ਉੱਤਰ ਪ੍ਰਦੇਸ਼ ‘ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜੀਐਸਟੀ ਵਿਭਾਗ ਦੇ ਅਧਿਕਾਰੀਆਂ ਨੇ ਪੰਜਾਬ ਦੇ ਇੱਕ ਟਰੱਕ ਡਰਾਈਵਰ ਦੀ ਕੁੱਟਮਾਰ ਕਰਕੇ ਉਸ ਨੂੰ ਟਰੱਕ ਦੇ ਕੈਬਿਨ ਵਿੱਚ ਬੰਦ ਕਰ ਦਿੱਤਾ। ਡਰਾਈਵਰ ਨੂੰ ਤਿੰਨ ਦਿਨਾਂ ਤੱਕ ਕੈਬਿਨ ਵਿੱਚ ਬੰਦ ਰੱਖਿਆ ਗਿਆ। ਉਹ ਆਪਣੀ ਰਿਹਾਈ ਲਈ ਮਿੰਨਤਾਂ ਕਰਦਾ ਰਿਹਾ ਪਰ ਅਧਿਕਾਰੀਆਂ ਨੇ ਉਸ ਦੀ ਇਕ ਨਾ ਸੁਣੀ। ਬਲਬੀਰ ਨੇ ਅਧਿਕਾਰੀਆਂ ਨੂੰ ਇੱਥੋਂ ਤੱਕ ਕਿਹਾ ਕਿ ਉਸ ਦੇ ਪੁੱਤਰ ਦੀ ਲੁਧਿਆਣਾ ਵਿੱਚ ਘਰ ਵਿੱਚ ਮੌਤ ਹੋ ਗਈ ਹੈ। ਪਰ ਜੀਐਸਟੀ ਅਧਿਕਾਰੀਆਂ ਨੂੰ ਇਸ ਦਾ ਵੀ ਤਰਸ ਨਹੀਂ ਆਇਆ। ਆਪਣੇ ਪੁੱਤਰ ਦੀ ਮੌਤ ਦੀ ਖ਼ਬਰ ਮਿਲਣ ਦੇ ਬਾਵਜੂਦ ਉਸ ਦੇ ਅੰਤਿਮ ਸੰਸਕਾਰ ‘ਚ ਸ਼ਾਮਲ ਨਾ ਹੋਣ ਅਤੇ ਅਫ਼ਸਰਾਂ ਵੱਲੋਂ ਉਸ ‘ਤੇ ਦਿੱਤੇ ਜਾ ਰਹੇ ਸਰੀਰਕ ਤਸ਼ੱਦਦ ਨੂੰ ਨਾ ਸਹਾਰਦਿਆਂ ਕੈਬਿਨ ‘ਚ ਹੀ ਮੌਤ ਹੋ ਗਈ | ਤੀਜੇ ਦਿਨ ਜਦੋਂ ਅਧਿਕਾਰੀਆਂ ਨੇ ਕੈਬਿਨ ਖੋਲ੍ਹਿਆ ਤਾਂ ਸੀਟ ‘ਤੇ ਇਕ ਲਾਸ਼ ਪਈ ਸੀ। ਮ੍ਰਿਤਕ ਦੀ ਪਛਾਣ ਬਲਬੀਰ ਸਿੰਘ ਵਾਸੀ ਲੁਧਿਆਣਾ ਵਜੋਂ ਹੋਈ ਹੈ। ਡਰਾਈਵਰ ਦੀ ਮੌਤ ਤੋਂ ਬਾਅਦ ਉੱਤਰ ਪ੍ਰਦੇਸ਼ ਪੁਲਸ ਨੇ ਕਾਨਪੁਰ ‘ਚ GST ਵਿਭਾਗ ‘ਚ ਤਾਇਨਾਤ ਦੋ ਸੰਯੁਕਤ ਕਮਿਸ਼ਨਰਾਂ ਅਮਿਤ ਮੋਹਨ ਅਤੇ ਪਾਰਸ ਨਾਥ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਜੀਐਸਟੀ ਵਿਭਾਗ ਕਾਨਪੁਰ ਦੇ ਕਮਿਸ਼ਨਰ ਆਨੰਦ ਪ੍ਰਕਾਸ਼ ਤਿਵਾਰੀ ਨੇ ਦੱਸਿਆ ਕਿ ਦੋ ਸੰਯੁਕਤ ਕਮਿਸ਼ਨਰਾਂ ਤੋਂ ਇਲਾਵਾ ਇਸ ਪੂਰੀ ਕਾਰਵਾਈ ਵਿੱਚ ਸ਼ਾਮਲ ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੋਵਾਂ ਸੰਯੁਕਤ ਕਮਿਸ਼ਨਰਾਂ ਦੀ ਗ੍ਰਿਫ਼ਤਾਰੀ ਦੀ ਅਜੇ ਪੁਸ਼ਟੀ ਨਹੀਂ ਕੀਤੀ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਦੋਵੇਂ ਹੁਣ ਲੁਕ ਗਏ ਹਨ ਅਤੇ ਪੁਲਿਸ ਦੀ ਗ੍ਰਿਫਤਾਰੀ ਤੋਂ ਬਚਣ ਲਈ ਅਗਾਊਂ ਜ਼ਮਾਨਤ ਦੀ ਮੰਗ ਕਰ ਰਹੇ ਹਨ। ਗੋਬਿੰਦ ਸਿੰਘ ਪੁੱਤਰ ਬਲਬੀਰ ਸਿੰਘ ਦੀ ਸ਼ਿਕਾਇਤ ’ਤੇ ਦੋਵਾਂ ਅਧਿਕਾਰੀਆਂ ਤੇ ਹੋਰ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।
