ਹਰ ਬੱਚਾ ਦੇਖਭਾਲ, ਮਾਣ ਅਤੇ ਸੁਰੱਖਿਅਤ ਭਵਿੱਖ ਦਾ ਹੱਕਦਾਰ ਹੈ: ਪੰਜਾਬ ਸਰਕਾਰ ਨੇ ਨਿਰਭਰ ਬੱਚਿਆਂ ਲਈ ਲਗਭਗ 218 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕੀਤੀ – ਡਾ. ਬਲਜੀਤ ਕੌਰ


* ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਹਮਦਰਦੀ ਭਰਪੂਰ ਅਤੇ ਸੰਮਲਿਤ ‘ਰੰਗਲਾ ਪੰਜਾਬ’ ਵੱਲ ਵਧ ਰਿਹਾ ਹੈ, ਜਿੱਥੇ ਹਰ ਬੱਚੇ ਨੂੰ ਸਹਾਇਤਾ, ਸੁਰੱਖਿਆ ਅਤੇ ਵਿਕਾਸ ਦੇ ਮੌਕੇ ਮਿਲਦੇ ਹਨ।

ਸੂਬੇ ਭਰ ‘ਚ 2.45 ਲੱਖ ਆਸ਼ਰਿਤ ਅਤੇ ਅਨਾਥ ਬੱਚਿਆਂ ਨੂੰ ਲਗਾਤਾਰ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ: ਡਾ. ਬਲਜੀਤ ਕੌਰ

* ਬਾਲ ਭਲਾਈ ਲਈ ਸਮੇਂ ਸਿਰ ਅਤੇ ਨਿਰਵਿਘਨ ਸਹਾਇਤਾ ਨੂੰ ਯਕੀਨੀ ਬਣਾਉਣ ਲਈ ਸਾਲ 2026-27 ਲਈ ਲਗਭਗ 433 ਕਰੋੜ ਰੁਪਏ ਦਾ ਬਜਟ ਪ੍ਰਬੰਧ: ਡਾ. ਬਲਜੀਤ ਕੌਰ *

ਚੰਡੀਗੜ੍ਹ, 1 ਅਕਤੂਬਰ:

ਕਮਜ਼ੋਰ ਹਾਲਤਾਂ ਵਿੱਚ ਬੱਚਿਆਂ ਦੀ ਦੇਖਭਾਲ, ਸੁਰੱਖਿਆ ਅਤੇ ਉੱਜਵਲ ਭਵਿੱਖ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦਿਆਂ, ਪੰਜਾਬ ਸਰਕਾਰ ਉਨ੍ਹਾਂ ਨੂੰ ਸਮਾਜਿਕ ਸੁਰੱਖਿਆ ਸਹਾਇਤਾ ਪ੍ਰਦਾਨ ਕਰਨ ਲਈ ਨਿਰੰਤਰ ਅਤੇ ਸੰਵੇਦਨਸ਼ੀਲ ਉਪਾਅ ਕਰ ਰਹੀ ਹੈ। ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਵਿੱਤੀ ਸਾਲ 2026-27 ਦੌਰਾਨ ਨਿਰਭਰ ਅਤੇ ਅਨਾਥ ਬੱਚਿਆਂ ਲਈ ਹੁਣ ਤੱਕ ਲਗਭਗ 218 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕੀਤੀ ਜਾ ਚੁੱਕੀ ਹੈ।

ਡਾ. ਬਲਜੀਤ ਕੌਰ ਨੇ ਕਿਹਾ ਕਿ ਹਰ ਬੱਚਾ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪਿਆਰ, ਦੇਖਭਾਲ, ਮਾਣ ਅਤੇ ਬਰਾਬਰ ਦੇ ਮੌਕਿਆਂ ਦਾ ਹੱਕਦਾਰ ਹੈ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਇਹ ਯਕੀਨੀ ਬਣਾਉਣ ਲਈ ਹਮਦਰਦੀ ਵਾਲੀ ਪਹੁੰਚ ਅਪਣਾ ਰਹੀ ਹੈ ਕਿ ਚੁਣੌਤੀਪੂਰਨ ਹਾਲਾਤਾਂ ਦਾ ਸਾਹਮਣਾ ਕਰ ਰਹੇ ਬੱਚਿਆਂ ਨੂੰ ਸਮੇਂ ਸਿਰ ਸਹਾਇਤਾ ਅਤੇ ਜੀਵਨ ਵਿੱਚ ਅੱਗੇ ਵਧਣ ਦਾ ਵਿਸ਼ਵਾਸ ਮਿਲੇ।

ਉਨ੍ਹਾਂ ਕਿਹਾ ਕਿ ਇਹ ਪਹਿਲ ‘ਰੰਗਲਾ ਪੰਜਾਬ’ ਦੇ ਵਿਜ਼ਨ ਨੂੰ ਦਰਸਾਉਂਦੀ ਹੈ, ਜਿੱਥੇ ਹਰ ਬੱਚੇ ਦੀ ਸੁਰੱਖਿਆ, ਤੰਦਰੁਸਤੀ ਅਤੇ ਸਰਵਪੱਖੀ ਵਿਕਾਸ ਇੱਕ ਤਰਜੀਹ ਹੈ। ਰਾਜ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਕੋਈ ਵੀ ਬੱਚਾ ਮੁਸ਼ਕਲ ਹਾਲਾਤਾਂ ਕਾਰਨ ਮੌਕਿਆਂ ਤੋਂ ਵਾਂਝਾ ਨਾ ਰਹੇ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਲਗਭਗ 2.45 ਲੱਖ ਨਿਰਭਰ ਅਤੇ ਅਨਾਥ ਬੱਚਿਆਂ ਨੂੰ ਰਾਜ ਸਰਕਾਰ ਦੀਆਂ ਸਮਾਜਿਕ ਸੁਰੱਖਿਆ ਪਹਿਲਕਦਮੀਆਂ ਤਹਿਤ ਵਿੱਤੀ ਸਹਾਇਤਾ ਅਤੇ ਲਾਭ ਪ੍ਰਦਾਨ ਕੀਤੇ ਜਾ ਰਹੇ ਹਨ। ਇਹ ਸਹਾਇਤਾ ਬੱਚਿਆਂ ਨੂੰ ਉਨ੍ਹਾਂ ਦੀਆਂ ਜ਼ਰੂਰੀ ਜ਼ਰੂਰਤਾਂ ਪੂਰੀਆਂ ਕਰਨ, ਉਨ੍ਹਾਂ ਦੀ ਸਿੱਖਿਆ ਜਾਰੀ ਰੱਖਣ ਅਤੇ ਉਨ੍ਹਾਂ ਦੇ ਭਵਿੱਖ ਲਈ ਇੱਕ ਮਜ਼ਬੂਤ ਨੀਂਹ ਬਣਾਉਣ ਵਿੱਚ ਸਹਾਇਤਾ ਕਰ ਰਹੀ ਹੈ।

ਬਲਜੀਤ ਕੌਰ ਨੇ ਅੱਗੇ ਦੱਸਿਆ ਕਿ ਇਹ ਸਕੀਮ 21 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਵਰ ਕਰਦੀ ਹੈ ਜਿਨ੍ਹਾਂ ਦੇ ਮਾਤਾ-ਪਿਤਾ ਦੋਵਾਂ ਦੀ ਮੌਤ ਹੋ ਗਈ ਹੈ, ਦੋਵੇਂ ਮਾਪੇ ਲਾਪਤਾ ਹਨ ਜਾਂ ਮਾਪੇ ਸਰੀਰਕ ਜਾਂ ਮਾਨਸਿਕ ਅਪਾਹਜਤਾ ਕਾਰਨ ਉਨ੍ਹਾਂ ਦੀ ਦੇਖਭਾਲ ਕਰਨ ਵਿੱਚ ਅਸਮਰੱਥ ਹਨ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਯੋਗ ਬੱਚਿਆਂ ਨੂੰ ਸਹਾਇਤਾ ਦੀ ਸੁਚਾਰੂ ਪਾਰਦਰਸ਼ੀ ਅਤੇ ਸਮੇਂ ‘ਤੇ ਵੰਡ ਸੁਨਿਸ਼ਚਿਤ ਕਰਨ ਦੇ ਲਈ ਵਿੱਤ ਵਰ੍ਹੇ 2026-27 ਦੇ ਲਈ ਲਗਭਗ 433 ਕਰੋੜ ਰੁਪਏ ਦਾ ਬਜਟ ਪ੍ਰਾਵਧਾਨ ਕੀਤਾ ਗਿਆ ਹੈ।

ਡਾ ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਬਾਲ ਭਲਾਈ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ ਅਤੇ ਅਜਿਹਾ ਮਾਹੌਲ ਸਿਰਜਣ ਲਈ ਕੰਮ ਕਰ ਰਹੀ ਹੈ ਜਿੱਥੇ ਹਰ ਬੱਚੇ ਨੂੰ ਸੁਰੱਖਿਅਤ ਬਚਪਨ, ਸਨਮਾਨਜਨਕ ਜ਼ਿੰਦਗੀ ਅਤੇ ਉਨ੍ਹਾਂ ਦੀ ਸਮਰੱਥਾ ਨੂੰ ਵਿਕਸਤ ਕਰਨ ਦੇ ਬਰਾਬਰ ਮੌਕੇ ਮਿਲਣ।

ਉਨ੍ਹਾਂ ਦੁਹਰਾਇਆ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਹਰ ਬੱਚੇ ਨੂੰ ਬਿਹਤਰ ਭਵਿੱਖ ਨੂੰ ਸੁਰੱਖਿਅਤ ਕਰਨ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਲੋੜੀਂਦੀ ਸਹਾਇਤਾ ਮਿਲੇ। ਪੰਜਾਬ ਸਰਕਾਰ ਸੂਬੇ ਭਰ ਵਿੱਚ ਬੱਚਿਆਂ ਦੀ ਭਲਾਈ ਅਤੇ ਸਸ਼ਕਤੀਕਰਨ ਲਈ ਸੰਵੇਦਨਸ਼ੀਲਤਾ ਅਤੇ ਸਮਰਪਣ ਨਾਲ ਕੰਮ ਕਰਨਾ ਜਾਰੀ ਰੱਖੇਗੀ।

Leave a Reply

Your email address will not be published. Required fields are marked *