ਅੰਮ੍ਰਿਤਸਰ ‘ਚ 13 ਪਿਸਤੌਲ, 3.2 ਕਿਲੋ ਹੈਰੋਇਨ ਸਮੇਤ ਨਸ਼ਾ ਤੇ ਹਥਿਆਰਾਂ ਦੀ ਸਪਲਾਈ ਨਾਲ ਜੁੜੇ 5 ਵਿਅਕਤੀ ਗ੍ਰਿਫਤਾਰ
ਗ੍ਰਿਫਤਾਰ ਕੀਤੇ ਗਏ ਮੁਲਜ਼ਮ ਖੇਤਰ ‘ਚ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰ ਰਹੇ ਸਨ: ਡੀਜੀਪੀ ਗੌਰਵ ਯਾਦਵ
*- ਅਗਲੇਰੀ ਜਾਂਚ ਜਾਰੀ ਹੈ, ਸੀਪੀ ਏਐਸਆਰ ਹਰਮਨਬੀਰ ਗਿੱਲ
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਤਿੰਨ ਨੈਟਵਰਕ ਨੂੰ ਖਤਮ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿਚੋਂ 13 ਪਿਸਤੌਲ ਅਤੇ 3.267 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕ੍ਰਿਸ਼ ਗੋਲਡ (20) ਵਾਸੀ ਲੋਹਗੜ੍ਹ ਅੰਮ੍ਰਿਤਸਰ, ਕੁਨਾਲ ਮਹਿਤਾ ਉਰਫ ਕੰਨੂ (21) ਵਾਸੀ ਕਟੜਾ ਦੂਲੋ ਅੰਮ੍ਰਿਤਸਰ, ਰੌਬਿਨ (21) ਵਾਸੀ ਹਿੰਦੁਸਤਾਨ ਬਸਤੀ ਅੰਮ੍ਰਿਤਸਰ, ਜਸਕਰਨ ਸਿੰਘ ਉਰਫ ਜਸ (36) ਵਾਸੀ ਭੂਤਨਪੁਰਾ ਅਤੇ ਜੋਬਨਪ੍ਰੀਤ ਸਿੰਘ ਉਰਫ ਜੋਬਨ (22) ਵਾਸੀ ਪਿੰਡ ਨੌਸ਼ਹਿਰਾ ਢੱਲਾ ਤਰਨਤਾਰਨ ਵਜੋਂ ਹੋਈ ਹੈ। ਮੁਲਜ਼ਮ ਜਸਕਰਨ ਉਰਫ ਜੱਸ ਇੱਕ ਆਦਤੀ ਅਪਰਾਧੀ ਹੈ ਜਿਸ ਦੇ ਖਿਲਾਫ ਐਨਡੀਪੀਐਸ ਐਕਟ, ਆਰਮਜ਼ ਐਕਟ ਆਦਿ ਤਹਿਤ ਪਹਿਲਾਂ ਪੰਜ ਅਪਰਾਧਿਕ ਕੇਸ ਦਰਜ ਹਨ।
ਬਰਾਮਦ ਕੀਤੇ ਗਏ ਪਿਸਤੌਲਾਂ ਵਿੱਚ ਅੱਠ .30 ਬੋਰ ਪੀਐਕਸ -3, ਤਿੰਨ .30 ਬੋਰ, ਇੱਕ 9 ਐਮਐਮ ਗਲੋਕ ਅਤੇ ਇੱਕ 9 ਐਮਐਮ ਪਿਸਤੌਲ ਅਤੇ 22 ਲਾਈਵ ਕਾਰਤੂਸ ਸ਼ਾਮਲ ਹਨ। ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਤੋਂ ਇਲਾਵਾ, ਪੁਲਿਸ ਟੀਮਾਂ ਨੇ ਉਨ੍ਹਾਂ ਦੀ ਕਾਰ ਵੀ ਜ਼ਬਤ ਕਰ ਲਈ ਹੈ, ਜਿਸ ਦੀ ਵਰਤੋਂ ਉਹ ਤਸਕਰੀ ਦੀਆਂ ਗਤੀਵਿਧੀਆਂ ਲਈ ਕਰ ਰਹੇ ਸਨ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਖੇਤਰ ਵਿੱਚ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਵਿੱਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਬੈਕਵਰਡ ਅਤੇ ਫਾਰਵਰਡ ਲਿੰਕੇਜ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ ਤਾਂ ਜੋ ਵਿਦੇਸ਼ੀ ਅਧਾਰਤ ਹੈਂਡਲਰਾਂ ਸਮੇਤ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕੀਤੀ ਜਾ ਸਕੇ।
ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਕ੍ਰਿਸ਼ ਗੋਲਡ ਅਤੇ ਕੁਨਾਲ ਮਹਿਤਾ ਉਰਫ ਕੰਨੂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿਚੋਂ ਦੋ .30 ਬੋਰ ਪਿਸਤੌਲ ਬਰਾਮਦ ਕੀਤੇ ਹਨ, ਜਦੋਂ ਕਿ ਕੁਨਾਲ ਉਰਫ ਕੰਨੂ ਦੇ ਖੁਲਾਸੇ ‘ਤੇ ਤਿੰਨ ਹੋਰ ਪਿਸਤੌਲ ਸਮੇਤ 14 ਜ਼ਿੰਦਾ ਕਾਰਤੂਸ ਅਤੇ 1.227 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਪੁੱਛਗਿੱਛ ਦੌਰਾਨ ਉਨ੍ਹਾਂ ਦੇ ਸਾਥੀ ਰੌਬਿਨ ਨੂੰ ਸਿਵਲ ਲਾਈਨਜ਼ ਤੋਂ ਗ੍ਰਿਫਤਾਰ ਕੀਤਾ ਗਿਆ।
ਇਕ ਹੋਰ ਕਾਰਵਾਈ ਵਿਚ ਪੁਲਿਸ ਟੀਮਾਂ ਨੇ ਇਕ ਕਾਰ ਨੂੰ ਰੋਕਿਆ ਅਤੇ ਗੱਡੀ ਵਿਚੋਂ 2.040 ਕਿਲੋ ਹੈਰੋਇਨ ਬਰਾਮਦ ਕਰਨ ਤੋਂ ਬਾਅਦ ਜਸਕਰਨ ਸਿੰਘ ਉਰਫ ਜੱਸ ਨੂੰ ਗ੍ਰਿਫਤਾਰ ਕੀਤਾ।
ਉਨ੍ਹਾਂ ਦੱਸਿਆ ਕਿ ਭਰੋਸੇਯੋਗ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਜੋਬਨਪ੍ਰੀਤ ਸਿੰਘ ਉਰਫ ਜੋਬਨ ਨੂੰ ਕਾਬੂ ਕੀਤਾ ਅਤੇ ਉਸ ਦੇ ਕਬਜ਼ੇ ਵਿਚੋਂ ਅੱਠ ਪੀਐਕਸ-3 ਪਿਸਤੌਲ ਅਤੇ ਅੱਠ ਜ਼ਿੰਦਾ ਕਾਰਤੂਸ ਬਰਾਮਦ ਕੀਤੇ।
ਇਸ ਸਬੰਧ ਵਿੱਚ, ਤਿੰਨ ਵੱਖ-ਵੱਖ ਕੇਸ- ਆਰਮਜ਼ ਐਕਟ ਦੀ ਧਾਰਾ 25 (6,7,8) ਦੇ ਤਹਿਤ ਪੁਲਿਸ ਸਟੇਸ਼ਨ ਡੀ-ਡਿਵੀਜ਼ਨ ਵਿਖੇ ਐਫਆਈਆਰ ਨੰਬਰ 168 ਮਿਤੀ 25.09.2026 ਅਤੇ ਐਨਡੀਪੀਐਸ ਐਕਟ ਦੀ ਧਾਰਾ 21-ਸੀ, ਐਨਡੀਪੀਐਸ ਐਕਟ ਦੀ ਧਾਰਾ 21-ਸੀ ਦੇ ਤਹਿਤ ਐਫਆਈਆਰ ਨੰਬਰ 228 ਮਿਤੀ 28.09.2026 ਅਤੇ ਐਫਆਈਆਰ ਨੰਬਰ 230 ਮਿਤੀ 29.09.2026 ਪੁਲਿਸ ਸਟੇਸ਼ਨ ਛੇਹਰਤਾ ਵਿਖੇ ਆਰਮਜ਼ ਐਕਟ ਦੀ ਧਾਰਾ 25 ਦੇ ਤਹਿਤ ਦਰਜ ਕੀਤੇ ਗਏ ਹਨ।
