ਕੈਬਨਿਟ ਮੀਟਿੰਗ ਦੇ ਖ਼ਤਮ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਦੱਸਿਆ ਕਿ ਜ਼ੀਰੋ ਤੋਂ ਲੈ ਕੇ ਸੱਤ ਕਿਲੋਵਾਟ ਤੱਕ ਦੇ ਸਾਰੇ ਬਿਜਲੀ ਮੀਟਰਾਂ ਉੱਪਰ ਹੁਣ ਬਿਜਲੀ ਯੂਨਿਟ ਦੀ ਕੀਮਤ ਪ੍ਰਤੀ ਯੂਨਿਟ ਤਿੱਨ ਰੁਪਏ ਸਸਤੀ ਹੋਵੇਗੀ । ਇੱਥੇ ਦੱਸਣਾ ਬਣਦਾ ਹੈ ਕਿ ਪਹਿਲਾਂ ਜੋ100 ਯੂਨਿਟ 4.19 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿੱਲ ਆਉਂਦਾ ਸੀ ਹੁਣ ਉਹ ਘਟ ਕੇ ਸਿਰਫ 1.19 ਪੈਸੇ ਪ੍ਰਤੀ ਯੂਨਿਟ ਰਹਿ ਜਾਵੇਗਾ ।
ਇਸ ਫੈਸਲੇ ਉਪਰ ਵਿਰੋਧੀਆਂ ਪਾਰਟੀਆਂ ਨੇ ਜਿਥੇ ਚੰਨੀ ਸਰਕਾਰ ਦੀ ਖਿਚਾਈ ਕੀਤੀ ਉਨ੍ਹਾਂ ਇਸ ਨੂੰ ਚੁਣਾਵੀ ਜੁਮਲੇਬਾਜ਼ੀ ਅਤੇ ਦੋ ਤਿੰਨ ਮਹੀਨਿਆਂ ਲਈ ਹੀ ਸਸਤੀ ਬਿਜਲੀ ਕਰਾਰ ਦਿੱਤਾ । ਜਿਸ ਵਿੱਚ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਸ਼ਾਮਲ ਹਨ । ਆਪਣੀ ਹੀ ਸਰਕਾਰ ਦੇ ਕੀਤੇ ਫ਼ੈਸਲਿਆਂ ਉੱਪਰ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਵਿਰੋਧੀ ਧਿਰ ਦਾ ਰੋਲ ਨਿਭਾਉਂਦਿਆਂ ਕਿਹਾ ਕਿ ਪੰਜਾਬੀਆਂ ਨੂੰ ਵਾਅਦਿਆਂ ਦੀ ਨੀ ਗਿਫ਼ਟਾਂ ਦੀ ਨੀ , ਇਕ ਸੁਚੱਜੇ ਰੋਡ ਮੈਪ ਦੀ ਜ਼ਰੂਰਤ ਹੈ । ਆਪਣੀ ਹੀ ਸਰਕਾਰ ਦੇ ਉੱਪਰ ਤੰਜ ਕਸਦਿਆਂ ਉਨ੍ਹਾਂ ਕਿਹਾ ਇਹ ਲੌਲੀਪੌਪ ਹਨ ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸਸਤੀ ਬਿਜਲੀ ਦੇਣ ਨਾਲ ਪੰਜਾਬ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ।
ਉਨ੍ਹਾਂ ਅੱਗੇ ਦੱਸਿਆ ਕਿ ਜੋ ਮਹਿੰਗੇ ਬਿਜਲੀ ਸਮਝੌਤੇ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਨੇ ਕੀਤੇ ਹੋਏ ਹਨ ਉਨ੍ਹਾਂ ਨੂੰ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾ ਕੇ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਇਸ ਵੇਲੇ ਭਾਰਤ ਦੇ ਵਿੱਚ ਸਸਤੀ ਬਿਜਲੀ ਦੇ ਕਈ ਆਪਸ਼ਨ ਖੁੱਲ੍ਹੇ ਹਨ ।