ਬੜੀ ਹਵੇਲੀ ਵਿਖੇ ਮਾਈਨਿੰਗ ਸਾਈਟ ਦਾ ਕੀਤਾ ਦੌਰਾ, ਸਭ ਕੁਝ ਚੱਲ ਰਿਹਾ ਹੈ ਕਾਨੂੰਨ ਮੁਤਾਬਕ, 5.50 ਰੁਪਏ ’ਤੇ ਵਿਕ ਰਿਹਾ ਹੈ ਰੇਤਾ ਕਿਸੇ ਵੀ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਸਾਹਮਣੇ ਲਿਆਉਣ ਲਈ ਪੰਜਾਬ ਦੇ ‘ਆਪ’ ਆਗੂਆਂ ਦਾ ਹੋਵੇਗਾ ਸਵਾਗਤ ; ਬਾਹਰੀ ਆਪ ਆਗੂਆਂ ਨੂੰ ਬੇਲੋੜਾ ਰੌਲਾ ਪਾਉਣ ਤੋਂ ਵਰਜਿਆ ਕਿਹਾ, ਖੱਡਾਂ ’ਤੇ ਮੁਫਤ ਰੇਤਾ ਉਪਲਬਧ ਕਰਾਉਣਾ ਚਾਹੁੰਦਾ ਹਾਂ ਪਰ ਪਹਿਲਾਂ ਹੋਏ ਸਮਝੌਤਿਆਂ, ਜੋ 31 ਮਾਰਚ ਤੱਕ ਹਨ, ਕਾਰਨ ਇੰਜ ਕਰਨਾ ਨਹੀਂ ਹੈ ਸੰਭਵ
ਰੂਪਨਗਰ, 5 ਦਸੰਬਰ:
ਆਮ ਆਦਮੀ ਪਾਰਟੀ ਦੇ ਦਿੱਲੀ ਦੇ ਆਗੂਆਂ ਵੱਲੋਂ ਮੁੱਖ ਮੰਤਰੀ ਦੇ ਹਲਕੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਦੇ ਦਾਅਵਿਆਂ ਨੂੰ ਮੁੱਢੋਂ ਰੱਦ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਮਾਈਨਿੰਗ ਵਾਲੀਆਂ ਥਾਵਾਂ ਦਾ ਦੌਰਾ ਕੀਤਾ, ਜਿੱਥੇ ਉਨਾਂ ਨੂੰ ਕੁਝ ਵੀ ਗੈਰ-ਕਾਨੂੰਨੀ ਨਹੀਂ ਮਿਲਿਆ, ਸਗੋਂ ੳੱੁਥੇ ਰਾਜ ਸਰਕਾਰ ਵੱਲੋਂ ਨਿਰਧਾਰਤ 5.50 ਪ੍ਰਤੀ ਕਿਊਸਿਕ ਕੀਮਤਾਂ ਮੁਤਾਬਕ ਰੇਤਾ ਵੇਚਿਆ ਜਾ ਰਿਹਾ ਹੈ।
ਦਿੱਲੀ ਤੋਂ ਸੂਬੇ ਵਿੱਚ ਲੈਂਡ ਕੀਤੇ ‘ਆਪ’ ਆਗੂਆਂ ਨੂੰ ਸਖਤ ਚੇਤਾਵਨੀ ਦਿੰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਕਿਸੇ ਵੀ ਬਾਹਰੀ ਵਿਅਕਤੀ ਨੂੰ ਮਹਿਜ਼ ਆਪਣੇ ਸਿਆਸੀ ਹਿੱਤਾਂ ਲਈ ਬੇਬੁਨਿਆਦ ਰੌਲਾ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਸਰਕਾਰ ਭਵਿੱਖ ਵਿੱਚ ਸਿਆਸੀ ਮੁਫ਼ਾਦਾਂ ਲਈ ਅਜਿਹੀਆਂ ਗਤੀਵਿਧੀਆਂ ਕਰਨ ਵਾਲੇ ਅਨਸਰਾਂ ਵਿਰੁੱਧ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕਰੇਗੀ। ਮੁੱਖ ਮੰਤਰੀ ਚੰਨੀ ਨੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਸਣੇ ਬੜੀ ਹਵੇਲੀ ਮਾਈਨਿੰਗ ਵਾਲੀ ਥਾਂ ਦਾ ਦੌਰਾ ਕੀਤਾ, ਜਿੱਥੇ ਸਰਕਾਰੀ ਮਸ਼ੀਨਰੀ ਨਾਲ ਡੀ-ਸਿਲਟਿੰਗ ਦਾ ਕੰਮ ਚੱਲ ਰਿਹਾ ਹੈ। ਮੁੱਖ ਮੰਤਰੀ ਨੇ ਟਰੱਕਾਂ ਵਿੱਚ ਰੇਤਾ ਲੋਡ ਕਰਵਾ ਰਹੇ ਡਰਾਈਵਰਾਂ ਨਾਲ ਗੱਲਬਾਤ ਕੀਤੀ ਅਤੇ ਉਨਾਂ ਵੱਲੋਂ ਅਦਾ ਕੀਤੇ ਜਾ ਰਹੇ ਭਾਅ ਬਾਰੇ ਪੁੱਛਿਆ। ਸਾਰੇ ਡਰਾਈਵਰਾਂ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਲਾਗੂ ਕੀਤੀ ਗਈ ਪਾਲਿਸੀ ਤਹਿਤ 5.50 ਰੁਪਏ ਕੀਮਤ ਮੁਤਾਬਕ ਭਰਾਈ ਹੋ ਰਹੀ ਹੈ। ਇਸੇ ਤਰਾਂ ਮਾਈਨਿੰਗ ਦੇ ਸਾਰੇ ਦਸਤਾਵੇਜ਼ ਸਹੀ ਪਾਏ ਗਏ, ਜੋ ‘ਆਪ’ ਦੇ ਦਿੱਲੀ ਆਗੂਆਂ ਦੇ ਝੂਠੇ ਦਾਅਵਿਆਂ ਦੀ ਪੋਲ ਖੋਲਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਮਾਈਨਿੰਗ ਵਾਲੀਆਂ ਥਾਵਾਂ ‘ਤੇ ਮੁਫਤ ਰੇਤ ਮੁਹੱਈਆ ਕਰਵਾਉਣਾ ਚਾਹੁੰਦੇ ਹਨ ਪਰ ਪਿਛਲੇ ਸਮੇਂ ਦੌਰਾਨ ਹੋਏ ਸਮਝੌਤੇ ਕਾਰਨ ਉਹ ਅਜਿਹਾ ਕਰਨ ਤੋਂ ਅਸਮਰੱਥ ਹਨ। ਮੁੱਖ ਮੰਤਰੀ ਚੰਨੀ ਨੇ ਦੱਸਿਆ ਕਿ ਉਕਤ ਠੇਕਾ 31 ਮਾਰਚ ਤੱਕ ਹੈ ਅਤੇ ਭਵਿੱਖ ਵਿੱਚ ਲੋਕਾਂ ਨੂੰ ਰੇਤਾ/ਬਜਰੀ ਹੋਰ ਵੀ ਸਸਤੀਆਂ ਕੀਮਤਾਂ ‘ਤੇ ਮਿਲਣਗੇ।
ਸਾਈਟ ‘ਤੇ ਕਾਨੂੰਨ ਮੁਤਾਬਕ ਚਲ ਰਹੀ ਮਾਈਨਿੰਗ ‘ਤੇ ਤਸੱਲੀ ਪ੍ਰਗਟਾਉਂਦਿਆਂ ਮੁੱਖ ਮੰਤਰੀ ਚੰਨੀ ਨੇ ਰੇਤ ਦੀਆਂ ਕੀਮਤਾਂ ਬਾਰੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਨ ਲਈ ‘ਆਪ’ ਆਗੂਆਂ ਰਾਘਵ ਚੱਢਾ ਅਤੇ ਹੋਰਾਂ ਨੂੰ ਕਰੜੇ ਹੱਥੀਂ ਲਿਆ। ਉਨਾਂ ਕਿਹਾ ਕਿ ਚੱਢਾ ਅਤੇ ਹੋਰ ਬਾਹਰੀ ਆਗੂਆਂ ਨੂੰ ਬੇਬੁਨਿਆਦ ਮੁੱਦੇ ਛੇੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਜਿਨਾਂ ਨਾਲ ਸੂਬੇ ਦੇ ਸੁਚਾਰੂ ਕੰਮਕਾਜ ਵਿੱਚ ਵਿਘਨ ਪੈਂਦਾ ਹੋਵੇ। ਉਨਾਂ ਕਿਹਾ ਕਿ ਚੱਢਾ ਅਤੇ ਕੁਝ ਦਿਨ ਪਹਿਲਾਂ ਇੱਕ ਸਕੂਲ ਵਿੱਚ ਦਾਖਲ ਹੋਣ ਵਾਲੇ ਮਨੀਸ਼ ਸਿਸੋਦੀਆ ਸਣੇ ਦਿੱਲੀ ਦੇ ਹੋਰ ‘ਆਪ’ ਆਗੂਆਂ ਵਿਰੁੱਧ ਭਵਿੱਖ ਵਿੱਚ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਦੂਜੇ ਪਾਸੇ ਮੁੱਖ ਮੰਤਰੀ ਚੰਨੀ ਨੇ ਪੰਜਾਬ ਆਧਾਰਿਤ ‘ਆਪ’ ਆਗੂਆਂ, ਵਰਕਰਾਂ ਅਤੇ ਆਮ ਲੋਕਾਂ ਦਾ ਸਵਾਗਤ ਕੀਤਾ ਕਿ ਉਹ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਸਰਕਾਰ ਦੇ ਧਿਆਨ ਵਿੱਚ ਲਿਆਉਣ ਤਾਂ ਜੋ ਲੋੜੀਂਦੇ ਕਦਮ ਚੁੱਕਣਾ ਯਕੀਨੀ ਬਣਾਇਆ ਜਾ ਸਕੇ। ਉਨਾਂ ਕਿਹਾ, “ਮਾਈਨਿੰਗ ਵਾਲੀਆਂ ਥਾਵਾਂ ‘ਤੇ ਸਰਗਰਮੀਆਂ ਸ਼ਰੇਆਮ ਚੱਲ ਕੀਤੀਆਂ ਹਨ। ਕੋਈ ਵੀ ਪੰਜਾਬੀ, ਪੰਜਾਬ ਅਧਾਰਤ ‘ਆਪ’ ਆਗੂ/ਵਰਕਰ ਵੀਡੀਓ ਬਣਾ ਸਕਦਾ ਹੈ ਪਰ ਅਸੀਂ ਕਿਸੇ ਵੀ ਬਾਹਰੀ ਵਿਅਕਤੀ ਨੂੰ ਅਜਿਹੀਆਂ ਝੂਠੀਆਂ ਕਾਰਵਾਈਆਂ ਦੀ ਇਜਾਜ਼ਤ ਨਹੀਂ ਦੇਵਾਂਗੇ।’’
ਵਣ ਰੇਂਜ ਅਧਿਕਾਰੀ ਦੇ ਤਬਾਦਲੇ ਸਬੰਧੀ ਪੱਤਰ ਬਾਰੇ ਪੁੱਛੇ ਸਵਾਲ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਚੰਨੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਕੋਈ ਵੀ ਉਨਾਂ ਨੂੰ ਪੁੱਛ ਸਕਦਾ ਹੈ ਕਿ ਉਸ ਨੇ ਆਪਣਾ ਤਬਾਦਲਾ ਖੁਦ ਕਰਵਾਇਆ ਹੈ ਜਾਂ ਸਰਕਾਰ ਵੱਲੋਂ ਤਬਾਦਲਾ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਦਰਿਆ ਦੇ ਵਹਾਅ ਦਰਮਿਆਨ ਰੇਤ ਦਾ ਇੱਕ ਵੱਡਾ ਟਿੱਲਾ ਮੌਜੂਦ ਹੈ ਅਤੇ ਪਾਣੀ ਦੇ ਨਿਰਵਿਘਨ ਵਹਾਅ ਨੂੰ ਯਕੀਨੀ ਬਣਾਉਣ ਲਈ ਇਸ ਟਿੱਲੇ ਨੂੰ ਹਟਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਰੇਤ ਦੇ ਟਿੱਲਿਆਂ ਨੂੰ ਹਟਾਉਣਾ ਜਰੂਰੀ ਹੈ ਕਿਉਂਕਿ ਇਹ ਪਾਣੀ ਦੇ ਵਹਾਅ ਵਿੱਚ ਰੁਕਾਵਟ ਬਣਦੇ ਹਨ ਜਿਸ ਨਾਲ ਪਾਣੀ ਦੇ ਓਵਰਫਲੋਅ ਕਰਕੇ ਚਮਕੌਰ ਸਾਹਿਬ ਖੇਤਰ ਵਿੱਚ ਪੈਂਦੇ ਪਿੰਡਾਂ ਦਾ ਕਾਫੀ ਨੁਕਸਾਨ ਹੁੰਦਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਇਸ ਦਰਿਆਈ ਪਾਣੀ ਦੇ ਵਹਾਅ ਨੂੰ ਚੈਨਲਾਈਜ਼ ਕਰਨ ਨੂੰ ਯਕੀਨੀ ਬਣਾਉਣ ਲਈ ਦਰਿਆ ਵਿੱਚ ਡੀਸਿਲਟਿੰਗ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਰਾਘਵ ਚੱਢਾ ਵੱਲੋਂ ਲਗਾਏ ਗਏ ਦੋਸ਼ਾਂ ਦੇ ਸੱਚ ਦਾ ਪਤਾ ਲਗਾਉਣ ਲਈ ਮੁੱਖ ਮੰਤਰੀ ਹਲਕੇ ਦੀਆਂ ਮਾਈਨਿੰਗ ਸਾਈਟਾਂ ਦਾ ਦੌਰਾ ਕਰ ਰਹੇ ਸਨ ਤਾਂ ਜੋ ਮਾਈਨਿੰਗ ਸਬੰਧੀ ਅਸਲ ਸਥਿਤੀ ਦਾ ਜਾਇਜ਼ਾ ਲਿਆ ਜਾ ਸਕੇ । ਸ੍ਰੀ ਚੰਨੀ ਨੇ ਕਿਹਾ ਕਿ ‘ਆਪ’ ਨੇਤਾਵਾਂ ਦੀਆਂ ਝੂਠੀਆਂ ਤੇ ਗੁਮਰਾਹਕੰੁਨ ਬਿਆਨਬਾਜ਼ੀਆਂ ਵਿੱਚ ਰੱਤੀ ਭਰ ਵੀ ਸੱਚਾਈ ਨਹੀਂ ਹੈ ਅਤੇ ਸੂਬਾ ਸਰਕਾਰ ਵਲੋਂ ਨਿਰਧਾਰਤ ਕੀਤੇ ਰੇਟਾਂ ਅਨੁਸਾਰ ਹੀ ਰੇਤ ਦੀ ਖੁਦਾਈ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ‘ਆਪ’ ਆਗੂਆਂ ਨੂੰ ਕਿਹਾ ਕਿ ਪੰਜਾਬ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਨ ਥਾਂ ‘ਆਪ ’ ਨੂੰ ਆਪਣੀ ਊਰਜਾ ਦਿੱਲੀ ਦੇ ਲੋਕਾਂ ਦੀ ਬਿਹਤਰੀ ‘ਤੇ ਕੇਂਦਰਿਤ ਕਰਨੀ ਚਾਹੀਦੀ ਹੈ।
ਇਸਦੇ ਨਾਲ ਹੀ ਪੰਜਾਬ ਦੇ ਸਕੂਲਾਂ ਦੇ ਅਚਨਚੇਤ ਦੌਰੇ ਕਰ ਰਹੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਕਰੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਇਸ ਨੂੰ ‘ਆਪ’ ਆਗੂਆਂ ਵੱਲੋਂ ਪੰਜਾਬ ਵਿੱਚ ਸਿਆਸੀ ਧਰਾਤਲ ਤਲਾਸ਼ਣ ਦੇ ਨਾਪਾਕ ਮਨਸੂਬਿਆਂ ਦੀ ਇੱਕ ਹੋਰ ਉਦਾਹਰਣ ਦੱਸਿਆ ਅਤੇ ਉਨਾਂ ਨੂੰ ਦਿੱਲੀ ਵਿੱਚ ਆਪਣੀ ਸਰਕਾਰ ਬਚਾਉਣ ਦੀ ਸਲਾਹ ਦਿੱਤੀ।