ਲੁਧਿਆਣਾ, 24 ਦਸੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਖਿਆ ਕਿ ਉਹ ਲੁਧਿਆਣਾ ਬੰਬ ਧਮਾਕੇ ਵਿਚ ਫੱਟੜ ਹੋਏ ਸਾਰੇ ਵਿਅਕਤੀਆਂ ਵਾਸਤੇ ਐਕਸ ਗ੍ਰੇਸ਼ੀਆ ਰਾਹਤ ਅਤੇ ਹਸਪਤਾਲ ਵਿਚ ਇਲਾਜ ਦਾ ਖਰਚਾ ਸਰਕਾਰ ਵੱਲੋਂ ਚੁੱਕਣ ਦਾ ਐਲਾਨ ਕਰਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਘਾਨ ਨੇ ਕੱਲ੍ਹ ਕੋਰਟ ਕੰਪਲੈਕਸ ਵਿਚ ਹੋਏ ਬੰਬ ਧਮਾਕੇ ਵਿਚ ਫੱਟੜ ਹੋਏ ਐਡਵੋਕੇਟ ਕੁਲਦੀਪ ਸਿੰਘ ਮੰਡ ਅਤੇ ਕ੍ਰਿਸ਼ਨ ਕੁਮਾਰ ਨਾਲ ਮੁਲਾਕਾਤ ਕੀਤੀ ਜੋ ਦਯਾਨੰਦ ਮੈਡੀਕਲ ਕਾਲਜ ਹਸਪਤਾਲ ਵਿਚ ਜੇਰੇ ਇਲਾਜ ਹਨ। ਉਹਨਾਂ ਨੇ ਦੋਹਾਂ ਦਾ ਹਾਲ ਚਾਲ ਪੁੱਛਿਆ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਦੋਹਾਂ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਉਹਨਾਂ ਦੇ ਜੀਆਂ ਦੇ ਇਲਾਜ ਵਾਸਤੇ ਕੋਈ ਮਾਲੀ ਸਹਾਇਤਾ ਨਹੀਂ ਦਿੱਤੀ।
ਮੁੱਖ ਮੰਤਰੀ ਨੁੰ ਫੱਟੜ ਲਈ ਤੁਰੰਤ ਐਕਸ ਗ੍ਰੇਸ਼ੀਆ ਰਾਹਤ ਦੇਣ ਵਾਸਤੇ ਆਖਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬਜਾਏ ਇਸ ਘਨੌਣੇ ਹਮਲੇ ਲਈ ਆਪਣੇ ਸਿਆਸੀ ਵਿਰੋਧੀਆਂ ਖਿਲਾਫ ਦੂਸ਼ਣਬਾਜ਼ੀ ਕਰਨ ਦੇ, ਇਹ ਰਾਹਤ ਦੇਣਾ ਉਹਨਾਂ ਦੀ ਤਰਜੀਹ ਹੋਣੀ ਚਾਹੀਦੀ ਹੈ। ਉਹਨਾਂ ਨੇ ਮੁੱਖ ਮੰਤਰੀ ਨੁੰ ਆਖਿਆ ਕਿ ਉਹ ਅਕਾਲੀ ਆਗੂਆਂ ਨੁੰ ਝੂਠੇ ਕੇਸਾਂ ਵਿਚ ਫਸਾਉਣ ਦੇ ਤਰੀਕਿਆਂ ’ਤੇ ਚਰਚਾ ਕਰਨ ਵਾਸਤੇ ਉਚ ਅਫਸਰਾਂ ਦੀਆਂ ਮੀਟਿੰਗਾਂ ਸੱਦਣ ਨਾਲੋਂ ਤੁਰੰਤ ਅਮਨ ਕਾਨੁੰਨ ਦੀ ਸਥਿਤੀ ਦੀ ਸਮੀਖਿਆ ਵਾਸਤੇ ਮੀਟਿੰਗ ਸੱਦਣ।
ਸਰਦਾਰ ਬਾਦਲ ਨੇ ਕਾਂਗਰਸ ਸਰਕਾਰ ਨੁੰ ਇਹ ਵੀ ਆਖਿਆ ਕਿ ਉਹ ਲੋਕਾਂ ਨੁੰ ਦੱਸੇ ਕਿ ਉਸਨੇ ਲੁਧਿਆਣਾ ਧਮਾਕੇ ਤੋਂ ਪਹਿਲਾਂ ਚਾਰ ਮਹੀਨਿਆਂ ਵਿਚ ਲਗਾਤਾਰ ਹੋਏ ਪੰਜ ਬੰਬ ਧਮਾਕਿਆਂ ਦੇ ਦੋਸ਼ੀਆਂ ਦੀ ਸ਼ਨਾਖ਼ਤ ਲਈ ਤੇ ਇਹਨਾਂ ਪਿੱਛੇ ਸਾਜ਼ਿਸ਼ ਦਾ ਪਤਾ ਲਾਉਣ ਲਈ ਕੀ ਕਦਮ ਚੁੱਕੇ ਹਨ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਸਮੇਂ ਸਿਰ ਕਦਮ ਚੁੱਕੇ ਹੁੰਦੇ ਤਾਂ ਫਿਰ ਲੁਧਿਆਣਾ ਤ੍ਰਾਸਦੀ ਟਾਲੀ ਜਾ ਸਕਦੀ ਸੀ।
ਸੁਖਬੀਰ ਸਿੰਘ ਬਾਦਲ ਨੇ ਲੁਧਿਆਣਾ ਬੰਬ ਧਮਾਕੇ ਦੇ ਜ਼ਖ਼ਮੀਆਂ ਦਾ ਹਸਪਤਾਲ ਜਾ ਕੇ ਹਾਲ ਚਾਲ ਪੁੱਛਿਆਮੁੱਖ ਮੰਤਰੀ ਨੁੰ ਫੱਟੜਾਂ ਲਈ ਐਕਸ ਗ੍ਰੇਸ਼ੀਆ ਰਾਹਤ ਤੇ ਹਸਪਤਾਲ ਦੇ ਖਰਚੇ ਸਰਕਾਰ ਵੱਲੋਂ ਚੁੱਕਣ ਦਾ ਐਲਾਨ ਕਰਨ ਵਾਸਤੇ ਆਖਿਆ
