ ਗਏ ਹਨ।

ਐਕਸ਼ਨ ਕਮੇਟੀ ਨੇ ਇਸ ਸਬੰਧੀ ਮੀਟਿੰਗ ਕਰਕੇ ਤਰੁੰਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਪਾਣੀ ਕੱਢਣ ਦੀ ਬੇਨਤੀ ਕੀਤੀ ਗਈ ਹੈ। ਪਰਮਿੰਦਰ ਸਿੰਘ ਝੋਟੇ ਦੇ ਪਿਤਾ ਭਾਈ ਭੀਮ ਸਿੰਘ ਫੌਜੀ ਨੇ ਡਿਪਟੀ ਕਮਿਸ਼ਨਰ, ਨਗਰ ਕੌਂਸਲ ਦੇ ਪ੍ਰਧਾਨ ਨੂੰ ਪਾਣੀ ਕੱਢਣ ਲਈ ਬੇਨਤੀ ਕੀਤੀ ਹੈ ਤਾਂ ਜੋ ਦਿਨ ਵੇਲੇ ਧਰਨੇ ਨੂੰ ਚਲਾਇਆ ਜਾ ਸਕੇ। -ਅਰਚਿਤ ਵਾਟਸ, ਜੋਗਿੰਦਰ ਮਾਨ

ਬੈਨਰ ਹਟਾਉਂਦੇ ਸਮੇਂ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ

October 15, 2026 3:49 pm

ਇੱਕ ਮੰਦਭਾਗੀ ਘਟਨਾ ਵਿੱਚ ਜਮਾਲਪੁਰ, ਚੰਡੀਗੜ੍ਹ ਰੋਡ ਲੁਧਿਆਣਾ ਵਿਖੇ ਰੋਸ ਪ੍ਰਦਰਸ਼ਨ ਦੌਰਾਨ ਇੱਕ ਬੈਨਰ ਹਟਾਉਂਦੇ ਸਮੇਂ ਕਰੰਟ ਲੱਗਣ ਕਾਰਨ ਲਗਪਗ 23-24 ਸਾਲ ਦੀ ਉਮਰ ਦੇ ਜਸਨਦੀਪ ਸਿੰਘ ਨਾਮ ਦੇ ਨੌਜਵਾਨ ਦੀ ਮੌਤ ਹੋ ਗਈ। ਬੈਨਰ ਹਟਾਉਂਦੇ ਸਮੇਂ ਮ੍ਰਿਤਕ ਨੇ ਇੱਕ ਲੋਹੇ ਦੀ ਰਾਡ ਲਗਾਈ ਹੋਈ ਸੀ, ਜੋ ਅਚਾਨਕ ਉੱਪਰੋਂ ਲੰਘਦੀ 11,000 ਵੋਲਟ ਦੀ ਹਾਈ-ਟੈਂਸ਼ਨ ਬਿਜਲੀ ਦੀ ਤਾਰ ਨਾਲ ਛੂਹ ਗਈ, ਜਿਸ ਦੇ ਨਤੀਜੇ ਵਜੋਂ ਉਸ ਦੀ ਮੌਤ ਹੋ ਗਈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੌਕੇ ‘ਤੇ ਸਥਿਤੀ ਸ਼ਾਂਤਪੂਰਨ ਹੈ। -ਸ਼ਿਵਾਨੀ ਭਾਕੂ

ਭਦੌੜ ਵਿਖੇ ਪਰਮਿੰਦਰ ਝੋਟੇ ਨੂੰ ਇਨਸਾਫ਼ ਦਿਵਾਉਣ ਲਈ ਜਥੇਬੰਦੀਆਂ ਵੱਲੋਂ ਲਗਾਇਆ ਗਿਆ ਧਰਨਾ

October 15, 2026 3:49 pm

ਪਰਮਿੰਦਰ ਝੋਟੇ ਨੂੰ ਇਨਸਾਫ਼ ਦਿਵਾਉਣ ਲਈ ਇਨਸਾਫ਼ ਪਸੰਦ ਜਥੇਬੰਦੀਆਂ ਵੱਲੋਂ ਅੱਜ ਇੱਥੋਂ ਦੇ ਤਿੰਨਕੋਣੀ ਚੌਕ ਵਿਖੇ ਧਰਨਾ ਲਾਇਆ ਗਿਆ ਅਤੇ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਤਰਕਸ਼ੀਲ ਆਗੂ ਰਾਜਿੰਦਰ ਭਦੌੜ, ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮਾਨ, ਮਾਸਟਰ ਗੁਰਮੇਲ ਭੁਟਾਲ, ਅਮਰਜੀਤ ਜੀਤਾ, ਓਂਕਾਰ ਸਿੰਘ ਬਰਾੜ ਅਤੇ ਜਗਸੀਰ ਸਿੰਘ ਜੱਗੀ ਨੇ ਕਿਹਾ ਕਿ ਪਰਵਿੰਦਰ ਝੋਟੇ ਨੇ ਮਾਨਸਾ ਵਿੱਚ ਨਸ਼ੇ ਦੀਆਂ ਗੋਲੀਆਂ ਵੇਚਣ ਵਾਲਿਆਂ ਖ਼ਿਲਾਫ਼ ਇੱਕ ਮੁਹਿੰਮ ਚਲਾਈ ਸੀ ਅਤੇ ਉਹ ਇਕੱਲਾ ਹੀ ਲੜ ਰਿਹਾ ਸੀ, ਪਰ ਸਰਕਾਰ ਤੇ ਪੁਲੀਸ ਨੂੰ ਇਹ ਗੱਲ ਹਜ਼ਮ ਨਹੀਂ ਆ ਰਹੀ ਸੀ। ਅੰਤ ਉਸ ਨੂੰ ਨਸ਼ੇ ਦੇ ਸੌਦਾਗਰ ਮੈਡੀਕਲ ਸਟੋਰ ਦੇ ਮਾਲਕ ਹੱਥੋਂ ਜਾਨ ਗਵਾਉਣੀ ਪੈ ਗਈ।-ਰਾਜਿੰਦਰ ਵਰਮਾ

ਭੁੱਚੋ ਮੰਡੀ ਵਿੱਚ ਬਾਜ਼ਾਰ ਸੌ ਫ਼ੀਸਦੀ ਬੰਦ, ‘ਵਾਰਿਸ ਪੰਜਾਬ ਦੇ’ ਵਰਕਰਾਂ ਨੇ ਟੌਲ ਪਲਾਜ਼ਾ ਕੀਤਾ ਪਰਚੀ ਮੁਕਤ

October 15, 2026 3:49 pm

ਨਸ਼ਿਆਂ ਖ਼ਿਲਾਫ਼ ਜੰਗ ਲੜਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਤਹਿਤ ਅੱਜ ਇਲਾਕੇ ਵਿੱਚ ਪੂਰਨ ਬੰਦ ਰਿਹਾ ਅਤੇ ਸ਼ਹਿਰ ਵਿੱਚ ਦੁਕਾਨਾਂ ਸੌ ਫ਼ੀਸਦੀ ਬੰਦ ਰਹੀਆਂ। ਇਸ ਦੌਰਾਨ ‘ਵਾਰਿਸ ਪੰਜਾਬ ਦੇ’ ਦੀ ਭੈਣੀ ਇਕਾਈ ਦੇ ਪ੍ਰਧਾਨ ਕੁਲਦੀਪ ਸਿੰਘ ਭੈਣੀ ਅਤੇ ਅਮਨਦੀਪ ਸਿੰਘ ਮਾੜੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਰਕਰਾਂ ਨੇ ਕੌਮੀ ਮਾਰਗ ਦੇ ਲਹਿਰਾ ਬੇਗਾ ਟੌਲ ਪਲਾਜ਼ਾ ’ਤੇ ਧਰਨਾ ਦੇ ਕੇ ਉਸ ਨੂੰ ਪਰਚੀ ਮੁਕਤ ਕਰ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨੂੰ ਪੂਰਾ ਇਨਸਾਫ਼ ਅਤੇ ਕਾਤਿਲ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।-ਪੱਤਰ ਪ੍ਰੇਰਕ

‘ਵਾਰਿਸ ਪੰਜਾਬ ਦੇ’ ਵੱਲੋਂ ਪਰਵਿੰਦਰ ਸਿੰਘ ਝੋਟਾ ਦੇ ਕਤਲ ਵਿਰੁੱਧ ਮੁਹਾਲੀ ਵਿੱਚ ਬੰਦ ਲਈ ਲੋਕਾਂ ਨੂੰ ਕੀਤਾ ਗਿਆ ਪ੍ਰੇਰਿਤ

October 15, 2026 3:49 pm

ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ਵਿੱਚ ਅਤੇ ਨਸ਼ਿਆਂ ਦੇ ਪਸਾਰ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਅੱਜ ‘ਵਾਰਿਸ ਪੰਜਾਬ ਦੇ’ ਦੇ ਦਫ਼ਤਰ ਸਕੱਤਰ (ਪੁਆਧ ਜ਼ੋਨ) ਸ਼ਿਵਚਰਨ ਸਿੰਘ ਭੰਗੂ, ਜਤਿਨ ਸਿੰਘ ਤਰਨਾ ਦਲ, ਯੂਥ ਆਗੂ ਦੀਪ ਅਤੇ ਪਾਰਟੀ ਦੇ ਹੋਰ ਕਾਰਕੁਨਾਂ ਵੱਲੋਂ ਮੋਹਾਲੀ ਵਿਖੇ ਲੋਕਾਂ ਨੂੰ ਸ਼ਾਂਤਮਈ ਢੰਗ ਨਾਲ ਬੰਦ ਵਿੱਚ ਸ਼ਮੂਲੀਅਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਲੋਕਾਂ ਨੂੰ ਨਸ਼ਿਆਂ ਦੇ ਸੌਦਾਗਰਾਂ ਵਿਰੁੱਧ ਇਕਜੁੱਟ ਹੋਣ ਅਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਸਾਂਝੇ ਯਤਨ ਕਰਨ ਦਾ ਸੱਦਾ ਦਿੱਤਾ ਗਿਆ।-ਖੇਤਰੀ ਪ੍ਰਤੀਨਿਧ, ਮੁਹਾਲੀ

‘ਪਰਮਿੰਦਰ ਸਿੰਘ ਝੋਟਾ ਅਮਰ ਰਹੇ’ ਦੇ ਨਾਅਰਿਆਂ ਨਾਲ ਗੂੰਜਿਆ ਅਮਰਗੜ੍ਹ

October 15, 2026 3:42 pm

ਨਸ਼ਿਆਂ ਖ਼ਿਲਾਫ਼ ਲੜਨ ਵਾਲੇ ਪਰਮਿੰਦਰ ਸਿੰਘ ਝੋਟਾ ਦੇ ਕਤਲ ਮਗਰੋਂ ਐਕਸ਼ਨ ਕਮੇਟੀ ਵੱਲੋਂ ਦਿੱਤੀ ‘ਪੰਜਾਬ ਬੰਦ’ ਦੀ ਕਾਲ ਦੇ ਸਮਰਥਨ ਵਿੱਚ ਅਮਰਗੜ੍ਹ ਬਾਜ਼ਾਰ ਪੂਰਨ ਤੌਰ ’ਤੇ ਬੰਦ ਰਿਹਾ। ‘ਪਰਮਿੰਦਰ ਝੋਟਾ ਅਮਰ ਰਹੇ’ ਅਤੇ ‘ਪੰਜਾਬ ਸਰਕਾਰ ਮੁਰਦਾਬਾਦ’ ਦੇ ਨਾਅਰਿਆਂ ਨਾਲ ‘ਵਾਰਿਸ ਪੰਜਾਬ ਦੇ’ ਵੱਲੋਂ ਹਲਕਾ ਇੰਚਾਰਜ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਵਿੱਚ ਰੋਸ ਮਾਰਚ ਕੱਢਿਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਝੂੰਦਾਂ ਨੇ ਜਿੱਥੇ ਨਸ਼ਿਆਂ ਖ਼ਿਲਾਫ਼ ਰੋਸ ਵਜੋਂ ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ ਕਰਨ ਲਈ ਸਾਰਿਆਂ ਦਾ ਧੰਨਵਾਦ ਕੀਤਾ, ਉੱਥੇ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਨਸ਼ਿਆਂ ਵਿਰੁੱਧ ਛੇੜੇ ਯੁੱਧ ਨੂੰ ਮਹਿਜ਼ ਡਰਾਮੇਬਾਜ਼ੀ ਆਖਦਿਆਂ ਕਿਹਾ ਕਿ ਵੱਡੇ-ਵੱਡੇ ਦਾਅਵੇ ਕਰਨ ਵਾਲੀ ਸਰਕਾਰ ਪੰਜਾਬ ਵਿੱਚੋਂ ਨਸ਼ਾ ਰੋਕਣ ਵਿੱਚ ਬਿਲਕੁਲ ਫ਼ੇਲ੍ਹ ਸਾਬਤ ਹੋਈ ਹੈ।-ਸੁਖਵਿੰਦਰ ਸਿੰਘ ਅਟਵਾਲ

ਪੇਂਡੂ ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਕਰਤਾਰਪੁਰ ਬੰਦ

October 15, 2026 3:42 pm

ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਪਰਮਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਇਨਸਾਫ਼ ਦੇਣ ਦੀ ਮੰਗ ਨੂੰ ਲੈ ਕੇ ਕਰਤਾਰਪੁਰ ਮੁਕੰਮਲ ਬੰਦ ਰਿਹਾ। ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਇਸਤਰੀ ਜਾਗ੍ਰਿਤੀ ਮੰਚ ਦੇ ਆਗੂਆਂ ਤੇ ਕਾਰਕੁਨਾਂ ਵੱਲੋਂ ਸਵੇਰੇ 7:30 ਵਜੇ ਤੋਂ ਸ਼ਹਿਰ ਵਿੱਚ ਮਾਰਚ ਕੱਢਿਆ ਗਿਆ। ਇਸ ਦੌਰਾਨ ਦੁਕਾਨਦਾਰਾਂ ਅਤੇ ਹੋਰ ਕਾਰੋਬਾਰੀਆਂ ਨੂੰ ਆਪਣੇ ਕਾਰੋਬਾਰ ਬੰਦ ਰੱਖ ਕੇ ਪਰਮਿੰਦਰ ਸਿੰਘ ਝੋਟੇ ਦੇ ਪਰਿਵਾਰ ਦੇ ਹੱਕ ਵਿੱਚ ਏਕੇ ਦਾ ਸਬੂਤ ਦੇਣ ਦੀ ਅਪੀਲ ਕੀਤੀ ਗਈ।-ਗੁਰਨੇਕ ਸਿੰਘ ਵਿਰਦੀ

ਪੰਜਾਬ ਬੰਦ ਦੇ ਸੱਦੇ ਤਹਿਤ ਪੱਟੀ ਇਲਾਕਾ ਮੁਕੰਮਲ ਬੰਦ ਰਿਹਾ

October 15, 2026 3:42 pm

ਮਾਨਸਾ ਵਿੱਚ ਕਤਲ ਹੋਏ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਤਹਿਤ ਪੱਟੀ ਇਲਾਕਾ ਮੁਕੰਮਲ ਤੌਰ ’ਤੇ ਬੰਦ ਰਿਹਾ। ਇਲਾਕੇ ਅੰਦਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਸਮੇਤ ਹੋਰ ਜਨਤਕ ਅਤੇ ਰਾਜਨੀਤਿਕ ਧਿਰਾਂ ਵੱਲੋਂ ਪੱਟੀ ਇਲਾਕੇ ਅੰਦਰ ਪੂਰਨ ਬੰਦ ਦਾ ਸਮਰਥਨ ਕੀਤਾ ਗਿਆ। ਪੱਟੀ ਸ਼ਹਿਰ ਅੰਦਰ ਬੰਦ ਦਾ ਅਸਰ ਸੌ ਫ਼ੀਸਦੀ ਦਿਖਾਈ ਦਿੱਤਾ। ਬੰਦ ਦੇ ਦੌਰਾਨ ਬੱਸਾਂ ਦੀ ਆਵਾਜਾਈ ਵੀ ਠੱਪ ਰਹੀ। ਇਲਾਕੇ ਅੰਦਰ ਸਾਰੇ ਬੈਂਕਾਂ ਵਿੱਚ ਵਿੱਤੀ ਲੈਣ-ਦੇਣ ਬੰਦ ਰਿਹਾ। ਮੈਡੀਕਲ ਸਟੋਰ ਅਤੇ ਹੋਰ ਵਪਾਰਕ ਅਦਾਰੇ ਮੁਕੰਮਲ ਤੌਰ ’ਤੇ ਬੰਦ ਰਹੇ।-ਬੇਅੰਤ ਸਿੰਘ ਸੰਧੂ, ਪੱਤਰ ਪ੍ਰੇਰਕ

ਪਟਿਆਲਾ ਵਿੱਚ ਬੰਦ ਦਾ ਰਿਹਾ ਮਿਲਿਆ-ਜੁਲਿਆ ਅਸਰ; ਵਪਾਰ ਮੰਡਲ ਦੇ ਪ੍ਰਧਾਨ ਵੱਲੋਂ ਬੰਦ ਦਾ ਵਿਰੋਧ

October 15, 2026 3:42 pm

ਪਟਿਆਲਾ ਜ਼ਿਲ੍ਹੇ ਵਿੱਚ ਬੰਦ ਦਾ ਰਲਵਾਂ-ਮਿਲਵਾਂ ਅਸਰ ਹੋਇਆ। ਖ਼ਾਸ ਕਰਕੇ ਸਮਾਣਾ, ਸਨੌਰ ਅਤੇ ਦਿਹਾਤੀ ਖੇਤਰਾਂ ਵਿੱਚ ਬੰਦ ਨੂੰ ਸਮਰਥਨ ਮਿਲਿਆ। ‘ਵਾਰਿਸ ਪੰਜਾਬ ਦੇ’ ਵੱਲੋਂ ਵੱਖਰੇ ਪ੍ਰਦਰਸ਼ਨਾਂ ਦੀ ਖ਼ਬਰ ਪਟਿਆਲਾ ਦਿਹਾਤੀ ਤੋਂ ਸਾਹਮਣੇ ਆਈ ਹੈ, ਜਿੱਥੇ ‘ਵਾਰਿਸ ਪੰਜਾਬ ਦੇ’ ਪਾਰਟੀ ਵੱਲੋਂ ਸਤਵਿੰਦਰ ਸਿੰਘ ਟੌਹੜਾ ਦੀ ਅਗਵਾਈ ਵਿੱਚ ਰੋਹਟੀ ਦੇ ਪੁਲਾਂ ਕੋਲ ਜਾਮ ਵੀ ਲਗਾਇਆ ਗਿਆ ਅਤੇ ਪ੍ਰਦਰਸ਼ਨ ਵੀ ਕੀਤਾ ਗਿਆ। ਇਸੇ ਤਰ੍ਹਾਂ ਅਕਾਲੀ ਦਲ ਅੰਮ੍ਰਿਤਸਰ ਅਤੇ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਸੂਬਾ ਪੱਧਰ ਉੱਤੇ ਬੰਦ ਦੀ ਹਮਾਇਤ ਕਰਨ ਦੇ ਬਾਵਜੂਦ ਪਟਿਆਲਾ ਵਿੱਚ ਉਨ੍ਹਾਂ ਵੱਲੋਂ ਵੱਖਰੇ ਬੰਦ ਦਾ ਪ੍ਰਦਰਸ਼ਨ ਕਰਨ ਦੀ ਕੋਈ ਵੀ ਘਟਨਾ ਸਾਹਮਣੇ ਨਹੀਂ ਆਈ। ਦੂਜੇ ਪਾਸੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪਟਿਆਲਾ ਜ਼ਿਲ੍ਹਾ ਪ੍ਰਧਾਨ ਰਾਕੇਸ਼ ਗੁਪਤਾ ਨੇ ਝੋਟਾ ਦੇ ਕਤਲ ਨੂੰ ਦੁਖਦਾਈ ਦੱਸਦਿਆਂ ਬੰਦ ਦੇ ਸੱਦੇ ਦਾ ਵਿਰੋਧ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਤਿਉਹਾਰਾਂ ਅਤੇ ਨਰਾਤਿਆਂ ਦੌਰਾਨ ਦੁਕਾਨਾਂ ਬੰਦ ਕਰਨ ਨਾਲ ਵਪਾਰੀਆਂ ਨੂੰ ਆਰਥਿਕ ਨੁਕਸਾਨ ਹੋਵੇਗਾ। ਉਨ੍ਹਾਂ ਨੇ ਦੁਕਾਨਦਾਰਾਂ ਨੂੰ ਕਾਰੋਬਾਰ ਖੁੱਲ੍ਹੇ ਰੱਖਣ ਦੀ ਅਪੀਲ ਕੀਤੀ। -ਗੁਰਨਾਮ ਸਿੰਘ ਅਕੀਦਾ

ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਪਾਤੜਾਂ ’ਚ ਧਰਨਾ; ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ਕੀਤਾ ਜਾਮ

October 15, 2026 3:42 pm

ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਪੰਜਾਬ ਬੰਦ ਦੇ ਸੱਦੇ ਤਹਿਤ ਅੱਜ ਪਾਤੜਾਂ ਦੇ ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ’ਤੇ ਸ਼ਹੀਦ ਭਗਤ ਸਿੰਘ ਚੌਂਕ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੇ ਸਾਂਝੇ ਤੌਰ ’ਤੇ ਧਰਨਾ ਦਿੱਤਾ, ਜਿਸ ਕਾਰਨ ਉਕਤ ਮਾਰਗ ਪੂਰੀ ਤਰ੍ਹਾਂ ਬੰਦ ਰਿਹਾ। ਧਰਨਾਕਾਰੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਅਤੇ ਮੁਲਜ਼ਮਾਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ। ਇਸੇ ਦੌਰਾਨ ਪਾਤੜਾਂ ਸ਼ਹਿਰ ਮੁਕੰਮਲ ਬੰਦ ਰਿਹਾ।-ਗੁਰਨਾਮ ਸਿੰਘ ਚੌਹਾਨ

ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਮਹਿਲ ਕਲਾਂ ’ਚ ਧਰਨਾ

October 15, 2026 3:42 pm

ਸਮਾਜਿਕ ਕਾਰਕੁਨ ਅਤੇ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਪੰਜਾਬ ਬੰਦ ਦੇ ਸੱਦੇ ਤਹਿਤ ਅੱਜ ਕਸਬਾ ਮਹਿਲ ਕਲਾਂ ਦੇ ਬੱਸ ਸਟੈਂਡ ਨੇੜੇ ਲੁਧਿਆਣਾ-ਬਰਨਾਲਾ ਮੁੱਖ ਮਾਰਗ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਦੇ ਬਲਾਕ ਮਹਿਲ ਕਲਾਂ ਵੱਲੋਂ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ, ਜਿਸ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਧਰਨਾਕਾਰੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਅਤੇ ਮੁਲਜ਼ਮਾਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ।-ਪਰਸ਼ੋਤਮ ਬੱਲੀ

ਪੰਜਾਬ ਬੰਦ ਦਾ ਅਸਰ ਘਨੌਲੀ ਵਿਖੇ ਘੱਟ, ਸਮੁੱਚਾ ਬਾਜ਼ਾਰ ਖੁੱਲਾ

October 15, 2026 2:07 pm

ਅੱਜ ਜਿੱਥੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਉਪਰੰਤ ਦਿੱਤੇ ਸੱਦੇ ਦੇ ਮੱਦੇਨਜ਼ਰ ਪੂਰਾ ਪੰਜਾਬ ਬੰਦ ਹੈ ਉੱਥੇ ਹੀ ਅੱਜ ਘਨੌਲੀ ਵਿਖੇ ਸਾਰੀਆਂ ਦੁਕਾਨਾਂ ਖੁੱਲੀਆਂ ਹਨ। ਅੱਜ ਸਵੇਰ ਵੇਲੇ ਬਾਜ਼ਾਰ ਦੀਆਂ ਸਮੁੱਚੀਆਂ ਦੁਕਾਨਾਂ ਬੰਦ ਸਨ। ਪਰ ਜਦੋਂ ਸ਼ਿਵ ਸੈਨਾ ਪ੍ਰਧਾਨ ਸੰਜੀਵ ਘਨੌਲੀ ਨੇ ਆਪਣੀ ਦੁਕਾਨ ਖੋਲੀ ਤਾਂ ਉਸਦੇ ਬਾਅਦ ਹੌਲੀ ਹੌਲੀ ਸਾਰੀਆਂ ਦੁਕਾਨਾਂ ਖੁਲਣੀਆ ਸ਼ੁਰੂ ਹੋ ਗਈਆਂ।ਅੱਜ ਦੁਪਹਿਰ 12 ਵਜੇ ਘਨੌਲੀ ਦਾ ਸਮੁੱਚਾ ਬਾਜ਼ਾਰ ਖੁੱਲ੍ਹਾ ਸੀ, ਜਦੋਂ ਕਿ ਰੂਪਨਗਰ ਜਿਲੇ ਦੇ ਬਾਕੀ ਕਸਬਿਆ ਵਿੱਚ ਬੰਦ ਦਾ ਭਰਵਾਂ ਅਸਰ ਹੈ। -ਜਗਮੋਹਨ ਸਿੰਘ

ਸਕੂਲੀ ਬੱਚਿਆਂ ਨੂੰ ਘਰ ਛੱਡਣ ਮੌਕੇ ਬੱਸਾਂ ਰਸਤਿਆਂ ’ਚ ਫਸੀਆਂ

October 15, 2026 2:04 pm

ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਕਤਲ ਦੇ ਰੋਸ ਵਜੋਂ ਅੱਜ ਪੰਜਾਬ ਬੰਦ ਹੈ ਜਿਸ ਕਾਰਨ ਚੰਡੀਗੜ੍ਹ ਦੇ ਕਈ ਸਕੂਲਾਂ ਨੇ ਜਲਦੀ ਛੁੱਟੀ ਕਰ ਦਿੱਤੀ ਹੈ। ਪਰ ਇਸ ਵੇਲੇ ਖਰੜ, ਬਨੂੜ, ਜ਼ੀਰਕਪੁਰ ਤੇ ਪੰਜਾਬ ਵਿਚ ਹੋਰ ਥਾਵਾਂ ’ਤੇ ਜਾਣ ਵਾਲੇ ਬੱਚਿਆਂ ਦੀਆਂ ਬੱਸਾਂ ਹਾਈਵੇਅ ’ਤੇ ਰੋਕੀਆਂ ਗਈਆਂ ਹਨ। ਜਿਸ ਕਾਰਨ ਵਿਦਿਆਰਥੀ ਖੁਆਰ ਹੋ ਰਹੇ ਹਨ। ਝੋਟਾ ਦੇ ਸਮਰਥਨ ਵਿਚ ਬੰਦ ਕਰਵਾਉਣ ਵਾਲਿਆਂ ਵਲੋਂ ਮੁਹਾਲੀ ਤੋਂ ਖਰੜ, ਮੁਹਾਲੀ ਤੋਂ ਬਨੂੜ ਤੇ ਚੰਡੀਗੜ੍ਹ ਤੋਂ ਜ਼ੀਰਕਪੁਰ ਜਾਂਦੇ ਰਸਤਿਆਂ ’ਤੇ ਆਵਾਜਾਈ ਰੋਕੀ ਗਈ ਹੈ ਜਿਸ ਕਾਰਨ ਸਕੂਲਾਂ ਤੋਂ ਗਈਆਂ ਬੱਸਾਂ ਨੂੰ ਵੀ ਰੋਕ ਲਿਆ ਗਿਆ ਹੈ। ਚੰਡੀਗੜ੍ਹ ਦੇ ਭਵਨ ਵਿਦਿਆਲਿਆ ਸੈਕਟਰ 33 ਵਿਚ ਆਮ ਤੌਰ ’ਤੇ ਛੁੱਟੀ ਦੁਪਹਿਰ1:50 ਵਜੇ ਹੁੰਦੀ ਹੈ ਤੇ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਦੀ ਛੁੱਟੀ ਸਵਾ ਬਾਰਾਂ ਵਜੇ ਹੁੰਦੀ ਹੈ ਪਰ ਅੱਜ ਸਕੂਲ ਨੇ ਪੰਜਾਬ ਬੰਦ ਕਾਰਨ ਦੁਪਹਿਰ 12:15 ਵਜੇ ਸਾਰੀਆਂ ਜਮਾਤਾਂ ਦੀ ਛੁੱਟੀ ਕਰ ਦਿੱਤੀ ਜਿਸ ਕਾਰਨ ਵਿਦਿਆਰਥੀ ਪੰਜਾਬ ਜਾਣ ਵਾਲੀਆਂ ਸੜਕਾਂ ’ਤੇ ਫਸ ਗਏ ਹਨ। ਸਕੂਲ ਦਾ ਤਰਕ ਸੀ ਕਿ ਜੂਨੀਅਰ ਸਕੂਲਾਂ ਦੇ ਬੱਚਿਆਂ ਨੂੰ ਜਲਦੀ ਛੱਡਣ ਵਾਲੀਆਂ ਬੱਸਾਂ ਜੇ ਖਰੜ ਜਾਂ ਹੋਰ ਥਾਵਾਂ ’ਤੇ ਫਸ ਗਈਆਂ ਤਾਂ ਉਹ ਦੂਜੇੇ ਗੇੜੇ ਵਿਚ ਦੁਪਹਿਰ ਡੇਢ ਵਜੇ ਤਕ ਵਾਪਸ ਨਹੀਂ ਆ ਸਕਣਗੀਆਂ, ਇਸ ਕਰ ਕੇ ਸਾਰੇ ਸਕੂਲ ਨੂੰ ਸਵਾ ਬਾਰਾਂ ਵਜੇ ਛੁੱਟੀ ਕਰ ਦਿੱਤੀ ਗਈ। ਇਸੇ ਤਰ੍ਹਾਂ ਸੇਂਟ ਜ਼ੇਵੀਅਰ ਸਕੂਲ ਚੰਡੀਗੜ੍ਹ ਦੀਆਂ ਕਈ ਬੱਸਾਂ ਖਰੜ ਕੋਲ ਫਸ ਗਈਆਂ। ਇਸ ਦੌਰਾਨ ਸਕੂਲ ਬੱਸਾਂ ਵਾਲਿਆਂ ਨੇ ਪੰਜਾਬ ਬੰਦ ਕਰਵਾਉਣ ਵਾਲਿਆਂ ਨੂੰ ਅਪੀਲ ਕੀਤੀ ਕਿ ਸਕੂਲੀ ਬੱਚਿਆਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਤੇ ਕਈ ਥਾਵਾਂ ’ਤੇ ਸਕੂਲਾਂ ਬੱਸਾਂ ਨੂੰ ਲੰਘਾਇਆ ਗਿਆ। ਇਸ ਤੋਂ ਇਲਾਵਾ ਹੋਰ ਕਈ ਸਕੂਲਾਂ ਵਾਲਿਆਂ ਨੇ ਵੀ ‘ਪੰਜਾਬੀ ਟ੍ਰਿਬਿਊਨ’ ਨਾਲ ਅਜਿਹੀ ਸਮੱਸਿਆ ਸਾਂਝੀ ਕੀਤੀ। ਇਸ ਦੇ ਨਾਲ ਹੀ ਜਿਨ੍ਹਾਂ ਬੱਚਿਆਂ ਨੂੰ ਉਨ੍ਹਾਂ ਦੇ ਮਾਪੇ ਸਕੂਲੋਂ ਲਿਆਉਂਦੇ ਹਨ, ਉੁਹ ਵੀ ਇਸ ਵੇਲੇ ਖਰੜ ਤੇ ਕਈ ਹੋਰ ਥਾਵਾਂ ’ਤੇ ਫਸੇ ਹੋਏ ਹਨ। -ਸੁਖਵਿੰਦਰ ਪਾਲ ਸੋਢੀ

ਪੰਜਾਬ ਬੰਦ: ਜਲੰਧਰ ‘ਚ ਕਿਸਾਨ ਆਗੂ ਕਥਿਤ ਤੌਰ ‘ਤੇ ਹਿਰਾਸਤ ‘ਚ ਲਏ ਗਏ

October 15, 2026 1:09 pm

ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦਰਮਿਆਨ, ਸਵੇਰੇ 10 ਵਜੇ ਸ਼ੁਰੂ ਹੋਣ ਵਾਲੇ ਉਲੀਕੇ ਗਏ ਰੋਸ ਪ੍ਰਦਰਸ਼ਨ ਤੋਂ ਪਹਿਲਾਂ ਵੀਰਵਾਰ ਨੂੰ ਜਲੰਧਰ ਵਿੱਚ ਕਿਸਾਨ ਆਗੂ ਕੁਲਵਿੰਦਰ ਸਿੰਘ ਨੂੰ ਉਨ੍ਹਾਂ ਦੀ ਰਿਹਾਇਸ਼ ‘ਤੇ ਕਥਿਤ ਤੌਰ ‘ਤੇ ਹਿਰਾਸਤ ਵਿੱਚ ਲੈ ਲਿਆ ਗਿਆ। ਰੋਸ ਪ੍ਰਦਰਸ਼ਨ ਤੋਂ ਪਹਿਲਾਂ ਜਾਰੀ ਕੀਤੀ ਗਈ ਇੱਕ ਵੀਡੀਓ ਵਿੱਚ ਕੁਲਵਿੰਦਰ ਸਿੰਘ ਨੇ ਕਿਹਾ ਕਿ ਝੋਟਾ ਦੇ ਕਤਲ ਵਿੱਚ ਇਨਸਾਫ਼ ਦੀ ਮੰਗ ਲਈ ਬੰਦ ਦਾ ਸੱਦਾ ਦਿੱਤਾ ਗਿਆ ਸੀ। ਬਾਅਦ ਵਿੱਚ, ਜਦੋਂ ਕੁਲਵਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੋਆਬਾ ਦੇ ਸੁਖਬੀਰ ਸਿੰਘ ਅਤੇ ਹੋਰ ਸਮਰਥਕਾਂ ਸਮੇਤ ਜਲੰਧਰ-ਅੰਮ੍ਰਿਤਸਰ ਹਾਈਵੇਅ ਦੇ ਨੇੜਲੇ ਇਲਾਕੇ ਵਿੱਚ ਪਹੁੰਚੇ, ਤਾਂ ਉਨ੍ਹਾਂ ਨੂੰ ਮੁੜ ਕਥਿਤ ਤੌਰ ‘ਤੇ ਹਿਰਾਸਤ ਵਿੱਚ ਲੈ ਲਿਆ ਗਿਆ। ਇੱਕ ਵੀਡੀਓ ਸੁਨੇਹੇ ਵਿੱਚ, ਸੁਖਬੀਰ ਸਿੰਘ ਨੇ ਕਥਿਤ ਹਿਰਾਸਤ ਨੂੰ ਲੈ ਕੇ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਦੇ ਕਤਲ ਵਿਰੁੱਧ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈਣਾ ਗ਼ਲਤ ਹੈ। ਉਨ੍ਹਾਂ ਨੂੰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਵੀ ਸੁਣਿਆ ਗਿਆ। ਕੁਲਵਿੰਦਰ ਸਿੰਘ ਨੇ ਵੀ ਕਿਸਾਨ ਆਗੂਆਂ ਵਿਰੁੱਧ ਕੀਤੀ ਕਾਰਵਾਈ ‘ਤੇ ਸਵਾਲ ਚੁੱਕਦਿਆਂ ਪੁੱਛਿਆ ਕਿ ਉਨ੍ਹਾਂ ਨੂੰ ਆਪਣਾ ਰੋਸ ਪ੍ਰਦਰਸ਼ਨ ਕਰਨ ਤੋਂ ਕਿਉਂ ਰੋਕਿਆ ਜਾ ਰਿਹਾ ਹੈ। ਇਸ ਦੌਰਾਨ, ਪੁਲੀਸ ਕਮਿਸ਼ਨਰ ਸਤਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲੀਸ ਨੇ ਇਹ ਯਕੀਨੀ ਬਣਾਇਆ ਹੈ ਕਿ ਹਾਈਵੇਅ ‘ਤੇ ਜਾਮ ਨਾ ਲੱਗੇ ਅਤੇ ਆਵਾਜਾਈ ਵਿੱਚ ਵਿਘਨ ਨੂੰ ਰੋਕਣ ਲਈ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਇੱਕ ਪਾਸੇ ਕਰ ਦਿੱਤਾ ਗਿਆ ਹੈ। ਪੁਲੀਸ ਕਮਿਸ਼ਨਰ ਨੇ ਕਿਹਾ, “ਕੋਈ ਸਮੱਸਿਆ ਨਹੀਂ ਸੀ। ਕਿਸਾਨ ਜਥੇਬੰਦੀਆਂ ਵੀ ਸਾਡੇ ਨਾਲ ਸਹਿਯੋਗ ਕਰ ਰਹੀਆਂ ਹਨ।” ਇਸ ਦੇ ਨਾਲ ਹੀ ਜਲੰਧਰ ਸ਼ਹਿਰ ਦੇ ਭੀੜ ਭੜੱਕੇ ਵਾਲੇ ਬਜ਼ਾਰ ਪੂਰਨ ਤੌਰ ‘ਤੇ ਬੰਦ ਰਹੇ। ਗੁਰੂ ਨਾਨਕ ਚੌਂਕ ਵਿੱਚੋਂ ਪੁਲੀਸ ਨੇ ਕਈ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲੀਸ ਇੰਨ੍ਹਾਂ ਨੁਮਾਇੰਦਿਆਂ ਨੂੰ ਬੱਸਾਂ ਵਿੱਚ ਬਿਠਾ ਕੇ ਲੈ ਗਈ। ਜ਼ਿਲ੍ਹੇ ਦੇ ਕਈ ਕਸਬਿਆਂ ਵਿੱਚ ਦੁਕਾਨਦਾਰਾਂ ਤੇ ਹੋਰ ਕਾਰੋਬਾਰ ਬੰਦ ਰਹੇ ਹਨ। ਜਲੰਧਰ ਸ਼ਹਿਰ ਸਮੇਤ ਨਾਲ ਲੱਗਦੇ ਇਲਾਕਿਆਂ ਨਕੋਦਰ, ਨੂਰਮਹਿਲ ਜੰਡਿਆਲਾ ਮੰਜਕੀ ਵਿੱਚ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਬੰਦ ਦੇ ਸਮਰਥਨ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। -ਆਕਾਂਕਸ਼ਾ ਐੱਨ. ਭਾਰਦਵਾਜ, ਪਾਲ ਸਿੰਘ ਨੌਲੀ

ਮਾਨਸਾ ਵਿੱਚ ਦੁਸ਼ਹਿਰੇ ਦਾ ਤਿਉਹਾਰ ਨਾ ਮਨਾਏ ਜਾਣ ਦਾ ਐਲਾਨ

October 15, 2026 12:12 pm

ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਅਤੇ ਬਣੇ ਹੋਏ ਹਾਲਾਤ ਬਾਰੇ ਚਿੰਤਾਵਾਂ ਦੇ ਮੱਦੇਨਜ਼ਰ ‘ਨਿਊ ਦੁਸ਼ਹਿਰਾ ਕਮੇਟੀ’ ਵੱਲੋਂ ਸਮਾਗਮ ਰੱਦ ਕਰਨ ਦਾ ਫ਼ੈਸਲਾ ਕੀਤੇ ਜਾਣ ਤੋਂ ਬਾਅਦ ਇਸ ਸਾਲ ਮਾਨਸਾ ਵਿੱਚ ਦੁਸ਼ਹਿਰੇ ਦਾ ਤਿਉਹਾਰ ਨਹੀਂ ਮਨਾਇਆ ਜਾਵੇਗਾ। ਇਸ ਸਾਲ ਦੁਸ਼ਹਿਰਾ 20 ਅਕਤੂਬਰ ਨੂੰ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਮਾਨਸਾ ਸ਼ਹਿਰ ਵਿੱਚ ਅੱਜ ਲਗਾਤਾਰ ਤੀਜੇ ਦਿਨ ਵੀ ਬੰਦ ਰੱਖਿਆ ਜਾ ਰਿਹਾ ਹੈ। ਨਿਊ ਦੁਸ਼ਹਿਰਾ ਕਮੇਟੀ ਮਾਨਸਾ ਦੇ ਪ੍ਰਧਾਨ ਪਰਵੀਨ ਕੁਮਾਰ ਗੋਇਲ ਨੇ ਅੱਜ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਫ਼ੈਸਲਾ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਝੋਟਾ ਦੇ ਕਤਲ ਦੇ ਗ਼ਮ ਵਿੱਚ ਲਿਆ ਗਿਆ ਹੈ। ਗੋਇਲ ਨੇ ਕਿਹਾ, “ਹਾਲਾਤ ਠੀਕ ਨਹੀਂ ਹਨ। ਸਾਨੂੰ ਹਮੇਸ਼ਾ ਸਮਾਗਮ ਵਿੱਚ ਵੱਡੇ ਇਕੱਠ ਦੀ ਉਮੀਦ ਹੁੰਦੀ ਹੈ। ਪ੍ਰਸ਼ਾਸਨ ਪਹਿਲਾਂ ਹੀ ਖ਼ਦਸ਼ੇ ਵਿੱਚ ਹੈ, ਅਤੇ ਜੇ ਕੁਝ ਗੜਬੜ ਹੁੰਦੀ ਹੈ ਤਾਂ ਉਹ ਸਾਨੂੰ ਗ੍ਰਿਫ਼ਤਾਰ ਕਰ ਲੈਣਗੇ।” ਝੋਟਾ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਗੋਇਲ ਨੇ ਕਿਹਾ ਕਿ ਇਹ ਕਾਰਕੁਨ ਨਸ਼ਿਆਂ ਵਿਰੁੱਧ ਕੰਮ ਕਰ ਰਿਹਾ ਸੀ ਅਤੇ ਉਸ ਨੇ ਕਿਸੇ ਨੂੰ ਪਰੇਸ਼ਾਨ ਨਹੀਂ ਕੀਤਾ ਸੀ।

ਪਰਵਿੰਦਰ ’ਤੇ ਗੋਲੀ ਚਲਾਉਣ ਵਾਲੇ ਅਸ਼ਵਨੀ ਦੀ ਪਤਨੀ ਸਮੇਤ ਤਿੰਨ ਨਾਮਜ਼ਦ

October 15, 2026 11:33 am

ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ’ਚ ਮਾਨਸਾ ਪੁਲੀਸ ਨੇ ਮੁੱਖ ਮੁਲਜ਼ਮ ਮੈਡੀਕਲ ਦੁਕਾਨਦਾਰ ਅਸ਼ਵਨੀ ਕੁਮਾਰ ਸਮੇਤ ਉਸਦੀ ਪਤਨੀ ਨੀਲਮ ਰਾਣੀ ਨੂੰ ਵੀ ਨਾਮਜ਼ਦ ਕੀਤਾ ਹੈ। ਇਸ ਤੋਂ ਇਲਾਵਾ ਲਾਡੀ ਬਰਨਾਲਾ ਅਤੇ ਵਿਪਨ ਗਰਗ ‘ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਅਸ਼ਵਨੀ ਕੁਮਾਰ ਨੇ ਜਦੋਂ ਦੁਕਾਨ ‘ਤੇ ਪਰਵਿੰਦਰ ਸਿੰਘ ਝੋਟਾ ਤੇ ਗੋਲੀ ਚਲਾਈ, ਉਸ ਤੋਂ ਪਹਿਲਾਂ ਉਸ ਨੇ ਮੋਬਾਈਲ ਫੋਨ ਤੇ ਆਪਣੇ ਕਿਸੇ ਪਰਿਵਾਰਕ ਮੈਂਬਰ ਨਾਲ ਗੱਲਬਾਤ ਕੀਤੀ ਤੇ ਨਾਲ ਹੀ ਪਰਵਿੰਦਰ ਝੋਟਾ ‘ਤੇ ਗੋਲੀਆਂ ਵਰਾ ਦਿੱਤੀਆਂ। ਬਾਅਦ ਵਿੱਚ ਉਸ ਨੇ ਬਾਜ਼ਾਰ ਵਿਚ ਵੀ ਭੱਜੇ ਜਾਂਦੇ ਪਰਵਿੰਦਰ ਝੋਟਾ ਤੇ ਉਸਦੇ ਸਾਥੀਆਂ ਤੇ ਗੋਲੀਆਂ ਚਲਾਈਆਂ। ਜਾਣਕਾਰੀ ਅਨੁਸਾਰ ਕਈ ਵਿਅਕਤੀਆਂ ਨੇ ਦੁਕਾਨਦਾਰ ਨੂੰ ਉਸ ਦਾ ਨਾਂ ਲੈ ਕੇ ਰੋਕਿਆ ਵੀ, ਪਰ ਉਹ ਨਹੀਂ ਰੁਕਿਆ। ਡੀ ਆਈ ਜੀ ਹਰਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਸੀ ਕਿ ਪੁਲੀਸ ਦੀ ਮੁਢਲੀ ਜਾਂਚ ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਵਾਰਦਾਤ ਸਮੇਂ ਮੋਬਾਈਲ ਫੋਨ ਤੇ ਆਪਣੇ ਪਰਿਵਾਰਿਕ ਮੈਂਬਰ ਨਾਲ ਗੱਲਬਾਤ ਕੀਤੀ ਸੀ।

ਪੰਜਾਬ ਬੰਦ ਦੇ ਸੱਦੇ ਦਾ ਬਠਿੰਡਾ ਵਿੱਚ ਅਸਰ

October 15, 2026 11:00 am

ਪੰਜਾਬ ਬੰਦ ਦੇ ਸੱਦੇ ਦਾ ਬਠਿੰਡਾ ਵਿੱਚ ਅਸਰ ਦੇਖਣ ਨੂੰ ਮਿਲਿਆ ਅਤੇ ਮੁੱਖ ਬਾਜ਼ਾਰਾਂ ਵਿੱਚ ਦੁਕਾਨਾਂ ਬੰਦ ਰਹੀਆਂ ਅਤੇ ਨਿੱਜੀ ਸਕੂਲਾਂ ਵਿੱਚ ਛੁੱਟੀ ਰਹੀ। ਸਵੇਰੇ ਸਕੂਲ ਵੈਨਾਂ ਵੀ ਨਹੀਂ ਚੱਲੀਆਂ। ਹਾਲਾਂਕਿ ਸਰਕਾਰੀ ਅਤੇ ਨਿੱਜੀ ਬੱਸਾਂ ਦੀ ਆਵਾਜਾਈ ਜਾਰੀ ਰਹੀ, ਪਰ ਬੰਦ ਦੇ ਸੱਦੇ ਦੇ ਮੱਦੇਨਜ਼ਰ ਲੋਕਾਂ ਨੇ ਘਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕੀਤਾ, ਜਿਸ ਕਾਰਨ ਸੜਕਾਂ ’ਤੇ ਆਮ ਦਿਨਾਂ ਦੇ ਮੁਕਾਬਲੇ ਸਵਾਰੀਆਂ ਦੀ ਗਿਣਤੀ ਘੱਟ ਰਹੀ। ਬੰਦ ਦੇ ਬਾਵਜੂਦ ਮਜ਼ਦੂਰ ਵਰਗ ਆਪਣੇ ਰੋਜ਼ਾਨਾ ਦੇ ਕੰਮਾਂ-ਕਾਰਾਂ ਲਈ ਘਰਾਂ ਤੋਂ ਬਾਹਰ ਨਿਕਲਿਆ। ਰੋਜ਼ੀ-ਰੋਟੀ ਲਈ ਕੰਮ ’ਤੇ ਜਾਣ ਵਾਲੇ ਮਜ਼ਦੂਰਾਂ ਦੀ ਆਵਾਜਾਈ ਜਾਰੀ ਰਹੀ, ਜਦਕਿ ਬਾਜ਼ਾਰਾਂ ਵਿੱਚ ਦੁਕਾਨਾਂ ਬੰਦ ਹੋਣ ਕਾਰਨ ਕਾਰੋਬਾਰੀ ਸਰਗਰਮੀਆਂ ਪ੍ਰਭਾਵਿਤ ਹੋਈਆਂ । ਮੈਡੀਕਲ ਦੀਆਂ ਦੁਕਾਨਾ ਖੁੱਲੀਆਂ ਦੇਖੀਆਂ ਗਈਆਂ। ਬਠਿੰਡਾ ਬਸ ਅੱਡੇ ਨੇੜੇ ਤਰਨਾ ਦਲ ਦੇ ਨਹਿਗਾਂ ਵਲੋਂ ਧਰਨਾ ਦੇਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਉਨ੍ਹਾਂ ਨੂੰ ਰਾਊਂਡ ਅੱਪ ਕਰ ਲਿਆ ਨਿੱਜੀ ਸਕੂਲ ਬੰਦ ਰਹਿਣ ਕਾਰਨ ਵਿਦਿਅਕ ਸਰਗਰਮੀਆਂ ਠੱਪ ਰਹੀਆਂ ਅਤੇ ਸਵੇਰੇ ਸਕੂਲ ਵੈਨਾਂ ਨਾ ਚੱਲਣ ਕਾਰਨ ਵਿਦਿਆਰਥੀਆਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ। ਦੂਜੇ ਪਾਸੇ ਸਰਕਾਰੀ ਅਤੇ ਨਿੱਜੀ ਬੱਸਾਂ ਚੱਲਣ ਦੇ ਬਾਵਜੂਦ ਸਵਾਰੀਆਂ ਦੀ ਗਿਣਤੀ ਘੱਟ ਰਹੀ। ਬੰਦ ਦੇ ਸੱਦੇ ਕਾਰਨ ਲੋਕਾਂ ਨੇ ਗੈਰ-ਜ਼ਰੂਰੀ ਕੰਮਾਂ ਲਈ ਘਰਾਂ ਤੋਂ ਬਾਹਰ ਜਾਣ ਤੋਂ ਕੰਨੀ ਕਤਰਾਈ। ਇਸ ਤਰ੍ਹਾਂ ਬਠਿੰਡਾ ਵਿੱਚ ਬੰਦ ਦਾ ਅਸਰ ਮੁੱਖ ਤੌਰ ’ਤੇ ਬਾਜ਼ਾਰਾਂ, ਵਿਦਿਅਕ ਅਦਾਰਿਆਂ ਅਤੇ ਆਮ ਜਨਜੀਵਨ ’ਤੇ ਦੇਖਣ ਨੂੰ ਮਿਲਿਆ।ਪਰ ਬਾਅਦ ਵਿਚ ਦੁਕਾਨਾ ਖੁੱਲੀਆਂ ਵੀ ਦੇਖੀਆਂ ਗਈਆਂ।

ਝੋਟੇ ਦੇ ਕਤਲ ਵਿਰੁੱਧ ਪੰਜਾਬ ਬੰਦ ਦੇ ਸੱਦੇ ਨੂੰ ਪੇਂਡੂ ਇਲਾਕਿਆਂ ਵਿੱਚ ਹੁੰਗਾਰਾ

October 15, 2026 10:35 am

ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਵਾਲੇ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦਾ ਕਤਲ ਕੀਤੇ ਜਾਣ ਦੇ ਵਿਰੁੱਧ ਵੱਖ ਵੱਖ ਜਥੇਬੰਦੀਆਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਤਹਿਤ ਜਲੰਧਰ ਜ਼ਿਲ੍ਹੇ ਦੇ ਕਈ ਕਸਬਿਆਂ ਵਿੱਚ ਦੁਕਾਨਦਾਰਾਂ ਤੇ ਹੋਰ ਕਾਰੋਬਾਰ ਬੰਦ ਕੀਤੇ ਜਾ ਰਹੇ ਹਨ। ਜਲੰਧਰ ਸ਼ਹਿਰ ਸਮੇਤ ਨਾਲ ਲੱਗਦੇ ਇਲਾਕਿਆਂ ਵਿੱਚ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਬੰਦ ਦੇ ਸਮਰਥਨ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।-ਪਾਲ ਸਿੰਘ ਨੌਲੀ

ਮਾਨਸਾ ਸ਼ਹਿਰ ਲਗਾਤਾਰ ਤਿੰਨ ਦਿਨਾਂ ਤੋਂ ਬੰਦ

October 15, 2026 10:30 am

ਐਂਟੀ ਡਰੱਗ ਟਾਸਕ ਫੋਰਸ ਦੇ ਪ੍ਰਮੁੱਖ ਆਗੂ ਪਰਵਿੰਦਰ ਸਿੰਘ ਝੋਟੇ ਦੇ ਕਤਲ ਤੋਂ ਬਾਅਦ ਲਗਾਤਾਰ ਤੀਸਰੇ ਦਿਨ ਅੱਜ‌ ਮਾਨਸਾ ਸ਼ਹਿਰ ਪੂਰੀ ਤਰ੍ਹਾਂ ਬੰਦ ਹੈ। ਇਸ ਦੇ ਨਾਲ ਹੀ ਮਾਨਸਾ ਇਲਾਕੇ ਦੇ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਵੀ ਅੱਜ ਬੰਦ ਦੇ ਦਿੱਤੇ ਸੱਦੇ ਤਹਿਤ ਪੂਰਨ ਹੁੰਗਾਰਾ ਮਿਲਿਆ ਹੈ। ਪੂਰੇ ਪੰਜਾਬ ਬੰਦ ਦਾ ਇਹ ਸੱਦਾ ਮਾਨਸਾ ਵਿਖੇ ਬਣੀ ਪਰਵਿੰਦਰ ਸਿੰਘ ਝੋਟਾ ਨਮਿੱਤ ਬਣੀ 31‌ਮੈਬਰੀਂ ਕਮੇਟੀ ਵਲੋਂ ਦਿੱਤਾ ਗਿਆ ਹੈ, ਜਿਸ ਵਿਚ ਪਰਵਿੰਦਰ ਸਿੰਘ ਝੋਟੇ ਦੇ ਪਿਤਾ ਭੀਮ ਸਿੰਘ ਫੌਜੀ ਵੀ ਸ਼ਾਮਲ ਹਨ। ਵੇਰਵਿਆਂ ਅਨੁਸਾਰ ਮਾਨਸਾ ਨੇੜੇ ਭੀਖੀ, ਬੁਢਲਾਡਾ,ਬਰੇਟਾ,ਬੋਹਾ, ਸਰਦੂਲਗੜ੍ਹ, ਝੁਨੀਰ ਪੂਰੀ ਤਰ੍ਹਾਂ ਬੰਦ ਵਿਖਾਈ ਦਿੱਤੇ ਹਨ। ਇਨ੍ਹਾਂ ਸ਼ਹਿਰਾਂ ਦੇ ਲੋਕਾਂ ਅਤੇ ਦੁਕਾਨਦਾਰਾਂ ਨੇ ਆਪਣੇ ਆਪ ਹੀ ਸਵੇਰੇ ਦੁਕਾਨਾਂ ਨਹੀਂ ਖੋਲੀਆਂ। ਇਨ੍ਹਾਂ ਸ਼ਹਿਰਾਂ ਵਿਚੋਂ ਲੰਘਣ ਵਾਲੀਆਂ ਸਾਰੀਆਂ ਪ੍ਰਾਈਵੇਟ ਅਤੇ ਬਹੁਤੀਆਂ ਸਰਕਾਰੀ ਬੱਸਾਂ ਵੀ ਬੰਦ ਹਨ। ਜ਼ਿਲ੍ਹੇ ਵਿਚਲੇ ਸਾਰੇ ਪ੍ਰਾਈਵੇਟ ਸਕੂਲਾਂ ਸਮੇਤ ਸਰਕਾਰੀ ਸਕੂਲਾਂ ਵਿਚ ਵੀ ਛੁੱਟੀ ਵਰਗੀ ਸਥਿਤੀ ਹੈ। ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਤੋਂ ਬਾਅਦ ਲਗਾਤਾਰ ਤਿੰਨ ਦਿਨਾਂ ਤੋਂ ਚੱਲ ਰਹੇ ਧਰਨੇ ਅੱਜ ਮੀਂਹ ਦੇ ਬਾਵਜੂਦ ਲੋਕਾਂ ਦਾ ਵੱਡੀ ਪੱਧਰ ਇੱਕਠ ਧਰਨੇ ਦੌਰਾਨ ਜੁੜਿਆ ਹੋਇਆ ਹੈ, ਹਾਲਾਂਕਿ ਭਾਰੀ ਮੀਂਹ ਨੇ ਇੱਕ ਵਾਰ ਧਰਨੇ ਵਾਲੀ ਥਾਂ ਨੂੰ ਜਲ ਥਲ ਕਰ ਦਿੱਤਾ ਸੀ। ਬਾਅਦ ਵਿਚ ਪ੍ਰਸ਼ਾਸਨ ਵੱਲੋਂ ਟਿਊਬਵੈਲਾਂ ਰਾਹੀਂ ਪਾਣੀ ਕਢਾਇਆ ਗਿਆ ਹੈ। ਮਾਨਸਾ ਦੇ ਐਸ ਐਸ ਪੀ ਵੈਭਵ ਚੌਧਰੀ ਨੇ ਦੱਸਿਆ ਕਿ ਪੁਲੀਸ ਪ੍ਰਸ਼ਾਸਨ ਨੇ ਅਮਨ ਸ਼ਾਂਤੀ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਹਨ। ਵੈਸੇ ਸ਼ਹਿਰ ਵਿਚ ਵੱਡੀ ਗਿਣਤੀ ਵਿਚ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ।-ਜੋਗਿੰਦਰ ਸਿੰਘ ਮਾਨ

ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਵਿਰੋਧ ’ਚ ਸਰਹੱਦੀ ਖੇਤਰ ਮੁਕੰਮਲ ਬੰਦ

October 15, 2026 10:22 am

ਮਰਹੂਮ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਵਿਰੋਧ ਵਿੱਚ ਅੱਜ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਨੂੰ ਸਰਹੱਦੀ ਖੇਤਰ ਵਿੱਚ ਭਰਵਾਂ ਹੁੰਗਾਰਾ ਮਿਲਿਆ। ਇਸ ਦੌਰਾਨ ਭਿੱਖੀਵਿੰਡ, ਅਮਰਕੋਟ, ਵਲਟੋਹਾ ਅਤੇ ਅਲਗੋ ਕੋਠੀ ਸਮੇਤ ਇਲਾਕੇ ਦੇ ਵੱਖ-ਵੱਖ ਕਸਬਿਆਂ ਵਿੱਚ ਦੁਕਾਨਾਂ ਬੰਦ ਕਰਵਾਈਆਂ ਗਈਆਂ। ਸਵੇਰੇ ਕੁਝ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਖੋਲ੍ਹੀਆਂ ਗਈਆਂ ਸਨ, ਪਰ ਕਿਸਾਨ ਜਥੇਬੰਦੀ ਉਗਰਾਹਾਂ, ਅਕਾਲੀ ਦਲ ਵਾਰਿਸ ਪੰਜਾਬ ਅਤੇ ਹੋਰ ਜਥੇਬੰਦੀਆਂ ਦੇ ਕਾਰਕੁਨਾਂ ਨੇ ਬਾਜ਼ਾਰਾਂ ਵਿੱਚ ਪਹੁੰਚ ਕੇ ਦੁਕਾਨਾਂ ਬੰਦ ਕਰਵਾ ਦਿੱਤੀਆਂ। ਇਸ ਤੋਂ ਬਾਅਦ ਸਰਹੱਦੀ ਖੇਤਰ ਦੇ ਬਾਜ਼ਾਰਾਂ ਵਿੱਚ ਕਾਰੋਬਾਰੀ ਸਰਗਰਮੀਆਂ ਠੱਪ ਹੋ ਗਈਆਂ। ਇਸ ਮੌਕੇ ਐਂਟੀ ਡਰੱਗ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਸਤਨਾਮ ਸਿੰਘ ਮਨਾਵਾਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੀ ਘਟਨਾ ਬੇਹੱਦ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਲੋਕਾਂ ਵਿੱਚ ਰੋਸ ਪੈਦਾ ਹੁੰਦਾ ਹੈ ਅਤੇ ਸਰਕਾਰ ਨੂੰ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਬਣਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਮੰਗ ਕੀਤੀ ਕਿ ਕਤਲ ਦੀ ਘਟਨਾ ਸਬੰਧੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ। ਬੰਦ ਦੇ ਸੱਦੇ ਕਾਰਨ ਭਿੱਖੀਵਿੰਡ, ਅਮਰਕੋਟ ਅਤੇ ਅਲਗੋ ਕੋਠੀ ਦੇ ਬਾਜ਼ਾਰਾਂ ਵਿੱਚ ਸੁੰਨ ਪਸਰੀ ਰਹੀ। ਜਥੇਬੰਦੀਆਂ ਦੇ ਕਾਰਕੁਨ ਵੱਖ-ਵੱਖ ਥਾਵਾਂ ’ਤੇ ਸਰਗਰਮ ਰਹੇ ਅਤੇ ਦੁਕਾਨਦਾਰਾਂ ਨੂੰ ਬੰਦ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ। -ਰਣਬੀਰ ਸਿੰਘ

ਬਰਨਾਲਾ ਦੇ ਦੁਕਾਨਦਾਰਾਂ ਵੱਲੋਂ ਪੰਜਾਬ ਬੰਦ ਦਾ ਸਮਰਥਨ, ਬਾਜ਼ਾਰ ਮੁਕੰਮਲ ਬੰਦ

October 15, 2026 10:11 am

ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਘਟਨਾ ਦੇ ਵਿਰੋਧ ਵਿੱਚ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਬਰਨਾਲਾ ਵਿੱਚ ਭਰਵਾਂ ਸਮਰਥਨ ਮਿਲਿਆ। ਇਸ ਦੌਰਾਨ ਸ਼ਹਿਰ ਦੇ ਸਦਰ ਬਾਜ਼ਾਰ, ਫਰਵਾਹੀ ਬਾਜ਼ਾਰ, ਹੰਡਿਆਇਆ, ਐੱਸਡੀ ਕਾਲਜ ਇਲਾਕੇ ਅਤੇ ਬੱਸ ਸਟੈਂਡ ਸਮੇਤ ਵੱਖ-ਵੱਖ ਥਾਵਾਂ ’ਤੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਰੋਸ ਪ੍ਰਗਟਾਇਆ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਸ਼ਹਿਰ ਅੰਦਰ ਰੋਸ ਮਾਰਚ ਵੀ ਕੱਢਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਅਤੇ ਇਸ ਵਾਰਦਾਤ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿਵਾਉਣ ਦੀ ਮੰਗ ਕੀਤੀ। ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਸ਼ਾਮਲ ਵਿਅਕਤੀਆਂ ਨੂੰ ਵੀ ਕਾਬੂ ਕਰਕੇ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਉਠਾਈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਨਸ਼ਿਆਂ ਦੇ ਕਾਰੋਬਾਰ ’ਤੇ ਨਕੇਲ ਕੱਸਣ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਬਰਨਾਲਾ ਵਿੱਚ ਬੰਦ ਦੇ ਸੱਦੇ ਨੂੰ ਮਿਲੇ ਸਮਰਥਨ ਅਤੇ ਰੋਸ ਮਾਰਚ ਰਾਹੀਂ ਲੋਕਾਂ ਨੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਇਨਸਾਫ਼ ਦੀ ਮੰਗ ਉਠਾਈ।-ਰੋਹਿਤ ਗੋਇਲ

ਅੰਮ੍ਰਿਤਸਰ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ

October 15, 2026 9:56 am

ਪਰਵਿੰਦਰ ਸਿੰਘ ਕਤਲ ਮਾਮਲੇ ਵਿੱਚ ਅੱਜ ਦਿੱਤੇ ਗਏ ਬੰਦ ਦੇ ਸੱਦੇ ਤਹਿਤ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਅੰਮ੍ਰਿਤਸਰ ਵਿਖੇ ਗੋਲਡਨ ਗੇਟ ਪਾਸ ਪੰਜਾਬ ਸਰਕਾਰ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਇਸ ਮਾਮਲੇ ਵਿੱਚ ਨੈਤਿਕ ਆਧਾਰ ਤੇ ਮੁੱਖ ਮੰਤਰੀ ਅਤੇ ਡੀਜੀਪੀ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਜਥੇਬੰਦੀ ਦੇ ਆਗੂ ਸਰਵਨ ਸਿੰਘ ਪੰਧੇਰ ਨੇ ਆਖਿਆ ਕਿ ਪਰਵਿੰਦਰ ਸਿੰਘ ਕਤਲ ਮਾਮਲੇ ਵਿੱਚ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਤਹਿਤ ਅੱਜ ਜਥੇਬੰਦੀ ਵੱਲੋਂ ਗੋਲਡਨ ਗੇਟ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਦਾ ਪੁਤਲਾ ਸਾੜਿਆ ਹੈ। ਇਸੇ ਤਹਿਤ ਜਥੇਬੰਦੀ ਵੱਲੋਂ ਸ਼ਹਿਰ ਵਿੱਚ ਵੀ ਮਾਰਚ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਪੰਜਾਬ ਬੰਦ ਸੱਦੇ ਨੂੰ ਹਰ ਥਾਂ ਤੋਂ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕ ਆਪ ਹੀ ਕਾਰੋਬਾਰ ਬੰਦ ਰੱਖ ਕੇ ਸਬੰਧ ਦਾ ਸਮਰਥਨ ਕਰ ਰਹੇ ਹਨ। ਬੰਦ ਦੇ ਦੌਰਾਨ ਜਰੂਰੀ ਸੇਵਾਵਾਂ ਜਾਰੀ ਰਹਿਣਗੀਆਂ ਜਰੂਰੀ ਸੇਵਾਵਾਂ ਵਿੱਚ ਕੋਈ ਵਿਘਨ ਨਹੀਂ ਪਾਇਆ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਆਪ ਸਰਕਾਰ ਸੂਬੇ ਵਿੱਚ ਨਸ਼ਿਆਂ ਦੇ ਰੁਝਾਨ ਅਤੇ ਕਾਰੋਬਾਰ ਨੂੰ ਰੋਕਣ ਵਿੱਚ ਅਸਫਲ ਰਹੀ ਹੈ, ਜਿਸ ਦਾ ਸਿੱਟਾ ਹੈ ਕਿ ਨਸ਼ੇ ਘਰ ਘਰ ਪੁੱਜੇ ਹਨ ਅਤੇ ਪਰਵਿੰਦਰ ਸਿੰਘ ਕਤਲ ਕਾਂਡ ਵਾਪਰਿਆ ਹੈ। ਉਨ੍ਹਾਂ ਇਸ ਮਾਮਲੇ ਵਿੱਚ ਮੁੱਖ ਮੰਤਰੀ ਅਤੇ ਡੀਜੀਪੀ ਨੂੰ ਨਿਸ਼ਾਨਾ ਬਣਾਉਂਦੇ ਆਖਿਆ ਕਿ ਨੈਤਿਕ ਆਧਾਰ ਤੇ ਉਹਨਾਂ ਨੂੰ ਆਪਣੇ ਅਹੁਦੇ ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ। ਉਹਨਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਜਥੇਬੰਦੀ ਦੇ ਕਾਰਕੂਨਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ ਅਤੇ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਹੈ। ਪੰਜਾਬ ਬੰਦ ਦੇ ਸੱਦੇ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਵਿਦਿਆਕ ਅਦਾਰਿਆਂ ਵੱਲੋਂ ਪਹਿਲਾਂ ਹੀ ਸਕੂਲ ਬੰਦ ਕਰ ਦਿੱਤੇ ਗਏ ਸਨ। ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਵੱਲੋਂ ਬੰਦ ਦਾ ਸਮਰਥਨ ਕੀਤਾ ਗਿਆ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਦਫਤਰ ਅਤੇ ਹੋਰ ਅਦਾਰੇ ਬੰਦ ਰੱਖੇ ਗਏ ਹਨ। -ਜਗਤਾਰ ਸਿੰਘ ਲਾਂਬਾ

ਪੰਜਾਬ ਬੰਦ ਦੇ ਮੱਦੇਨਜ਼ਰ ਡੇਰਾਬੱਸੀ ਦੇ ਸਕੂਲਾਂ ਵਿੱਚ ਛੁੱਟੀ

October 15, 2026 9:41 am

ਪੰਜਾਬ ਬੰਦ ਦੇ ਸੱਦੇ ਦੇ ਮੱਦੇਨਜ਼ਰ ਡੇਰਾਬੱਸੀ ਵਿੱਚ ਸਕੂਲਾਂ ਵਿੱਚ ਛੁੱਟੀ ਕਰ ਦਿੱਤੀ ਗਈ ਹੈ। ਸਵੇਰੇ ਰੋਜ਼ਾਨਾ ਦੀ ਤਰ੍ਹਾਂ ਸਕੂਲ ਪੁੱਜੇ ਵਿਦਿਆਰਥੀਆਂ ਨੂੰ ਛੁੱਟੀ ਦੀ ਸੂਚਨਾ ਮਿਲਣ ਮਗਰੋਂ ਵਾਪਸ ਘਰ ਭੇਜ ਦਿੱਤਾ ਗਿਆ। ਅਚਾਨਕ ਛੁੱਟੀ ਹੋਣ ਕਾਰਨ ਵਿਦਿਆਰਥੀਆਂ ਦੇ ਨਾਲ-ਨਾਲ ਮਾਪਿਆਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਮਗਰੋਂ ਕੰਮ ’ਤੇ ਜਾਣ ਦੀ ਤਿਆਰੀ ਕਰ ਰਹੇ ਸਨ, ਪਰ ਛੁੱਟੀ ਦੀ ਸੂਚਨਾ ਮਿਲਣ ’ਤੇ ਉਨ੍ਹਾਂ ਨੂੰ ਮੁੜ ਸਕੂਲ ਪਹੁੰਚਣਾ ਪਿਆ। ਇਸ ਕਾਰਨ ਉਨ੍ਹਾਂ ਦੀ ਰੋਜ਼ਾਨਾ ਦੀ ਰੁਟੀਨ ਵੀ ਪ੍ਰਭਾਵਿਤ ਹੋਈ। ਸਕੂਲਾਂ ਵਿੱਚ ਛੁੱਟੀ ਹੋਣ ਦੀ ਜਾਣਕਾਰੀ ਮਿਲਣ ਮਗਰੋਂ ਵਿਦਿਆਰਥੀਆਂ ਨੂੰ ਘਰ ਪਰਤਣਾ ਪਿਆ।-ਸਰਬਜੀਤ ਸਿੰਘ ਭੱਟੀ

ਅੰਮ੍ਰਿਤਸਰ ਵਿੱਚ ਰੋਸ ਪ੍ਰਦਰਸ਼ਨ ਦੌਰਾਨ ਮੁੱਖ ਮੰਤਰੀ ਦਾ ਪੁਤਲਾ ਫੁਕਿਆ

October 15, 2026 8:54 am

ਪੰਜਾਬ ਬੰਦ ਦੇ ਸੱਦੇ ਤਹਿਤ ਕਿਸਾਨਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਮੈਂਬਰਾਂ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਅਤੇ ਇਸ ਨੂੰ ਬਰਖ਼ਾਸਤ ਕਰਨ ਦੀ ਮੰਗ ਕਰਦਿਆਂ ਸਵੇਰੇ ਅੰਮ੍ਰਿਤਸਰ ਦੇ ਗੋਲਡਨ ਗੇਟ ਵਿਖੇ ਧਰਨਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਭਾਰੀ ਮੀਂਹ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ। ਇਹ ਪ੍ਰਦਰਸ਼ਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਕੀਤਾ ਗਿਆ, ਜਿਸ ਵਿੱਚ ਸ਼ਾਮਲ ਲੋਕਾਂ ਨੇ ਸੂਬਾ ਸਰਕਾਰ ‘ਤੇ ਪੰਜਾਬ ਵਿੱਚ ਨਸ਼ਿਆਂ ਦੇ ਕੋਹੜ ਨੂੰ ਰੋਕਣ ਵਿੱਚ ਨਾਕਾਮ ਰਹਿਣ ਦੇ ਦੋਸ਼ ਲਾਏ। ਕਿਸਾਨ ਆਗੂਆਂ ਨੇ ਨਸ਼ਿਆਂ ਦੀ ਕਥਿਤ ਸ਼ਰੇਆਮ ਵਿਕਰੀ ਲਈ ਮੁੱਖ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੀ ਮੌਤ ਦਾ ਮੁੱਦਾ ਚੁੱਕਿਆ। ਉਨ੍ਹਾਂ ਇਹ ਦੋਸ਼ ਲਾਉਂਦਿਆਂ ਮਾਨ ਦੇ ਅਸਤੀਫ਼ੇ ਦੀ ਮੰਗ ਕੀਤੀ ਕਿ ਸਰਕਾਰ ਨਸ਼ਾ ਤਸਕਰੀ ਨੂੰ ਰੋਕਣ ਅਤੇ ਸੂਬੇ ਦੇ ਨੌਜਵਾਨਾਂ ਦੀ ਰਾਖੀ ਕਰਨ ਵਿੱਚ ਨਾਕਾਮ ਰਹੀ ਹੈ।- ਚਰਨਜੀਤ ਸਿੰਘ ਤੇਜਾ

ਧਰਨੇ ਵਾਲੀ ਥਾਂ ਮੀਂਹ ਦੇ ਪਾਣੀ ਵਿਚ ਡੁੱਬੀ

October 15, 2026 8:21 am

ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟਾ ਦੇ ਹੋਏ ਕਤਲ ਦੇ ਵਿਰੋਧ ਵਿਚ ਅਤੇ ਉਸ ਨੇ ਇਨਸਾਫ਼ ਦਿਵਾਉਣ ਲਈ ਅੱਜ ਪੰਜਾਬ ਭਰ ਵਿੱਚ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਬੰਦ ਕਈ ਧਿਰਾਂ ਵਲੋਂ ਸਮਰਥਨ ਦਿੱਤਾ ਗਿਆ ਹੈ। ਉਧਰ ਇਸ ਕਤਲ ਨੂੰ ਦਿੱਤੇ ਜਾ ਰਹੇ ਧਰਨੇ ਵਾਲੀ ਥਾਂ ’ਤੇ ਮੀਂਹ ਦਾ ਪਾਣੀ ਭਰ ਗਿਆ ਹੈ ,ਇਹ ਧਰਨਾ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਨੇੜੇ ਦਿੱਤਾ ਜਾ ਰਿਹਾ ਹੈ। ਟੈਂਟ ਅਤੇ ਦਰੀਆਂ ਗਦੇਲੇ ਮੀਂਹ ਦੇ ਪਾਣੀ ਵਿੱਚ ਤਰ ਗਏ ਹਨ। ਐਕਸ਼ਨ ਕਮੇਟੀ ਨੇ ਇਸ ਸਬੰਧੀ ਮੀਟਿੰਗ ਕਰਕੇ ਤਰੁੰਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਪਾਣੀ ਕੱਢਣ ਦੀ ਬੇਨਤੀ ਕੀਤੀ ਗਈ ਹੈ। ਪਰਮਿੰਦਰ ਸਿੰਘ ਝੋਟੇ ਦੇ ਪਿਤਾ ਭਾਈ ਭੀਮ ਸਿੰਘ ਫੌਜੀ ਨੇ ਡਿਪਟੀ ਕਮਿਸ਼ਨਰ, ਨਗਰ ਕੌਂਸਲ ਦੇ ਪ੍ਰਧਾਨ ਨੂੰ ਪਾਣੀ ਕੱਢਣ ਲਈ ਬੇਨਤੀ ਕੀਤੀ ਹੈ ਤਾਂ ਜੋ ਦਿਨ ਵੇਲੇ ਧਰਨੇ ਨੂੰ ਚਲਾਇਆ ਜਾ ਸਕੇ। -ਜੋਗਿੰਦਰ ਸਿੰਘ ਮਾਨ