ਚੰਡੀਗੜ੍ਹ: ਟਿਕਾਊ ਵਿਕਾਸ ਟੀਚਿਆਂ ਦੇ ਸਥਾਨਕਕਰਨ ਸਬੰਧੀ ਕੇਂਦਰੀ ਪੰਚਾਇਤੀ ਰਾਜ ਮੰਤਰਾਲੇ ਵੱਲੋਂ ਵੱਖ-ਵੱਖ ਰਾਜਾਂ ਨੂੰ ਦਿੱਤੇ 9 ਵਿਸ਼ਿਆਂ ‘ਤੇ ਕਰਵਾਈਆਂ ਜਾਣ ਵਾਲੀਆਂ ਰਾਸ਼ਟਰੀ ਵਰਕਸ਼ਾਪਾਂ ਵਿੱਚੋਂ ਪੰਜਾਬ ਰਾਜ ਪਹਿਲੀ ਵਰਕਸ਼ਾਪ 22 ਅਤੇ 23 ਅਗਸਤ ਨੂੰ ਆਯੋਜਿਤ ਕਰ ਰਿਹਾ ਹੈ। ਇਸ ਵਰਕਸ਼ਾਪ ਦਾ ਵਿਸ਼ਾ ‘ਪਿੰਡਾਂ ਵਿੱਚ ਸਵੈ-ਨਿਰਭਰਤਾ ਢਾਂਚਾ’ ਹੋਵੇਗਾ ਜਿਸ ਦਾ ਮਤਲਬ ਹੈ ਕਿ ਪਿੰਡਾਂ ਦੇ ਵਸਨੀਕ ਆਪਣੇ ਪਿੰਡ ਵਿੱਚ ਹੀ ਲੋੜੀਂਦੀਆਂ ਸਹੂਲਤਾਂ ਪ੍ਰਾਪਤ ਕਰ ਸਕਣ। ਇਹ ਜਾਣਕਾਰੀ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਸਥਿਤ ਕਮੇਟੀ ਰੂਮ ਵਿਖੇ ਵਰਕਸ਼ਾਪ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਬੁਲਾਈ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਪੰਜਾਬ ਦੇ ਮੁੱਖ ਮੰਤਰੀ ਅਤੇ ਕੇਂਦਰੀ ਪੰਚਾਇਤੀ ਰਾਜ ਮੰਤਰੀ ਇਸ ਵਰਕਸ਼ਾਪ ਵਿੱਚ ਪਤਵੰਤੇ ਸੱਜਣਾਂ ਵਜੋਂ ਸ਼ਿਰਕਤ ਕਰਨਗੇ। ਮੁੱਖ ਸਕੱਤਰ ਨੇ ਸਬੰਧਤ ਵਿਭਾਗਾਂ ਨੂੰ ਕੌਮੀ ਪੱਧਰ ਦੀ ਵਰਕਸ਼ਾਪ ਨੂੰ ਸਫ਼ਲ ਬਣਾਉਣ ਲਈ ਹਰੇਕ ਵਿਭਾਗ ਵਿੱਚ ਇੱਕ ਨੋਡਲ ਅਫ਼ਸਰ ਨਿਯੁਕਤ ਕਰਨ ਲਈ ਜ਼ਰੂਰੀ ਹਦਾਇਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿੰਡਾਂ ਦੇ ਵਿਆਪਕ ਵਿਕਾਸ ਅਤੇ ਬਿਹਤਰ ਬੁਨਿਆਦੀ ਢਾਂਚੇ ਦੀ ਸਥਾਪਨਾ ਲਈ ਕੀਤੀ ਗਈ ਵਚਨਬੱਧਤਾ ਤਹਿਤ ਇਹ ਵਰਕਸ਼ਾਪ ਬਹੁਤ ਸਹਾਈ ਸਿੱਧ ਹੋਵੇਗੀ ਜਿਸ ਵਿੱਚ ਦੇਸ਼ ਦੇ ਸਾਰੇ ਰਾਜਾਂ ਦੀਆਂ ਪੰਚਾਇਤੀ ਰਾਜ ਸੰਸਥਾਵਾਂ ਦੇ 1500 ਦੇ ਕਰੀਬ ਨੁਮਾਇੰਦੇ ਭਾਗ ਲੈਣਗੇ। ਇਨ੍ਹਾਂ ਵਿੱਚ ਹੋਰਨਾਂ ਸੂਬਿਆਂ ਦੇ 500 ਨੁਮਾਇੰਦੇ ਅਤੇ ਪੰਜਾਬ ਦੀਆਂ ਅਗਾਂਹਵਧੂ ਪੰਚਾਇਤਾਂ ਦੇ 1000 ਮੈਂਬਰ ਹਿੱਸਾ ਲੈਣਗੇ। ਆਪਸੀ ਵਿਚਾਰ ਵਟਾਂਦਰੇ ਰਾਹੀਂ ਇੱਕ ਦੂਜੇ ਦੇ ਪਿੰਡਾਂ ਵਿੱਚ ਕੀਤੇ ਕੰਮਾਂ ਦੇ ਤਜ਼ਰਬੇ ਸਾਂਝੇ ਕਰਨਗੇ। ਵਰਕਸ਼ਾਪ ਦੌਰਾਨ ਪੰਜਾਬ ਦੇ ਮਾਡਲ ਪਿੰਡਾਂ ਵਿੱਚ ਸਥਾਪਿਤ ਕੀਤੇ ਗਏ ਢਾਂਚੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਸਟੇਨੇਬਲ ਡਿਵੈਲਪਮੈਂਟ ਤਹਿਤ ਬੁਨਿਆਦੀ ਢਾਂਚੇ ਵਾਲੇ ਪਿੰਡਾਂ ਦਾ ਸੰਪੂਰਨ ਵਿਕਾਸ ਕੀਤਾ ਜਾਣਾ ਹੈ, ਜਿਸ ਵਿੱਚ ਵਾਤਾਵਰਣ ਅਤੇ ਸਮਾਜਿਕ ਪਹਿਲੂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਟਿਕਾਊ ਵਿਕਾਸ ਦੇ ਟੀਚਿਆਂ ਤਹਿਤ ਦਿੱਤੇ ਗਏ 9 ਵਿਸ਼ਿਆਂ ਦਾ ਮਕਸਦ ਪਿੰਡਾਂ ਨੂੰ ਆਉਣ ਵਾਲੇ ਸਮੇਂ ਵਿੱਚ ਹਾਣੀ ਬਣਾਉਣਾ ਹੈ। ਸ੍ਰੀ ਜੰਜੂਆ ਨੇ ਕਿਹਾ ਕਿ ਪੰਜਾਬ ਲਈ ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬ ਟਿਕਾਊ ਵਿਕਾਸ ਟੀਚਿਆਂ ਨਾਲ ਸਬੰਧਤ ਕੌਮੀ ਪੱਧਰ ਦੀ ਵਰਕਸ਼ਾਪ ਦੀ ਮੇਜ਼ਬਾਨੀ ਕਰ ਰਿਹਾ ਹੈ ਅਤੇ ਪੰਜਾਬ 9 ਵਿਸ਼ਿਆਂ ਵਿੱਚੋਂ ਪਹਿਲੀ ਵਰਕਸ਼ਾਪ ਦਾ ਆਯੋਜਨ ਕਰਨ ਵਾਲਾ ਪਹਿਲਾ ਸੂਬਾ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਪੰਜਾਬ ਰਾਜ ਦੀਆਂ ਪੰਚਾਇਤਾਂ ਨਾਲ ਸਬੰਧਤ ਸੈਸ਼ਨ ਹੋਣਗੇ ਜਦਕਿ ਦੂਜੇ ਦਿਨ ਹੋਣ ਵਾਲੇ ਸੈਸ਼ਨਾਂ ਵਿੱਚ ਹੋਰਨਾਂ ਰਾਜਾਂ ਦੀਆਂ ਪੰਚਾਇਤਾਂ ਸ਼ਾਮਲ ਹੋਣਗੀਆਂ। ਇਸ ਵਰਕਸ਼ਾਪ ਦਾ ਸੰਚਾਲਨ ਕਰ ਰਹੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਨੇ ਹੋਰਨਾਂ ਰਾਜਾਂ ਤੋਂ ਆਏ ਮਹਿਮਾਨਾਂ ਦੇ ਠਹਿਰਣ ਅਤੇ ਆਉਣ-ਜਾਣ ਦੀਆਂ ਤਿਆਰੀਆਂ, ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵਧੀਕ ਮੁੱਖ ਸਕੱਤਰ ਵਿਕਾਸ ਸਰਵਜੀਤ ਸਿੰਘ, ਪ੍ਰਮੁੱਖ ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ ਡੀ.ਕੇ ਤਿਵਾੜੀ, ਪ੍ਰਮੁੱਖ ਸਕੱਤਰ ਯੋਜਨਾ ਵਿਕਾਸ ਪ੍ਰਤਾਪ, ਡਾਇਰੈਕਟਰ ਪ੍ਰਬੰਧਕੀ ਸੁਧਾਰ ਗਿਰੀਸ਼ ਦਿਆਲਨ, ਸੰਯੁਕਤ ਕਮਿਸ਼ਨਰ ਵਿਕਾਸ ਅਮਿਤ ਕੁਮਾਰ, ਰਾਜ ਟਰਾਂਸਪੋਰਟ ਕਮਿਸ਼ਨਰ ਵਿਮਲ ਕੁਮਾਰ ਸੇਤੀਆ, ਵਿਸ਼ੇਸ਼ ਸਕੱਤਰ ਸਿਹਤ ਭੁਪਿੰਦਰ ਸਿੰਘ, ਮੁਹਾਲੀ ਦੇ ਡਿਪਟੀ ਕਮਿਸ਼ਨਰ ਸ. ਅਮਿਤ ਤਲਵਾੜ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਵਧੀਕ ਡਾਇਰੈਕਟਰ ਸੰਦੀਪ ਸਿੰਘ ਹਾਜ਼ਰ ਸਨ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।