ਸੋਨੂੰ ਸੂਦ ਨਾਲ ਮੁੱਖ ਮੰਤਰੀ ਚੰਨੀ ਦੀ ਹੋਈ ਮੁਲਾਕਾਤ, ਕੀ ਆਉਣ ਵਾਲਾ ਹੈ ਕੋਈ ਸਿਆਸੀ ਤੂਫ਼ਾਨ ?
ਅਦਾਕਾਰ ਅਤੇ ਸਮਾਜ ਸੇਵਕ ਸੋਨੂੰ ਸੂਦ ਨੇ ਪੰਜਾਬ ਦੇ ਮੁੱਖ ਮੰਤਰੀ ਚੰਨੀ ਨਾਲ ਮੁਲਾਕਾਤ ਕੀਤੀ। ਇਹ ਮੀਟਿੰਗ ਸੈਕਟਰ 35 ਸਥਿਤ ਹੋਟਲ ਮੈਰੀਅਟ ਵਿੱਚ 2 ਘੰਟੇ ਚੱਲੀ।
ਪੰਜਾਬ ਵਿਧਾਨ ਸਭਾ ਚੋਣਾ 2022 ਲਈ ਸਾਰੀਆਂ ਪਾਰਟੀਆਂ ਨੇ ਕਮਰ ਕੱਸਣੀ ਸ਼ੁਰੂ ਕਰ ਦਿੱਤੀ।ਆਮ ਆਦਮੀ ਪਾਰਟੀ ਉੱਤੇ ਵਿਧਾਇਕਾਂ ਵੱਲੋਂ ਛੱਡ ਕੇ ਜਾ ਰਹੇ ਸੰਕਟ ਦੌਰਾਨ ਅੱਜ ‘ਆਪ’ ਨੇ ਆਪਣੇ 10 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ‘ਤੇ ਉਧਰ ਸੱਤਾ ਧਿਰ ਕਾਂਗਰਸ ਨੇ ਵੀ 2022 ਦੀ ਸੱਤਾ ਮੁੜ ਹਥਿਆਉਣ ਲਈ ਟੀਸੀ ਵਾਲੇ ਬੇਰਾਂ ‘ਤੇ ਨਜ਼ਰ ਰੱਖੀ ਹੋਈ।
ਪੰਜਾਬ ਦੀ ਸਿਆਸਤ ਨੂੰ ਗਰਮਾਉਂਦੀ ਇਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ।ਅੱਜ ਅਦਾਕਾਰ ਅਤੇ ਸਮਾਜ ਸੇਵਕ ਸੋਨੂੰ ਸੂਦ ਨੇ ਪੰਜਾਬ ਦੇ ਮੁੱਖ ਮੰਤਰੀ ਚੰਨੀ ਨਾਲ ਮੁਲਾਕਾਤ ਕੀਤੀ। ਇਹ ਮੀਟਿੰਗ ਸੈਕਟਰ 35 ਸਥਿਤ ਹੋਟਲ ਮੈਰੀਅਟ ਵਿੱਚ 2 ਘੰਟੇ ਚੱਲੀ। ਜਾਣਕਾਰੀ ਮੁਤਾਬਕ ਸੋਨੂੰ ਸੂਦ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾਵਾਂ ਦੇ ਸੰਪਰਕ ‘ਚ ਸਨ ਪਰ ਮੁੱਖ ਮੰਤਰੀ ਚੰਨੀ ਨਾਲ ਇਸ ਮੁਲਾਕਾਤ ਦੇ ਕਈ ਅਰਥ ਨਿਕਲਦੇ ਹਨ।ਸੂਤਰਾਂ ਮੁਤਾਬਕ ਸੋਨੂੰ ਸੂਦ 2022 ਦੀਆਂ ਚੋਣਾਂ ਲੜਨਾ ਚਾਹੁੰਦੇ ਹਨ। ਉਨ੍ਹਾਂ ਦੀ ਭੈਣ ਵੀ ਮੋਗਾ ਤੋਂ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ।
ਸੋਨੂੰ ਸੂਦ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੁਲਾਕਾਤ ਦੀਆਂ ਚਰਚਾਵਾਂ ਸਿਆਸੀ ਗਲਿਆਰਿਆਂ ਦੀ ਖੁੰਢ ਚਰਚਾ ਬਣੀ ਹੋਈ ਹੈ।ਹੁਣ ਵੇਖਣਾ ਇਹ ਹੋਵੇਗਾ ਕਿ ਪੰਜਾਬ ਦੀ ਸਿਆਸਤ ਵਿਚ ਹੁਣ ਕਿਹੜਾ ਨਵਾਂ ਮੋੜ ਆਉਣ ਵਾਲਾ ਹੈ।
ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਸੋਨੂੰ ਸੂਦ ਨੇ ਫਿਲਮ ਸਿਟੀ ਅਤੇ ਚੈਰੀਟੇਬਲ ਹਸਪਤਾਲ ਨੂੰ ਲੈ ਕੁਝ ਮੰਗਾਂ ਧਿਆਨ ਵਿਚ ਲਿਆਉਂਦੇ ਹੋਏ ਮੀਟਿੰਗ ਕੀਤੀ ਹੈ।ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਸੋਨੂੰ ਸੂਦ ਨੇ ਇਹਨਾਂ ਮੰਗਾਂ ਨੂੰ ਲੈ ਕੇ ਮੁਲਾਕਾਤ ਕੀਤੀ ਸੀ ਪਰ ਅਜੇ ਤੱਕ ਸੋਨੂੰ ਸੂਦ ਦੀਆਂ ਇਹਨਾਂ ਮੰਗਾਂ ਉੱਤੇ ਅਮਲ ਨਹੀਂ ਕੀਤਾ ਗਿਆ।