ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਅਧਿਆਪਕਾਂ ਨੂੰ ਜ਼ਿਲ੍ਹੇ ਅੰਦਰ ਤਬਾਦਲੇ ਲਈ ਇੱਕ ਹੋਰ ਮੌਕਾ ਦੇਣ ਦਾ ਐਲਾਨ –

ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਅਧਿਆਪਕਾਂ ਨੂੰ ਜ਼ਿਲ੍ਹੇ ਅੰਦਰ ਤਬਾਦਲੇ ਲਈ ਇੱਕ ਹੋਰ ਮੌਕਾ ਦੇਣ ਦਾ ਐਲਾਨ –


ਚੰਡੀਗੜ੍ਹ, 21 ਮਈ:

ਅੰਕੜਿਆਂ ਦੇ ਮੇਲ ਨਾ ਹੋਣ ਕਾਰਨ ਤਬਾਦਲੇ ਲਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਅਧਿਆਪਕਾਂ ਦੀਆਂ ਰਿਪੋਰਟਾਂ ‘ਤੇ ਤੁਰੰਤ ਕਾਰਵਾਈ ਕਰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਤਵਾਰ ਨੂੰ ਅਜਿਹੇ ਅਧਿਆਪਕਾਂ ਲਈ ਜ਼ਿਲ੍ਹੇ ਅੰਦਰ ਤਬਾਦਲੇ ਲਈ ਇਕ ਹੋਰ ਵਿਸ਼ੇਸ਼ ਮੌਕਾ ਦੇਣ ਦਾ ਐਲਾਨ ਕੀਤਾ।

ਕਈ ਅਧਿਆਪਕਾਂ ਨੇ ਇਹ ਮਾਮਲਾ ਸਿੱਖਿਆ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਤਬਾਦਲੇ ਸਬੰਧੀ ਅੰਕੜੇ ਬੇਮੇਲ ਹੋਣ ਕਾਰਨ ਉਹ ਤਬਾਦਲਾ ਕਰਵਾਉਣ ਤੋਂ ਵਾਂਝੇ ਰਹਿ ਗਏ ਹਨ।

ਹਾਲਾਂਕਿ, ਕਈ ਹੋਰ ਅਧਿਆਪਕਾਂ ਨੇ ਤਬਾਦਲਿਆਂ ਦੇ ਪਹਿਲੇ ਦੌਰ ਦੌਰਾਨ ਖਾਲੀ ਹੋਏ ਸਟੇਸ਼ਨਾਂ ‘ਤੇ ਤਬਾਦਲੇ ਕਰਵਾਉਣ ਦੀ ਮੰਗ ਜ਼ੋਰਦਾਰ ਢੰਗ ਨਾਲ ਉਠਾਈ। ਇਨ੍ਹਾਂ ਅਧਿਆਪਕਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਜ਼ਿਲ੍ਹੇ ਅੰਦਰ ਤਬਾਦਲਾ ਕਰਵਾਉਣ ਦਾ ਇੱਕ ਹੋਰ ਮੌਕਾ ਦਿੱਤਾ ਜਾਵੇ ਤਾਂ ਜੋ ਉਹ ਆਸ-ਪਾਸ ਦੇ ਸਟੇਸ਼ਨਾਂ ’ਤੇ ਤਾਇਨਾਤੀ ਹਾਸਲ ਕਰ ਸਕਣ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਬੈਂਸ ਨੇ ਦੱਸਿਆ ਕਿ ਇਸ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਭਾਗ ਨੇ ਇਨ੍ਹਾਂ ਅਧਿਆਪਕਾਂ/ਕੰਪਿਊਟਰ ਫੈਕਲਟੀ/ਕਰਮਚਾਰੀਆਂ ਨੂੰ ਇੱਕ ਹੋਰ ਮੌਕਾ ਦੇਣ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਦਾ ਡਾਟਾ ਸਹੀ ਢੰਗ ਨਾਲ ਮੇਲ ਨਹੀਂ ਖਾਂਦਾ ਹੈ। ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਸਬੰਧਤ ਸਕੂਲ ਮੁਖੀ/ਡੀ.ਡੀ.ਓ 22 ਮਈ, 2023 ਤੋਂ ਪਹਿਲਾਂ ਦੁਪਹਿਰ 02.00 ਵਜੇ ਤੱਕ ਡੇਟਾ ਦੀ ਤਸਦੀਕ ਕਰਨਗੇ। ਇਹ ਅਧਿਆਪਕ ਈ-ਪੰਜਾਬ ਪੋਰਟਲ ‘ਤੇ ਲੌਗਇਨ ਕਰਕੇ 22 ਮਈ, 2023 ਨੂੰ ਦੁਪਹਿਰ 02.00 ਵਜੇ ਤੋਂ 06.00 ਵਜੇ ਤੱਕ ਤਬਾਦਲੇ ਲਈ ਸਟੇਸ਼ਨ ਦੀ ਚੋਣ ਕਰ ਸਕਦੇ ਹਨ।

ਜ਼ਿਕਰਯੋਗ ਹੈ ਕਿ ਜ਼ਿਲ੍ਹੇ ਅੰਦਰ ਕੁੱਲ 5172 ਅਧਿਆਪਕਾਂ ਨੇ ਤਬਾਦਲੇ ਲਈ ਅਪਲਾਈ ਕੀਤਾ ਸੀ, ਜਿਨ੍ਹਾਂ ਵਿੱਚੋਂ 2651 ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸੇ ਤਰ੍ਹਾਂ ਸਕੂਲ ਸਟਾਫ਼ ਵਿੱਚੋਂ 308 ਨਾਨ-ਟੀਚਿੰਗ ਸਟਾਫ਼ ਮੈਂਬਰਾਂ ਨੇ ਤਬਾਦਲਿਆਂ ਲਈ ਅਪਲਾਈ ਕੀਤਾ ਸੀ, ਜਿਨ੍ਹਾਂ ਵਿੱਚੋਂ 275 ਦੇ ਤਬਾਦਲੇ ਹੋ ਚੁੱਕੇ ਹਨ।

Leave a Reply

Your email address will not be published. Required fields are marked *