ਵਪਾਰਕ ਸਾਈਟਾਂ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ ਰੇਤ ਵੀ ਮੁਹੱਈਆ ਕਰਵਾਉਣਗੀਆਂ


ਵਪਾਰਕ ਸਾਈਟਾਂ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ ਰੇਤ ਵੀ ਪ੍ਰਦਾਨ ਕਰਨਗੀਆਂ – ਮੀਟ ਹੇਅਰ

ਪੰਜਾਬ ਸਰਕਾਰ ਜੁਲਾਈ ਤੱਕ 250 ਸਾਈਟਾਂ ਸ਼ੁਰੂ ਕਰੇਗੀ

ਪਿੰਡ ਸੇਖਾ ਕਲਾਂ ਵਿਖੇ 13.50 ਕਰੋੜ ਦੀ ਲਾਗਤ ਨਾਲ ਸਿਵੀਆਂ ਰਜਬਾਹੇ ਦਾ ਨੀਂਹ ਪੱਥਰ ਰੱਖਿਆ

ਚੰਡੀਗੜ੍ਹ/ਬਾਘਾਪੁਰਾਣਾ (ਮੋਗਾ), 4 ਮਾਰਚ

ਜਲ ਸਰੋਤ, ਮਾਈਨਿੰਗ, ਪ੍ਰਸ਼ਾਸ਼ਨ ਸੁਧਾਰ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਜਲਦੀ ਹੀ ਸੂਬੇ ਦੀਆਂ 100 ਵਪਾਰਕ ਸਾਈਟਾਂ ਤੋਂ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਰੇਤ ਵੀ ਉਪਲਬਧ ਹੋਵੇਗੀ। ਉਨ੍ਹਾਂ ਕਿਹਾ ਕਿ ਮਾਰਚ ਮਹੀਨੇ ਦੌਰਾਨ ਸਾਰੀਆਂ ਸਾਈਟਾਂ ਦਾ ਨਵੇਂ ਸਿਰੇ ਤੋਂ ਟੈਂਡਰ ਕੀਤਾ ਜਾ ਰਿਹਾ ਹੈ। ਉਹ ਅੱਜ ਪਿੰਡ ਸੇਖਾ ਕਲਾਂ ਵਿਖੇ 13.50 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸਿਵੀਆਂ ਰਜਬਾਹੇ ਦਾ ਨੀਂਹ ਪੱਥਰ ਰੱਖਣ ਤੋਂ ਪਹਿਲਾਂ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰ ਰਹੇ ਸਨ।

ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਟੀਚਾ ਇਸ ਸਾਲ ਜੁਲਾਈ ਤੱਕ 250 ਸਾਈਟਾਂ ਨੂੰ ਚਾਲੂ ਕਰਨਾ ਹੈ, ਜਿਨ੍ਹਾਂ ਵਿੱਚੋਂ 100 ਸਾਈਟਾਂ ਵਪਾਰਕ ਅਤੇ 150 ਸਾਈਟਾਂ ਜਨਤਕ ਖੇਤਰ ਦੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਵੇਲੇ ਸੂਬੇ ਭਰ ਵਿੱਚ 16 ਸਰਕਾਰੀ ਸਾਈਟਾਂ ਚਾਲੂ ਹੋ ਚੁੱਕੀਆਂ ਹਨ ਅਤੇ ਮਾਰਚ ਵਿੱਚ 32 ਹੋਰ ਸਾਈਟਾਂ ਚਾਲੂ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਰੇਤ ਦੇ ਨਾਜਾਇਜ਼ ਵਪਾਰ ਅਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਸੂਬੇ ਦੇ 7 ਬਲਾਕਾਂ ਨੂੰ 100 ਬਲਾਕਾਂ ਵਿੱਚ ਵੰਡਿਆ ਹੈ।

ਮੰਤਰੀ ਨੇ ਅੱਗੇ ਕਿਹਾ ਕਿ ਖੇਤੀਬਾੜੀ ਨੂੰ ਉਤਸ਼ਾਹਿਤ ਕਰਨਾ ਅਤੇ ਹਰ ਖੇਤ ਤੱਕ ਪਾਣੀ ਮੁਹੱਈਆ ਕਰਵਾਉਣਾ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ 500 ਕਰੋੜ ਰੁਪਏ ਖਰਚ ਕੇ ਲਾਈਨਿੰਗ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕਿਸਾਨ ਨੂੰ ਇਸ ਕੰਮ ਲਈ 10 ਫੀਸਦੀ ਖਰਚਾ ਦੇਣਾ ਪੈਂਦਾ ਸੀ ਪਰ ਹੁਣ ਸਰਕਾਰ 100 ਫੀਸਦੀ ਖਰਚੇਗੀ। ਉਨ੍ਹਾਂ ਐਲਾਨ ਕੀਤਾ ਕਿ ਬਾਘਾ ਡਿਸਟ੍ਰੀਬਿਊਟਰੀ ਦਾ ਕੰਮ ਵੀ ਅਗਲੇ ਸਾਲ ਸ਼ੁਰੂ ਹੋ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਬਾਘਾਪੁਰਾਣਾ ਵਿੱਚ ਨਵੀਂ ਸੁਵਿਧਾ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ।

ਮੀਤ ਹੇਅਰ ਨੇ ਕਿਹਾ ਕਿ ਨਵੀਂ ਖੇਤੀ ਨੀਤੀ ਲਈ ਕਿਸਾਨਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾ ਰਿਹਾ ਹੈ ਅਤੇ ਏਸੀ ਕਮਰਿਆਂ ਵਿੱਚ ਬੈਠ ਕੇ ਇਸ ਨੀਤੀ ਦਾ ਖਰੜਾ ਨਹੀਂ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀ ਵਿਭਿੰਨਤਾ ਲਿਆਉਣ ਲਈ ਚੰਦਨ ‘ਤੇ ਘੱਟੋ-ਘੱਟ ਸਮਰਥਨ ਮੁੱਲ ਦਿੱਤਾ ਜਾ ਰਿਹਾ ਹੈ ਅਤੇ ਝੋਨੇ ਦੀ ਸਿੱਧੀ ਬਿਜਾਈ ਲਈ 1500 ਰੁਪਏ ਪ੍ਰਤੀ ਏਕੜ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਪਾਣੀ ਦੀ ਬੱਚਤ ਕਰਨ ਦੀ ਅਪੀਲ ਕੀਤੀ।

ਇਸ ਤੋਂ ਪਹਿਲਾਂ ਪੰਜਾਬ ਸਰਕਾਰ ਅਤੇ ਮੰਤਰੀ ਦਾ ਧੰਨਵਾਦ ਕਰਦਿਆਂ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਕਿਹਾ ਕਿ ਸਿਵੀਆਂ ਰਜਬਾਹਿਆਂ ਦੀ ਲੋਕਾਂ ਦੀ ਚਿਰੋਕਣੀ ਮੰਗ ਸੀ, ਜੋ ਅੱਜ ਪੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਇਲਾਕੇ ਦੇ 18 ਪਿੰਡਾਂ ਨੂੰ ਸਿੱਧਾ ਫਾਇਦਾ ਹੋਵੇਗਾ ਅਤੇ 21 ਹਜ਼ਾਰ ਏਕੜ ਜ਼ਮੀਨ ਨੂੰ ਸਿੰਚਾਈ ਦੀ ਸਹੂਲਤ ਮਿਲੇਗੀ ਜੋ ਪਹਿਲਾਂ ਸਿਰਫ਼ 14 ਹਜ਼ਾਰ ਏਕੜ ਤੱਕ ਸੀਮਤ ਸੀ।

ਇਸ ਮੌਕੇ ਡਾ: ਅਮਨਦੀਪ ਕੌਰ ਅਰੋੜਾ ਵਿਧਾਇਕ ਮੋਗਾ, ਦੀਪਕ ਅਰੋੜਾ ਚੇਅਰਮੈਨ ਨਗਰ ਸੁਧਾਰ ਟਰੱਸਟ ਮੋਗਾ, ਹਰਮਨਦੀਪ ਸਿੰਘ ਬਰਾੜ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਂਸ, ਐਸ.ਡੀ.ਐਮ ਸ੍ਰੀ ਰਾਮ ਸਿੰਘ ਅਤੇ ਸ੍ਰੀ ਸ਼ੰਮੀ ਕੁਮਾਰ ਮੁੱਖ ਇੰਜਨੀਅਰ ਜਲ ਸਰੋਤ ਵਿਭਾਗ ਵੀ ਹਾਜ਼ਰ ਸਨ।

Leave a Reply

Your email address will not be published. Required fields are marked *