ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਵੱਡਾ ਹਾਦਸਾ ਵਾਪਰਿਆ ਹੈ। ਆਈਟੀਬੀਪੀ ਦੇ ਜਵਾਨਾਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਚੰਦਨਵਾੜੀ ਇਲਾਕੇ ਵਿੱਚ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ‘ਚ 6 ਜਵਾਨਾਂ ਦੀ ਮੌਤ ਹੋ ਗਈ ਹੈ ਅਤੇ 30 ਜ਼ਖਮੀ ਹਨ, ਜਿਨ੍ਹਾਂ ‘ਚੋਂ ਕਈਆਂ ਦੀ ਹਾਲਤ ਗੰਭੀਰ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀ ਜਵਾਨਾਂ ਨੂੰ ਹਵਾਈ ਜਹਾਜ਼ ਰਾਹੀਂ ਇਲਾਜ ਲਈ ਸ਼੍ਰੀਨਗਰ ਦੇ ਫੌਜੀ ਹਸਪਤਾਲ ਲਿਜਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ਵਿੱਚ ਐਮਬੀਬੀਐਸ ਡਾਕਟਰਾਂ ਦੀ ਨਿਯੁਕਤੀ ਲਈ ਨਵੇਂ ਨਿਯਮ: ਡਾਕਟਰਾਂ ਨੂੰ ਪਹਿਲਾਂ ਮੁਹੱਲਾ ਕਲੀਨਿਕਾਂ ਵਿੱਚ ਡਿਊਟੀ ਦੇਣੀ ਪਵੇਗੀ
ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬੱਸ ਵਿੱਚ 39 ਜਵਾਨ ਸਵਾਰ ਸਨ। ਇਨ੍ਹਾਂ ਵਿੱਚ ਆਈਟੀਬੀਪੀ ਦੇ 37 ਅਤੇ ਜੰਮੂ-ਕਸ਼ਮੀਰ ਪੁਲਿਸ ਦੇ 2 ਜਵਾਨ ਸਨ। ਇਹ ਹਾਦਸਾ ਬੱਸ ਦੀਆਂ ਬਰੇਕਾਂ ਫੇਲ ਹੋਣ ਕਾਰਨ ਵਾਪਰਿਆ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਬੱਸ ‘ਚ ਸਵਾਰ ਜਵਾਨ ਅਮਰਨਾਥ ਯਾਤਰਾ ਡਿਊਟੀ ਤੋਂ ਪਰਤ ਰਹੇ ਸਨ। ਬਚਾਅ ਕਾਰਜਾਂ ਨੂੰ ਤੇਜ਼ ਕਰਨ ਲਈ ITBP ਕਮਾਂਡੋਜ਼ ਨੂੰ ਮੌਕੇ ‘ਤੇ ਭੇਜਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲੇ ‘ਚ ਇਕ ਮਿੰਨੀ ਬੱਸ ਸੜਕ ਤੋਂ ਫਿਸਲ ਕੇ ਖੱਡ ‘ਚ ਜਾ ਡਿੱਗੀ ਸੀ, ਜਿਸ ‘ਚ 18 ਲੋਕ ਜ਼ਖਮੀ ਹੋ ਗਏ ਸਨ। ਬੱਸ ਵਿੱਚ ਜ਼ਿਆਦਾਤਰ ਵਿਦਿਆਰਥੀ ਸਵਾਰ ਸਨ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਮਿੰਨੀ ਬੱਸ ਬਰਮਿਨ ਤੋਂ ਊਧਮਪੁਰ ਜਾ ਰਹੀ ਸੀ ਕਿ ਅਚਾਨਕ ਡਰਾਈਵਰ ਦਾ ਵਾਹਨ ‘ਤੇ ਕੰਟਰੋਲ ਖਤਮ ਹੋ ਗਿਆ ਅਤੇ ਬੱਸ ਘੋਰਡੀ ਪਿੰਡ ਨੇੜੇ ਖੱਡ ‘ਚ ਜਾ ਡਿੱਗੀ। 11 ਵਿਦਿਆਰਥੀਆਂ ਸਮੇਤ 18 ਜ਼ਖਮੀਆਂ ਨੂੰ ਇਲਾਜ ਲਈ ਊਧਮਪੁਰ ਜ਼ਿਲਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: ਮੈਂ ਇੱਕ ਕਿਸਾਨ ਦਾ ਪੁੱਤਰ ਹਾਂ; ਕਿਸਾਨ ਅੰਦੋਲਨ ਵਿੱਚ ਜਾ ਕੇ ਕੋਈ ਗਲਤ ਕੰਮ ਨਹੀਂ ਕੀਤਾ: ਮੰਤਰੀ ਲਾਲਜੀਤ ਭੁੱਲਰ