ਮੁੱਖ ਮੰਤਰੀ ਦੱਸਣ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਪੰਜਾਬ ਲਈ ਕੀ ਵਿਸ਼ੇਸ਼ ਕੀਤਾ ਹੈ ? : ਹਰਪਾਲ ਸਿੰਘ ਚੀਮਾ

ਮੁੱਖ ਮੰਤਰੀ ਦੱਸਣ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਪੰਜਾਬ ਲਈ ਕੀ ਵਿਸ਼ੇਸ਼ ਕੀਤਾ ਹੈ ? : ਹਰਪਾਲ ਸਿੰਘ ਚੀਮਾ

-ਪੀ.ਪੀ.ਏਜ਼ ਅਤੇ ਬੀ.ਐਸ.ਐਫ ਦੀ ਮੁੱਦਿਆਂ ‘ਤੇ ਗੋਂਗਲੂਆਂ ਤੋਂ ਕੇਵਲ ਮਿੱਟੀ ਝਾੜੀ

– ਵਿਸ਼ੇਸ਼ ਇਜਲਾਸ ਦੇ ਡਰਾਮੇ ‘ਤੇ ਕਾਂਗਰਸ ਸਰਕਾਰ ਨੇ ਪੰਜਾਬ ਦੇ ਕਰੋੜਾਂ ਰੁਪਏ ਬਰਬਾਦ ਕੀਤੇ

– ਕਾਂਗਰਸ ਸਰਕਾਰ ਨੇ ਕੁੱਝ ਘੰਟਿਆਂ ਦੇ ਇਜਲਾਸ ਕਰਕੇ ਸੰਵਿਧਾਨ ਅਤੇ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ

ਚੰਡੀਗੜ੍ਹ, 12 ਨਵੰਬਰ
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਾਂਗਰਸ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਦੇ ਦੋ ਰੋਜ਼ਾ ਵਿਸ਼ੇਸ਼ ਇਜਲਾਸ ਨੂੰ ਫ਼ੇਲ੍ਹ ਕਰਾਰ ਦਿੰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਪੁੱਛਿਆ ਕਿ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਪੰਜਾਬ ਅਤੇ ਪੰਜਾਬ ਵਾਸੀਆਂ ਦੇ ਹਿੱਤਾਂ ਲਈ ਕੀ ਵਿਸ਼ੇਸ਼ ਕੀਤਾ ਹੈ? ‘ਆਪ’ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਚੰਨੀ ਸਰਕਾਰ ਨੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਨਾਂਅ ‘ਤੇ ਕੇਵਲ ਡਰਾਮਾ ਹੀ ਕੀਤਾ ਅਤੇ ਇਸ ਡਰਾਮੇ ‘ਤੇ ਕਾਂਗਰਸ ਸਰਕਾਰ ਨੇ ਪੰਜਾਬ ਦੇ ਕਰੋੜਾਂ ਰੁਪਏ ਬਰਬਾਦ ਕੀਤੇ ਹਨ।
ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ, ”ਕਾਂਗਰਸ ਸਰਕਾਰ ਨੇ ਆਪਣਾ ਆਖ਼ਰੀ ਵਿਧਾਨ ਸਭਾ ਇਜਲਾਸ ਜ਼ਰੂਰ ਕੀਤਾ ਹੈ, ਪਰ ਪੰਜਾਬ ਨੂੰ ਬਰਬਾਦ ਕਰਨ ਵਾਲੇ ਫ਼ੈਸਲੇ ਅਤੇ ਸਮੱਸਿਆਵਾਂ ਅੱਜ ਵੀ ਮੂੰਹ ਅੱਡੀ ਖੜੀਆਂ ਹਨ। ਕਾਂਗਰਸ ਦੇ ਪੌਣੇ ਪੰਜ ਸਾਲਾਂ ਦੇ ਰਾਜ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਿਜਲੀ ਖ਼ਰੀਦ ਸਮਝੌਤੇ, ਬੇਰੁਜ਼ਗਾਰੀ ਸਮੇਤ ਨਸ਼ਾ, ਕੇਬਲ, ਰੇਤ ਅਤੇ ਟਰਾਂਸਪੋਰਟ ਮਾਫ਼ੀਆਂ ਆਦਿ ਮੁੱਦਿਆਂ ਬਾਰੇ ਕਾਂਗਰਸ ਨੇ ਕੇਵਲ ਰਾਜਨੀਤੀ ਹੀ ਕੀਤੀ ਹੈ, ਅਸਲ ਵਿੱਚ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਲਈ ਕੋਈ ਵੀ ਠੋਸ ਫ਼ੈਸਲਾ ਨਹੀਂ ਕੀਤਾ।” ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਕਾਂਗਰਸ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਹੋਰ ਆਗੂ ਬਿਜਲੀ ਸਮਝੌਤੇ ਰੱਦ ਕਰਨ ਦੀਆਂ ਗੱਲਾਂ ਕਰਦੇ ਰਹੇ, ਪਰ ਹੁਣ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਅਤੇ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਾਲੀ ਕਾਂਗਰਸ ਨੇ ਬਿਜਲੀ ਸਮਝੌਤੇ ਰੱਦ ਨਾ ਕੀਤੇ, ਕੇਵਲ ਬਿਜਲੀ ਦਰਾਂ ਦੀ ਸੋਧਣ ਦੀ ਗੱਲ ਕਰਕੇ ‘ਗੋਂਗਲੂਆਂ ਤੋਂ ਮਿੱਟੀ ਝਾੜਨ’ ਦਾ ਕੰਮ ਕੀਤਾ ਹੈ।
ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਨੇ ਵਿਸ਼ੇਸ਼ ਇਜਲਾਸ ਦੇ ਨਾਂਅ ‘ਤੇ ਸੰਵਿਧਾਨ ਅਤੇ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਹਨ, ਕਿਉਂਕਿ ਵਿਧਾਨ ਸਭਾ ਦੇ ਇਜਲਾਸ ਮਹੀਨਿਆਂ ਦੇ ਹੁੰਦੇ ਸਨ। ਪਰ ਪਹਿਲਾਂ ਅਕਾਲੀ ਭਾਜਪਾ ਸਰਕਾਰ ਨੇ ਇਹ ਇਜਲਾਸ ਮਹੀਨਿਆਂ ਤੋਂ ਘਟਾ ਕੇ ਦਿਨਾਂ ਦੇ ਕੀਤੇ ਸਨ ਅਤੇ ਕਾਂਗਰਸ ਸਰਕਾਰ ਨੇ ਦਿਨਾਂ ਤੋਂ ਵੀ ਘਟਾ ਕੇ ਕੁੱਝ ਘੰਟਿਆਂ ਦੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਅਤੇ ਹੁਣ ਚਰਨਜੀਤ ਸਿੰਘ ਚੰਨੀ ਲੋਕ ਮੁੱਦਿਆਂ ਦਾ ਸਾਹਮਣਾ ਕਰਨ ਤੋਂ ਭੱਜ ਗਏ ਹਨ। ਐਨਾ ਹੀ ਨਹੀਂ ਇਜਲਾਸ ਦੌਰਾਨ ‘ਦਲ ਬਦਲੂ ਕਾਨੂੰਨ’ ਨੂੰ ਪੈਰਾ ਥੱਲੇ ਮਧੋਲ਼ ਕੇ ਵਿਰੋਧੀ ਵਿਧਾਇਕਾਂ ਨੂੰ ਦਲ- ਬਦਲੀ ਨੂੰ ਉਤਸ਼ਾਹਿਤ ਕੀਤਾ ਗਿਆ। ਪੰਜਾਬੀ ਭਾਸ਼ਾ ਸੰਬੰਧੀ ਲਿਆਂਦੇ ਬਿੱਲਾਂ ਦਾ ਖਰੜਾ ਅੰਗਰੇਜ਼ੀ ਭਾਸ਼ਾ ‘ਚ ਪੇਸ਼ ਕਰਕੇ ਕਿਹੜੀ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਗਈ। ਬੀ.ਐਸ.ਐਫ ਦੇ ਮਾਮਲੇ ‘ਤੇ ਨਿੰਦਾ ਕਰਕੇ ਸਾਰ ਦਿੱਤਾ। ਇਸ ਤਰਾਂ ਇਹ ਵਿਸ਼ੇਸ਼ ਇਜਲਾਸ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੇ ਖ਼ਰਾ ਨਹੀਂ ਉੱਤਰਿਆ।
ਹਰਪਾਲ ਸਿੰਘ ਚੀਮਾ ਨੇ ਕਿਹਾ ਪੰਜਾਬ ਦੀਆਂ ਸਮੱਸਿਆਵਾਂ ‘ਤੇ ਖੁੱਲ੍ਹੇ ਮਨ ਨਾਲ ਵਿਚਾਰ ਕਰਨ ਲਈ ਵਿਧਾਨ ਸਭਾ ਇਜਲਾਸ ਘੱਟੋ- ਘੱਟ 15 ਦਿਨਾਂ ਦਾ ਅਤੇ ਚੈਨਲਾਂ ‘ਤੇ ਸਿੱਧੇ ਪ੍ਰਸਾਰਨ ਦਾ ਕਰਨਾ ਚਾਹੀਦਾ ਸੀ। ਪਰ ਚੰਨੀ ਸਰਕਾਰ ਨੇ ਮੀਡੀਆ ਦੇ ਕੈਮਰਿਆਂ ‘ਤੇ ਪਾਬੰਦੀ ਲਾਈ ਰੱਖੀ। ਉਨ੍ਹਾਂ ਸਵਾਲ ਕੀਤਾ ਕਿ ਕੁੱਝ ਘੰਟਿਆਂ ਦੇ ਇਜਲਾਸ ਦੌਰਾਨ ਰੌਲ਼ੇ- ਰੱਪੇ ਵਿੱਚ 2 -4 ਮਿੰਟ ਦੀ ਬਹਿਸ ਨਾਲ ਪੰਜਾਬ ਦੇ ਵੱਡੇ ਮਸਲੇ ਕਿਵੇਂ ਹੱਲ ਹੋ ਸਕਦੇ ਹਨ? ਜਦੋਂ ਕਿ ਬੇਰੁਜ਼ਗਾਰੀ, ਕਿਸਾਨੀ -ਕਰਜ਼ੇ, ਹਜ਼ਾਰਾਂ ਆਊਟਸੋਰਸਿੰਗ ਕਾਮੇ, ਮੁਲਾਜ਼ਮ ਅਤੇ ਪੈਨਸ਼ਨਰ, ਸਰਕਾਰੀ ਕਾਲਜਾਂ ਦੇ ਗੈੱਸਟ ਫ਼ੈਕਿਲਟੀ ਟੀਚਰਾਂ ਸਮੇਤ ਨਰਸਾਂ ਅਤੇ ਐਨ.ਆਰ.ਐਚ.ਐਮ ਮੁਲਾਜ਼ਮਾਂ ਦੇ ਭਖਵੇਂ ਮੁੱਦੇ ਸਰਕਾਰ ਕੋਲੋਂ ਜਵਾਬ ਮੰਗਦੇ ਹਨ।
ਸੁਖਪਾਲ ਖਹਿਰਾ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਚੀਮਾ ਨੇ ਕਿਹਾ ਕਿ ਖਹਿਰਾ ਪਰਿਵਾਰ ਨੂੰ ‘ਆਪ’ ਸੁਪਰੀਮੋ ‘ਤੇ ਝੂਠੇ ਦੋਸ਼ ਲਾਉਣ ਦੀ ਥਾਂ ਸੱਚ ਲੋਕਾਂ ਸਾਹਮਣੇ ਰੱਖਣਾ ਚਾਹੀਦਾ ਹੈ, ਕਿਉਂਕਿ ਕਦੇ ਸੁਖਪਾਲ ਖਹਿਰਾ ਇਸ ਕੇਸ ਲਈ ਅਕਾਲੀ ਦਲ, ਕਦੇ ਕਾਂਗਰਸ ਅਤੇ ਕਦੇ ਭਾਜਪਾ ਨੂੰ ਜ਼ਿੰਮੇਵਾਰ ਦੱਸਦਾ।
ਚੀਮਾ ਨੇ ਕਾਂਗਰਸ ਸਰਕਾਰ ‘ਤੇ ਪੰਜਾਬ ਦੇ ਮੁੱਦਿਆਂ ਤੋਂ ਭੱਜਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸੂਬੇ ਦੇ ਲੋਕ ਮੁੱਦਿਆਂ ‘ਤੇ ਜਿਹੋ ਜਿਹੀ ਖਾਨਾਪੂਰਤੀ ਕਾਂਗਰਸ ਸਰਕਾਰ ਅਤੇ ਪਾਰਟੀ ਵੱਲੋਂ ਕੀਤੀ ਗਈ ਗਈ ਹੈ, ਪੰਜਾਬ ਦੇ ਲੋਕ ਇਹੋ ਜਿਹੀ ਖਾਨਾਪੂਰਤੀ 2022 ਵਿੱਚ ਕਾਂਗਰਸ ਪਾਰਟੀ ਦੀ ਵੀ ਕਰਨਗੇ।
ਬਾਕਸ —-
13 ਨਵੰਬਰ ਨੂੰ ‘ਆਪ’ ਕਰੇਗੀ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ : ਚੀਮਾ
ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ 13 ਨਵੰਬਰ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ, ਕਿਉਂਕਿ ਚੰਨੀ ਸਰਕਾਰ ਨੇ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਛੱਡ ਕੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਜਵਾਈ ਤਰੁਣਬੀਰ ਸਿੰਘ ਲਹਿਲ ਨੂੰ ਸਰਕਾਰੀ ਨੌਕਰੀ ਦੇਣ ਸਮੇਤ ਸੂਬੇ ਦੇ ਭਖਵੇਂ ਮੁੱਦਿਆਂ ਨੂੰ ਵਿਧਾਨ ਸਭਾ ਦੇ ਇਜਲਾਸ ਦੌਰਾਨ ਅਣਗੌਲਿਆ ਕੀਤਾ ਹੈ। ਉਨ੍ਹਾਂ ਕਿਹਾ ਕਿ ਇਜਲਾਸ ਦੌਰਾਨ ਵਿਰੋਧੀ ਧਿਰ ਦੀ ਆਵਾਜ਼ ਦਬਾਇਆ ਗਿਆ ਅਤੇ ਪੱਤਰਕਾਰਾਂ ਨੂੰ ਸਦਨ ਵਿੱਚ ਜਾਣ ਤੋਂ ਰੋਕਿਆ ਗਿਆ। ਇਸ ਲਈ ਹੁਣ ਆਮ ਆਦਮੀ ਪਾਰਟੀ ਹੁਣ ਸੜਕ ‘ਤੇ ਆ ਕੇ ਪੰਜਾਬ ਦੇ ਮੁੱਦਿਆਂ ਨੂੰ ਪੱਤਰਕਾਰਾਂ ਅਤੇ ਲੋਕਾਂ ਸਾਹਮਣੇ ਰੱਖੇਗੀ।

Leave a Reply

Your email address will not be published. Required fields are marked *