ਪਾਕਿਸਤਾਨੀ ਸੁਰੱਖਿਆ ਬਲਾਂ ਦੇ ਹੈਲੀਕਾਪਟਰ ਗਨਸ਼ਿਪਾਂ ਨੇ ਸ਼ੁੱਕਰਵਾਰ ਨੂੰ ਦੇਸ਼ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ‘ਚ ਉਨ੍ਹਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ‘ਤੇ ਦੋ ਵੱਖ-ਵੱਖ ਕਾਰਵਾਈਆਂ ‘ਚ 17 ਅੱਤਵਾਦੀ ਮਾਰੇ ਗਏ।
ਸੁਰੱਖਿਆ ਸੂਤਰਾਂ ਮੁਤਾਬਕ ਖੁਫੀਆ ਸੂਚਨਾ ਦੇ ਆਧਾਰ ‘ਤੇ ਬੰਨੂ ਅਤੇ ਉੱਤਰੀ ਵਜ਼ੀਰਿਸਤਾਨ ਜ਼ਿਲਿਆਂ ‘ਚ ਆਪਰੇਸ਼ਨ ਚਲਾਇਆ ਗਿਆ।
ਬੰਨੂ ਜ਼ਿਲੇ ਦੇ ਬਕਾ ਖੇਲ ਇਲਾਕੇ ‘ਚ ਹਾਫਿਜ਼ ਗੁਲਬਹਾਦੁਰ ਗਰੁੱਪ ਦੇ 12 ਅੱਤਵਾਦੀ ਉਸ ਸਮੇਂ ਮਾਰੇ ਗਏ, ਜਦੋਂ ਹੈਲੀਕਾਪਟਰਾਂ ਨੇ ਉਨ੍ਹਾਂ ਦੇ ਅਹਾਤੇ ‘ਤੇ ਹਮਲਾ ਕੀਤਾ।
ਦੂਜਾ ਆਪਰੇਸ਼ਨ ਉੱਤਰੀ ਵਜ਼ੀਰਿਸਤਾਨ ਦੇ ਮੀਰ ਅਲੀ ਦੇ ਹਸੋ ਖੇਲ ਇਲਾਕੇ ‘ਚ ਕੀਤਾ ਗਿਆ, ਜਿੱਥੇ ਪੰਜ ਅੱਤਵਾਦੀ ਮਾਰੇ ਗਏ।
ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਕੋਲੋਂ ਭਾਰੀ ਮਾਤਰਾ ‘ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਸੁਰੱਖਿਆ ਬਲਾਂ ਨੇ ਮਾਰੇ ਗਏ ਅੱਤਵਾਦੀਆਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ।
ਆਪ੍ਰੇਸ਼ਨ ਜਾਰੀ ਹੈ, ਸੁਰੱਖਿਆ ਬਲਾਂ ਲਈ ਮਜ਼ਬੂਤੀ ਪਹੁੰਚ ਰਹੀ ਹੈ।
ਖੈਬਰ ਪਖਤੂਨਖਵਾ ਦੇ ਦੱਖਣੀ ਜ਼ਿਲਿਆਂ ‘ਚ ਸੁਰੱਖਿਆ ਬਲਾਂ ‘ਤੇ ਹਮਲਿਆਂ ਦੀ ਤਾਜ਼ਾ ਲਹਿਰ ਦੇ ਜਵਾਬ ‘ਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਖਿਲਾਫ ਵੱਡੀ ਮੁਹਿੰਮ ਚਲਾਈ।