ਪੁਲਿਸ ਅਨੁਸਾਰ ਐਤਵਾਰ ਨੂੰ ਪੂਰੇ ਨੇਪਾਲ ਵਿੱਚ ਮੀਂਹ ਕਾਰਨ ਆਏ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 148 ਹੋ ਗਈ।
ਪੂਰਬੀ ਅਤੇ ਮੱਧ ਨੇਪਾਲ ਦੇ ਵੱਡੇ ਹਿੱਸੇ ਸ਼ੁੱਕਰਵਾਰ ਤੋਂ ਪਾਣੀ ਵਿੱਚ ਡੁੱਬ ਗਏ ਹਨ ਅਤੇ ਦੇਸ਼ ਦੇ ਕੁਝ ਹਿੱਸਿਆਂ ਵਿੱਚ ਅਚਾਨਕ ਹੜ੍ਹਾਂ ਦੀ ਸੂਚਨਾ ਮਿਲੀ ਹੈ। ਪੁਲਸ ਮੁਤਾਬਕ ਕਾਠਮੰਡੂ ਘਾਟੀ ‘ਚ ਹੁਣ ਤੱਕ ਆਫਤ ਸੰਬੰਧੀ ਘਟਨਾਵਾਂ ‘ਚ 43 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਆਰਮਡ ਪੁਲਿਸ ਫੋਰਸ ਦੇ ਸੂਤਰਾਂ ਅਨੁਸਾਰ ਹੜ੍ਹਾਂ, ਜ਼ਮੀਨ ਖਿਸਕਣ ਅਤੇ ਪਾਣੀ ਵਿਚ ਡੁੱਬਣ ਕਾਰਨ 55 ਲੋਕ ਲਾਪਤਾ ਹਨ, ਜਦਕਿ 101 ਲੋਕ ਜ਼ਖਮੀ ਹੋਏ ਹਨ।
ਜ਼ਮੀਨ ਖਿਸਕਣ ਕਾਰਨ ਸ਼ਨੀਵਾਰ ਤੋਂ ਰਾਸ਼ਟਰੀ ਰਾਜਮਾਰਗ ਬੰਦ ਹੋ ਗਏ ਹਨ, ਸੈਂਕੜੇ ਲੋਕ ਵੱਖ-ਵੱਖ ਰਾਜਮਾਰਗਾਂ ‘ਤੇ ਫਸੇ ਹੋਏ ਹਨ।
ਘੱਟੋ-ਘੱਟ 322 ਘਰ ਅਤੇ 16 ਪੁਲ ਨੁਕਸਾਨੇ ਗਏ।
ਸੂਤਰਾਂ ਨੇ ਦੱਸਿਆ ਕਿ ਲੋਕਾਂ ਨੂੰ ਬਚਾਉਣ ਲਈ 20,000 ਤੋਂ ਵੱਧ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਅਤੇ ਲਗਭਗ 3,626 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ।
ਸੂਤਰਾਂ ਨੇ ਦੱਸਿਆ ਕਿ ਬਚਾਅ ਕਾਰਜ ਅਜੇ ਵੀ ਜਾਰੀ ਹੈ। ਗ੍ਰਹਿ ਮੰਤਰਾਲੇ ਦੇ ਬੁਲਾਰੇ ਰਿਸ਼ੀਰਾਮ ਤਿਵਾਰੀ ਨੇ ਕਿਹਾ ਕਿ ਜ਼ਮੀਨ ਖਿਸਕਣ ਨਾਲ ਨੁਕਸਾਨੇ ਗਏ ਹਾਈਵੇਅ ਦੇ ਸੜਕੀ ਹਿੱਸਿਆਂ ਨੂੰ ਖੋਲ੍ਹਣ ਲਈ ਸਾਰੇ ਉਪਕਰਣ ਜੁਟਾਏ ਜਾ ਰਹੇ ਹਨ।