ਸੰਗਰੂਰ ਦੇ ਪਿੰਡ ਚੱਠਾ ਨੰਨਹੇੜੀ ਵਿਚ ਕਿਸਾਨਾਂ ਨੇ ਹਾਲ ਹੀ ਵਿਚ ਭਾਜਪਾ ’ਚ ਸ਼ਾਮਲ ਹੋਏ ਚੰਦ ਸਿੰਘ ਚੱਠਾ ਦਾ ਜ਼ੋਰਦਾਰ ਵਿਰੋਧ ਕੀਤਾ। ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਭਾਜਪਾ ਖਿਲਾਫ਼ ਲੜਾਈ ਲੜ ਰਹੇ ਹਾਂ ਪਰ ਆਗੂ ਟਿਕਟ ਦੇ ਲਾਲਚ ਕਾਰਨ ਭਾਜਪਾ ਵਿਚ ਸ਼ਾਮਲ ਹੋਏ ਹਨ। ਦਰਅਸਲ ਭਾਜਪਾ ਆਗੂ ਚੰਦ ਸਿੰਘ ਚੱਠਾ ਪਿੰਡ ਦੀ ਅਨਾਜ ਮੰਡੀ ਵਿਚ ਪਹੁੰਚੇ ਸਨ, ਜਿੱਥੇ ਕਿਸਾਨਾਂ ਨੇ ਉਹਨਾਂ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਕਿਸਾਨਾਂ ਨੇ ਉਹਨਾਂ ਨੂੰ ਬਿਠਾ ਕੇ ਕਈ ਸਵਾਲ ਕੀਤੇ ਅਤੇ ਭਾਜਪਾ ਖਿਲਾਫ਼ ਨਾਅਰੇਬਾਜ਼ੀ ਕਰਨ ਲਈ ਕਿਹਾ। ਕਿਸਾਨਾਂ ਨੇ ਕਿਹਾ ਕਿ 700 ਕਿਸਾਨ ਸ਼ਹੀਦ ਹੋ ਚੁੱਕੇ ਹਨ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਆਏ ਦਿਨ ਵਧ ਰਹੀਆਂ ਹਨ। ਇਸ ਕਾਰਨ ਲੋਕਾਂ ਵਿਚ ਹਾਹਾਕਾਰ ਮਚੀ ਹੋਈ ਹੈ ਪਰ ਅੱਜ ਉਹ ਪਿੰਡ ਦੇ ਲੋਕਾਂ ਅਤੇ ਕਿਸਾਨਾਂ ਨੂੰ ਛੱਡ ਕੇ ਭਾਜਪਾ ਵਿਚ ਕਿਉਂ ਗਏ? ਹਾਲਾਂਕਿ ਭਾਜਪਾ ਆਗੂ ਨੇ ਕਿਹਾ ਕਿ ਉਹਨਾਂ ਨੂੰ ਕਿਸਾਨਾਂ ਨਾਲ ਹਮਦਰਦੀ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਕਿਸੇ ਨਾਲ ਗੱਦਾਰੀ ਨਹੀਂ ਕੀਤੀ। ਉਹ ਹਮੇਸ਼ਾਂ ਲੋਕਾਂ ਦੀ ਗੱਲ ਕਰਦੇ ਹਨ ਅਤੇ ਅੱਗੇ ਵੀ ਕਰਦੇ ਰਹਿਣਗੇ। ਦੱਸ ਦਈਏ ਕਿ ਸਾਬਕਾ ਅਕਾਲੀ ਆਗੂ ਚੰਦ ਸਿੰਘ ਚੱਠਾ ਹਾਲ ਹੀ ਵਿਚ ਭਾਜਪਾ ’ਚ ਸ਼ਾਮਲ ਹੋਏ ਸਨ, ਇਸ ਨੂੰ ਲੈ ਕੇ ਪਿੰਡ ਵਾਸੀਆਂ ਵਿਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ।