
ਕਲਪਨਾ ਹੈ ਕਿ ਖੇਤਰ ਦੀ ਬੇਮਿਸਾਲ ਕੁਦਰਤੀ ਸੁੰਦਰਤਾ ਪੰਜਾਬ ਨੂੰ ਅੰਤਰਰਾਸ਼ਟਰੀ ਸੈਰ-ਸਪਾਟੇ ਦੇ ਨਕਸ਼ੇ ‘ਤੇ ਹੋਰ ਅੱਗੇ ਵਧਾ ਸਕਦੀ ਹੈ

ਆਰਥਿਕ ਗਤੀਵਿਧੀਆਂ ਨੂੰ ਵਧਾਵਾ ਦੇ ਕੇ ਲੋਕਾਂ ਦੀ ਕਿਸਮਤ ਨੂੰ ਬਦਲਣ ਲਈ ਇਸ ਨੂੰ ਸਮੇਂ ਦੀ ਲੋੜ ਦੱਸਿਆ
ਧਾਰ (ਪਠਾਨਕੋਟ), 18 ਮਈ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਕਿਹਾ ਕਿ ਸੂਬਾ ਸਰਕਾਰ ਰਣਜੀਤ ਸਾਗਰ ਡੈਮ ਦੇ ਆਲੇ-ਦੁਆਲੇ ਦੇ ਖੇਤਰ ਖਾਸ ਕਰਕੇ ਧਾਰ ਕਲਾਂ ਬਲਾਕ ਨੂੰ ਇੱਕ ਆਦਰਸ਼ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰਨ ਲਈ ਠੋਸ ਉਪਰਾਲੇ ਕਰੇਗੀ।
ਵੀਰਵਾਰ ਨੂੰ ਇਸ ਖੇਤਰ ਦਾ ਦੌਰਾ ਕਰਨ ਵਾਲੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਖੇਤਰ ਨੂੰ ਸੈਰ ਸਪਾਟਾ ਸਥਾਨ ਵਜੋਂ ਵਿਕਸਤ ਕਰਨ ਦੀ ਵੱਡੀ ਸੰਭਾਵਨਾ ਹੈ ਜਿਸ ਲਈ ਠੋਸ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਅਫਸੋਸ ਪ੍ਰਗਟ ਕੀਤਾ ਕਿ ਰਾਜ ਸਰਕਾਰਾਂ ਦੀ ਅਣਗਹਿਲੀ ਕਾਰਨ ਇਹ ਖੇਤਰ ਹੁਣ ਤੱਕ ਵਿਕਾਸ ਪੱਖੋਂ ਅਣਗੌਲਿਆ ਹੋਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਖੇਤਰ ਵਿੱਚ ਸੈਰ-ਸਪਾਟੇ ਦੀਆਂ ਅਣਸਰਦੀਆਂ ਸੰਭਾਵਨਾਵਾਂ ਦਾ ਭਰਪੂਰ ਉਪਯੋਗ ਕੀਤਾ ਜਾਵੇਗਾ ਤਾਂ ਜੋ ਬੇਅੰਤ ਕੁਦਰਤੀ ਸੁੰਦਰਤਾ ਨਾਲ ਭਰਪੂਰ ਇਸ ਧਰਤੀ ਵੱਲ ਸੈਲਾਨੀਆਂ ਨੂੰ ਆਕਰਸ਼ਿਤ ਕੀਤਾ ਜਾ ਸਕੇ।
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਸਮੁੱਚੇ ਖੇਤਰ ਦੇ ਵਿਕਾਸ ਲਈ ਇੱਕ ਵਿਸਤ੍ਰਿਤ ਖਾਕਾ ਤਿਆਰ ਕਰਨ ਲਈ ਆਖਿਆ ਤਾਂ ਜੋ ਸੂਬੇ ਵਿੱਚ ਸੈਰ ਸਪਾਟਾ ਖੇਤਰ ਨੂੰ ਵੱਡਾ ਹੁਲਾਰਾ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਇਲਾਕਾ ਕੁਦਰਤੀ ਸੋਮਿਆਂ ਨਾਲ ਭਰਪੂਰ ਹੈ ਜੋ ਵਿਸ਼ਵ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰ ਸਕਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਖੇਤਰ ਵਿੱਚ ਆਰਥਿਕ ਗਤੀਵਿਧੀਆਂ ਨੂੰ ਬੜ੍ਹਾਵਾ ਦੇਣਾ ਸਮੇਂ ਦੀ ਮੁੱਖ ਲੋੜ ਹੈ ਜਿਸ ਨਾਲ ਲੋਕਾਂ ਦੇ ਜੀਵਨ ਵਿੱਚ ਤਬਦੀਲੀ ਆਵੇ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਜਲ ਖੇਡਾਂ ਨੂੰ ਬੜ੍ਹਾਵਾ ਦੇਣ ਲਈ ਵਾਟਰ ਐਡਵੈਂਚਰ ਟੂਰਿਜ਼ਮ ਨੀਤੀ ਨੂੰ ਪਹਿਲਾਂ ਹੀ ਹਰੀ ਝੰਡੀ ਦੇ ਦਿੱਤੀ ਹੈ ਜਿਸ ਨੂੰ ਇੱਥੇ ਵੀ ਲਾਗੂ ਕੀਤਾ ਜਾ ਸਕਦਾ ਹੈ। ਭਗਵੰਤ ਮਾਨ ਨੇ ਕਲਪਨਾ ਕੀਤੀ ਕਿ ਉਹ ਦਿਨ ਦੂਰ ਨਹੀਂ ਜਦੋਂ ਬੁਨਿਆਦੀ ਢਾਂਚੇ ਨੂੰ ਉੱਨਤ ਕਰਨ ਤੋਂ ਬਾਅਦ ਇਹ ਖੇਤਰ ਦੇਸ਼ ਭਰ ਦੇ ਸੈਲਾਨੀਆਂ ਦਾ ਕੇਂਦਰ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਖੇਤਰ ਪੰਜਾਬ ਨੂੰ ਅੰਤਰਰਾਸ਼ਟਰੀ ਸੈਰ ਸਪਾਟੇ ਦੇ ਨਕਸ਼ੇ ‘ਤੇ ਹੋਰ ਉਭਰਨ ਲਈ ਉਤਪ੍ਰੇਰਕ ਵਜੋਂ ਕੰਮ ਕਰ ਸਕਦਾ ਹੈ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਰਣਜੀਤ ਸਾਗਰ ਡੈਮ ਦਾ ਵੀ ਦੌਰਾ ਕੀਤਾ ਅਤੇ ਡੈਮ ਦੀ ਉਸਾਰੀ ਦੌਰਾਨ ਮਾਰੇ ਗਏ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਸ਼ਾਹਪੁਰ ਕੰਢੀ ਬੈਰਾਜ ਪ੍ਰਾਜੈਕਟ ਦੀ ਜਗ੍ਹਾ ਦਾ ਨਿਰੀਖਣ ਵੀ ਕੀਤਾ ਅਤੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ।


