ਭਾਰਤੀ ਪੁਰਸ਼ ਹਾਕੀ ਟੀਮ ਨੇ ਬੁੱਧਵਾਰ ਨੂੰ ਰਾਸ਼ਟਰਮੰਡਲ ਖੇਡਾਂ 2022 ਦੇ ਪੂਲ-ਬੀ ਮੈਚ ਵਿੱਚ ਕੈਨੇਡਾ ਨੂੰ ਇੱਕਤਰਫਾ ਅੰਦਾਜ਼ ਵਿੱਚ ਹਰਾਇਆ। ਭਾਰਤ ਨੇ ਕੈਨੇਡਾ ਨੂੰ 5-0 ਨਾਲ ਹਰਾ ਕੇ ਪੂਲ ਪੜਾਅ ਵਿੱਚ ਆਪਣੀ ਦੂਜੀ ਜਿੱਤ ਦਰਜ ਕੀਤੀ। ਪਿਛਲੇ ਮੈਚ ‘ਚ ਇੰਗਲੈਂਡ ਨੇ ਭਾਰਤ ਤੋਂ ਜਿੱਤ ਖੋਹ ਲਈ ਸੀ ਅਤੇ ਮੈਚ 4-4 ਨਾਲ ਡਰਾਅ ‘ਤੇ ਖਤਮ ਕੀਤਾ ਸੀ ਪਰ ਇੱਥੇ ਭਾਰਤ ਨੇ ਕੈਨੇਡਾ ‘ਤੇ ਪੂਰੀ ਤਰ੍ਹਾਂ ਹਾਵੀ ਹੋ ਕੇ ਕੈਨੇਡਾ ਨੂੰ ਇਕ ਵੀ ਗੋਲ ਨਹੀਂ ਹੋਣ ਦਿੱਤਾ।
ਭਾਰਤ ਲਈ ਹਰਮਨਪ੍ਰੀਤ ਸਿੰਘ ਅਤੇ ਆਕਾਸ਼ਦੀਪ ਨੇ 2-2 ਗੋਲ ਕੀਤੇ ਜਦਕਿ ਅਮਿਤ ਰੋਹੀਦਾਸ, ਲਲਿਤ ਉਪਾਧਿਆਏ, ਗੁਰਜੰਟ ਸਿੰਘ ਅਤੇ ਮਨਦੀਪ ਸਿੰਘ ਨੇ 1-1 ਗੋਲ ਕੀਤਾ। ਇਸ ਮੈਚ ਦੀ ਸ਼ੁਰੂਆਤ ਤੋਂ ਹੀ ਭਾਰਤ ਹਮਲਾਵਰ ਨਜ਼ਰ ਆ ਰਿਹਾ ਸੀ। ਮੈਚ ਦੇ ਸੱਤਵੇਂ ਮਿੰਟ ਵਿੱਚ ਉਪ ਕਪਤਾਨ ਹਰਮਨਪ੍ਰੀਤ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਦਿੱਤਾ। ਇਸ ਤੋਂ ਥੋੜ੍ਹੀ ਦੇਰ ਬਾਅਦ ਅਮਿਤ ਨੇ ਭਾਰਤ ਦੇ ਅੱਧ ਤੋਂ ਗੇਂਦ ਨੂੰ ਨੈੱਟ ‘ਤੇ ਲਿਆਂਦਾ ਅਤੇ ਭਾਰਤ ਦੀ ਬੜ੍ਹਤ 2-0 ਕਰ ਦਿੱਤੀ।
ਦੂਜੇ ਕੁਆਰਟਰ ਦੇ 6ਵੇਂ ਮਿੰਟ ਵਿੱਚ ਲਲਿਤ ਨੇ ਸ਼ਾਨਦਾਰ ਫਰਕ ਨਾਲ ਗੋਲ ਕਰਕੇ ਮੈਚ ਨੂੰ ਕੈਨੇਡਾ ਦੀ ਪਕੜ ਤੋਂ ਦੂਰ ਕਰ ਦਿੱਤਾ। ਮੈਚ ਦੇ ਆਖਰੀ ਪੰਜ ਮਿੰਟਾਂ ਵਿੱਚ ਹਰਮਨਪ੍ਰੀਤ, ਮਨਦੀਪ ਅਤੇ ਆਕਾਸ਼ਦੀਪ ਨੇ ਇੱਕ-ਇੱਕ ਗੋਲ ਕਰਕੇ ਭਾਰਤ ਦੀ ਜਿੱਤ ‘ਤੇ ਮੋਹਰ ਲਗਾਈ। ਭਾਰਤ ਦਾ ਸਾਹਮਣਾ ਹੁਣ 4 ਅਗਸਤ ਵੀਰਵਾਰ ਨੂੰ ਵੇਲਜ਼ ਨਾਲ ਹੋਵੇਗਾ, ਜਿਸ ਨੇ ਪਿਛਲੇ ਮੈਚ ‘ਚ ਕੈਨੇਡਾ ਨੂੰ 5-1 ਨਾਲ ਹਰਾਇਆ ਸੀ।
