ਚੰਡੀਗੜ੍ਹ, 25 ਦਸੰਬਰ
ਕਾਦੀਆਂ ਵਿਖੇ ਅਹਿਮਦੀਆ ਮੁਸਲਿਮ ਜਮਾਤ ਦੇ 127ਵੇਂ ਜਲਸੇ ਵਿੱਚ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਮੰਤਰੀ ਡਾ: ਬਲਜੀਤ ਕੌਰ ਨੇ ਦੁਨੀਆ ਭਰ ਵਿਚ ਅਹਿਮਦੀਆ ਜਮਾਤ ਦੇ ਲੋਕਾਂ ਨੂੰ ਇਸ ਮੀਟਿੰਗ ਲਈ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਦਾ ਸੁਭਾਗ ਪ੍ਰਾਪਤ ਹੋਇਆ ਹੈ।
ਕੈਬਨਿਟ ਮੰਤਰੀ ਨੇ ਅਹਿਮਦੀਆ ਜਮਾਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਸੰਦੇਸ਼ ਦਿੱਤਾ। ਉਸਨੇ ਕਿਹਾ ਕਿ ਅਹਿਮਦੀਆ ਜਮਾਤ ਆਪਣੇ ਨੈਤਿਕ ਅਤੇ ਅਧਿਆਤਮਿਕ ਗਿਆਨ, ਆਪਸੀ ਸਤਿਕਾਰ ਅਤੇ ਸਮਝ ਲਈ ਪੂਰੀ ਦੁਨੀਆ ਵਿੱਚ ਜਾਣੀ ਜਾਂਦੀ ਹੈ। ਇਸ ਸਰਬ ਧਰਮ ਸੰਮੇਲਨ ਵਿਚ ਦੁਨੀਆ ਦੇ ਵੱਖ-ਵੱਖ ਧਰਮਾਂ ਦੇ ਲੋਕ ਪਹੁੰਚੇ ਹੋਏ ਸਨ। ਉਨ੍ਹਾਂ ਆਪੋ-ਆਪਣੇ ਧਰਮਾਂ ਬਾਰੇ ਵਿਚਾਰ ਪੇਸ਼ ਕੀਤੇ।
ਡਾ: ਬਲਜੀਤ ਕੌਰ ਨੇ ਕਿਹਾ ਕਿ ਅਹਿਮਦੀਆ ਮੁਸਲਿਮ ਜਮਾਤ ਹਮੇਸ਼ਾ ਗਿਆਨ ਅਤੇ ਸ਼ਾਂਤੀ ਦੇ ਚਾਹਵਾਨਾਂ ਨੂੰ ਅਧਿਆਤਮਕ ਸੰਦੇਸ਼ ਦਿੰਦੀ ਹੈ। ਉਨ੍ਹਾਂ ਵੱਲੋਂ ਦਿੱਤਾ ਸ਼ਾਂਤੀ ਦਾ ਸੰਦੇਸ਼ ਪੂਰੀ ਦੁਨੀਆ ਵਿੱਚ ਭਾਈਚਾਰਾ ਕਾਇਮ ਕਰਨ ਵਿੱਚ ਯੋਗਦਾਨ ਪਾ ਰਿਹਾ ਹੈ।