ਮੁਲਜ਼ਮ ਅਪਰਾਧਿਕ ਗਤੀਵਿਧੀਆਂ ਵਿੱਚ ਹੋਰ ਵੰਡਣ ਅਤੇ ਵਰਤਣ ਲਈ ਗੈਰ-ਕਾਨੂੰਨੀ ਹਥਿਆਰ ਖਰੀਦ ਰਹੇ ਸਨ: ਡੀਜੀਪੀ ਗੌਰਵ ਯਾਦਵ *
*- ਅਗਲੇਰੀ ਜਾਂਚ ਜਾਰੀ ਹੈ, ਸੀਪੀ ਏਐਸਆਰ ਹਰਮਨਬੀਰ ਗਿੱਲ
ਚੰਡੀਗੜ/ਅੰਮ੍ਰਿਤਸਰ, 22 ਸਤੰਬਰ
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਮੰਗਲਵਾਰ ਨੂੰ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਅੱਠ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਛੇ ਨੈਟਵਰਕ ਨੂੰ ਖਤਮ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿਚੋਂ 13 ਨਾਜਾਇਜ਼ ਪਿਸਤੌਲ ਅਤੇ 23 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਦੀਪ ਸਿੰਘ ਉਰਫ ਦੀਪ (24) ਅਤੇ ਧਰਮਿੰਦਰ ਸਿੰਘ ਉਰਫ ਭਿੰਡਾ (34) ਵਜੋਂ ਹੋਈ ਹੈ, ਦੋਵੇਂ ਅੰਮ੍ਰਿਤਸਰ ਦਿਹਾਤੀ ਦੇ ਪਿੰਡ ਰਣਗੜ੍ਹ ਦੇ ਰਹਿਣ ਵਾਲੇ ਹਨ। ਅਮਿਤ (23) ਵਾਸੀ ਗੁਰੂ ਕੀ ਵਡਾਲੀ ਅੰਮ੍ਰਿਤਸਰ; ਹਰਪ੍ਰੀਤ ਸਿੰਘ ਉਰਫ ਹੈਪੀ ਨਿਆਨਾ (26) ਵਾਸੀ ਨਾਰਾਇਣਗੜ੍ਹ ਅੰਮ੍ਰਿਤਸਰ; ਚਮਕੌਰ ਸਿੰਘ (30) ਵਾਸੀ ਪਿੰਡ ਵਾਨ ਤਾਰਾ ਸਿੰਘ (ਤਰਨਤਾਰਨ); ਕਰਨਪ੍ਰੀਤ ਸਿੰਘ (22) ਵਾਸੀ ਪਿੰਡ ਨੂਰਡੀ, ਤਰਨਤਾਰਨ; ਗੌਰਵ (26) ਵਾਸੀ ਕਟੜਾ ਕਰਮ ਸਿੰਘ, ਅੰਮ੍ਰਿਤਸਰ; ਅਤੇ ਵਰੁਣ ਕੁਮਾਰ ਉਰਫ ਵਿੱਕੀ ਗਿੱਲ (33) ਵਾਸੀ ਭਾਈ ਮੰਜ ਸਿੰਘ ਰੋਡ ਅੰਮ੍ਰਿਤਸਰ।
ਬਰਾਮਦ ਕੀਤੇ ਗਏ ਪਿਸਤੌਲਾਂ ਵਿੱਚ ਦੋ .30 ਬੋਰ ਜ਼ਿਗਾਨਾ (ਮੇਡ ਇਨ ਤੁਰਕੀ), ਦੋ .30 ਬੋਰ (ਮੇਡ ਇਨ ਚਾਈਨਾ), ਇੱਕ9ਐਮਐਮ ਅਤੇ ਅੱਠ .30 ਬੋਰ ਪਿਸਤੌਲ ਸ਼ਾਮਲ ਹਨ। ਪਿਸਤੌਲ ਬਰਾਮਦ ਕਰਨ ਤੋਂ ਇਲਾਵਾ, ਪੁਲਿਸ ਟੀਮਾਂ ਨੇ ਤਸਕਰੀ ਦੀਆਂ ਗਤੀਵਿਧੀਆਂ ਲਈ ਵਰਤੇ ਜਾ ਰਹੇ ਉਨ੍ਹਾਂ ਦੇ ਐਕਟਿਵਾ ਸਕੂਟਰ ਨੂੰ ਵੀ ਜ਼ਬਤ ਕਰ ਲਿਆ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਕਥਿਤ ਤੌਰ ‘ਤੇ ਵਿਦੇਸ਼ੀ ਤਸਕਰਾਂ ਨਾਲ ਜੁੜੇ ਹੋਏ ਸਨ ਅਤੇ ਅਪਰਾਧਿਕ ਗਤੀਵਿਧੀਆਂ ਵਿੱਚ ਹੋਰ ਵੰਡ ਅਤੇ ਵਰਤੋਂ ਲਈ ਗੈਰ-ਕਾਨੂੰਨੀ ਹਥਿਆਰ ਖਰੀਦ ਰਹੇ ਸਨ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮੁਲਜ਼ਮਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਦੇ ਨੈਟਵਰਕ ਵਿੱਚ ਸ਼ਾਮਲ ਹੋਰ ਸਾਥੀਆਂ ਵਿਚਕਾਰ ਸਬੰਧ ਵੀ ਸਥਾਪਤ ਕੀਤੇ ਹਨ।
ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਨ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਵਿਆਪਕ ਨੈਟਵਰਕ ਨੂੰ ਖਤਮ ਕਰਨ ਲਈ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਬੈਕਵਰਡ ਅਤੇ ਫਾਰਵਰਡ ਸਬੰਧਾਂ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਗੁਰਦੀਪ ਸਿੰਘ ਉਰਫ ਦੀਪ ਅਤੇ ਧਰਮਿੰਦਰ ਸਿੰਘ ਉਰਫ ਭਿੰਡਾ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਦੇ ਕਬਜ਼ੇ ਵਿੱਚੋਂ ਦੋ ਪਿਸਤੌਲ ਅਤੇ ਸੱਤ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਮੁਲਜ਼ਮ ਅਮਿਤ, ਹਰਪ੍ਰੀਤ ਉਰਫ ਹੈਪੀ ਅਤੇ ਚਮਕੌਰ ਸਿੰਘ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਦੇ ਹਰੇਕ ਕਬਜ਼ੇ ਵਿਚੋਂ ਤਿੰਨ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਇਕ ਹੋਰ ਕਾਰਵਾਈ ਵਿਚ ਸੀਪੀ ਨੇ ਦੱਸਿਆ ਕਿ ਪੁਲਿਸ ਟੀਮ ਨੇ ਰੁਟੀਨ ਨਾਕਾ ਚੈਕਿੰਗ ਦੌਰਾਨ ਕਰਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਦੇ ਕਬਜ਼ੇ ਵਿਚੋਂ ਇਕ ਪਿਸਤੌਲ ਅਤੇ ਛੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਪੁਲਿਸ ਟੀਮ ਨੇ ਵਰੁਣ ਕੁਮਾਰ ਉਰਫ ਵਿੱਕੀ ਗਿੱਲ ਅਤੇ ਗੌਰਵ ਨੂੰ ਵੀ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿਚੋਂ ਇਕ ਪਿਸਤੌਲ ਅਤੇ ਚਾਰ ਜ਼ਿੰਦਾ ਕਾਰਤੂਸ ਬਰਾਮਦ ਕੀਤੇ।
ਇਸ ਸਬੰਧ ਵਿੱਚ, ਛੇ ਵੱਖ-ਵੱਖ ਮਾਮਲੇ- ਐਫਆਈਆਰ ਨੰਬਰ 213 ਮਿਤੀ 15.09.2026, ਐਫਆਈਆਰ ਨੰਬਰ 215 ਮਿਤੀ 16.09.2026 ਅਤੇ ਐਫਆਈਆਰ ਨੰਬਰ 219 ਮਿਤੀ 19.09.2026 ਨੂੰ ਛੇਹਰਤਾ ਥਾਣਾ ਵਿਖੇ ਆਰਮਜ਼ ਐਕਟ ਦੀ ਧਾਰਾ 25 ਦੇ ਤਹਿਤ ਦਰਜ ਕੀਤੇ ਗਏ ਹਨ; ਪੁਲਿਸ ਸਟੇਸ਼ਨ ਗੇਟ ਹਕੀਮਾ ਵਿਖੇ ਆਰਮਜ਼ ਐਕਟ ਦੀ ਧਾਰਾ 25 ਦੇ ਤਹਿਤ ਐਫਆਈਆਰ ਨੰਬਰ 247 ਮਿਤੀ 23.08.2026; ਪੁਲਿਸ ਸਟੇਸ਼ਨ ਸੁਲਤਾਨਵਿੰਡ ਵਿਖੇ ਆਰਮਜ਼ ਐਕਟ ਦੀ ਧਾਰਾ 25 (8) ਅਧੀਨ ਐਫਆਈਆਰ ਨੰਬਰ 205 ਮਿਤੀ 21.09.2026 ਅਤੇ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਡੀ-ਡਵੀਜ਼ਨ ਵਿਖੇ ਆਰਮਜ਼ ਐਕਟ ਦੀ ਧਾਰਾ 25 ਦੇ ਤਹਿਤ ਐਫਆਈਆਰ ਨੰਬਰ 205 ਮਿਤੀ 21.09.2026 ਦਰਜ ਕੀਤੀ ਗਈ ਹੈ।

