ਗੁਜਰਾਤ ਦੇ ਵਡੋਦਰਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਵਡੋਦਰਾ ਵਿੱਚ, ਇੱਕ ਵਿਅਕਤੀ ਸਾਂਤਾ ਕਲਾਜ਼ ਦੇ ਕੱਪੜੇ ਪਾ ਕੇ ਘੁੰਮ ਰਿਹਾ ਸੀ। ਬੱਚਿਆਂ ਦੇ ਨਾਲ-ਨਾਲ ਬਜ਼ੁਰਗ ਵੀ ਸਾਂਤਾ ਨੂੰ ਦੇਖਣ ਲਈ ਉਤਾਵਲੇ ਸਨ ਪਰ ਇਸ ਦੌਰਾਨ ਕੁਝ ਲੋਕਾਂ ਨੇ ਉਸ ਵਿਅਕਤੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਜੋ ਸੈਂਟਾ ਕਲਾਜ਼ ਸੀ। ਮਾਮਲਾ ਪਿਛਲੇ ਮੰਗਲਵਾਰ ਮਕਰਪੁਰਾ ਕਲੋਨੀ ਦਾ ਹੈ। ਪੁਲਿਸ ਨੇ ਘਟਨਾ ਦੀ ਪੁਸ਼ਟੀ ਕਰ ਦਿੱਤੀ ਹੈ ਅਤੇ ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਸਬੰਧੀ ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਮਕਰਪੁਰਾ ਦੀ ਇੱਕ ਕਲੋਨੀ ਵਿੱਚ ਸਾਂਤਾ ਕਲਾਜ਼ ਦੇ ਕੱਪੜੇ ਪਹਿਨੇ ਇੱਕ ਵਿਅਕਤੀ ਚਾਕਲੇਟ ਵੰਡ ਰਿਹਾ ਸੀ। ਉਹ ਕਲੋਨੀ ਦੇ ਈਸਾਈ ਭਾਈਚਾਰੇ ਦੇ ਲੋਕਾਂ ਨੂੰ ਮਿਲਣ ਗਏ ਸਨ। ਇਸ ਦੌਰਾਨ ਕਲੋਨੀ ਵਿੱਚ ਮੌਜੂਦ ਹੋਰ ਭਾਈਚਾਰਿਆਂ ਦੇ ਲੋਕਾਂ ਨੇ ਇਸ ’ਤੇ ਨਾਰਾਜ਼ਗੀ ਪ੍ਰਗਟਾਈ। ਇਸ ਤੋਂ ਬਾਅਦ ਕੁਝ ਹੰਗਾਮਾ ਹੋਇਆ ਜਿਸ ਤੋਂ ਬਾਅਦ ਲੋਕਾਂ ਨੇ ਸਾਂਤਾ ਕਲਾਜ਼ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਕੁਝ ਲੋਕਾਂ ਨੇ ਦਖਲ ਦੇ ਕੇ ਮਾਮਲਾ ਸ਼ਾਂਤ ਕਰਵਾਇਆ। ਕ੍ਰਿਸਮਿਸ ਮੌਕੇ ਅਜਿਹੀ ਘਟਨਾ ਤੋਂ ਬਾਅਦ ਈਸਾਈ ਭਾਈਚਾਰੇ ਦੇ ਲੋਕਾਂ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਪੁਲੀਸ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਪੁਲੀਸ ਅਨੁਸਾਰ ਕ੍ਰਿਸਮਿਸ ਦੇ ਮੌਕੇ ’ਤੇ ਇਸਾਈ ਭਾਈਚਾਰੇ ਦੇ ਲੋਕਾਂ ਨੇ ਸ਼ੋਭਾ ਯਾਤਰਾ ਕੱਢਣ ਲਈ ਸੁਰੱਖਿਆ ਦੀ ਮੰਗ ਕੀਤੀ ਹੈ। ਪੁਲਿਸ ਨੇ ਈਸਾਈ ਭਾਈਚਾਰੇ ਦੇ ਲੋਕਾਂ ਨੂੰ ਸੁਰੱਖਿਆ ਦੇਣ ਦਾ ਵੀ ਭਰੋਸਾ ਦਿੱਤਾ ਹੈ। ਇਸ ਮਾਮਲੇ ਵਿੱਚ ਇਹ ਵੀ ਜਾਣਕਾਰੀ ਮਿਲੀ ਹੈ ਕਿ ਲੋਕਾਂ ਨੇ ਧਮਕੀ ਦਿੱਤੀ ਹੈ ਕਿ ਇਹ ਸਾਡਾ ਇਲਾਕਾ ਹੈ, ਇੱਥੇ ਇਹ ਸਭ ਨਹੀਂ ਚੱਲੇਗਾ। ਜ਼ਖਮੀ ਸਾਂਤਾ ਕਲਾਜ਼ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਅਜਿਹੀ ਘਟਨਾ ਤੋਂ ਬਾਅਦ ਪੁਲਿਸ ਵੀ ਚੌਕਸ ਹੋ ਗਈ ਹੈ।