
ਮੀਤ ਹੇਅਰ ਨੇ ਰਾਜਾਂ ਦੇ ਖੇਡ ਮੰਤਰੀਆਂ ਦੇ ਰਾਸ਼ਟਰੀ ਸੰਮੇਲਨ ਵਿੱਚ ਖੇਡ ਪਾਰਕਾਂ ਲਈ ਗੈਪ ਫੰਡਿੰਗ ਵਿੱਚ ਸਹਿਯੋਗ ਦੀ ਮੰਗ ਕੀਤੀ
ਖਿਡਾਰੀਆਂ ਲਈ ਐਡਵੋਕੇਟਸ ਇੰਜਰੀ ਸੈਂਟਰ ਅਤੇ ਖੇਲੋ ਇੰਡੀਆ ਚੈਂਪੀਅਨਜ਼ ਲਈ ਵੱਡਾ ਪਲੇਟਫਾਰਮ
ਇੰਫਾਲ/ਚੰਡੀਗੜ੍ਹ, 24 ਅਪ੍ਰੈਲ:
ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸੋਮਵਾਰ ਨੂੰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਖੇਡ ਮੰਤਰੀਆਂ ਦੇ ਚਿੰਤਨ ਕੈਂਪ (ਨੈਸ਼ਨਲ ਕਾਨਫਰੰਸ) ਦੌਰਾਨ ਰਾਸ਼ਟਰੀ ਖੇਡਾਂ/ਖੇਲੋ ਇੰਡੀਆ ਖੇਡਾਂ ਦੇ ਸਬੰਧ ਵਿੱਚ ਪੰਜਾਬ ਲਈ ਮੇਜ਼ਬਾਨੀ ਦੇ ਅਧਿਕਾਰਾਂ ਦੀ ਮੰਗ ਕੀਤੀ ਹੈ। ਇਸ ਸੈਸ਼ਨ ਦੀ ਪ੍ਰਧਾਨਗੀ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕੀਤੀ।
ਮੀਤ ਹੇਅਰ ਨੇ ਕਿਹਾ ਕਿ ਪੰਜਾਬ ਨੇ 2001 ਤੋਂ ਬਾਅਦ ਕਿਸੇ ਵੀ ਰਾਸ਼ਟਰੀ ਖੇਡਾਂ ਜਾਂ ਖੇਲੋ ਇੰਡੀਆ ਖੇਡਾਂ ਦੀ ਮੇਜ਼ਬਾਨੀ ਨਹੀਂ ਕੀਤੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਕਿਸੇ ਸਮੇਂ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਸੀ ਪਰ ਪਛੜ ਗਿਆ ਸੀ। ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖੇਡਾਂ ਵਿੱਚ ਪੰਜਾਬ ਦੀ ਗੁਆਚੀ ਹੋਈ ਸ਼ਾਨ ਨੂੰ ਮੁੜ ਬਹਾਲ ਕਰਨ ਲਈ ਪੂਰੀ ਵਾਹ ਲਾ ਰਹੀ ਹੈ ਅਤੇ ਰਾਸ਼ਟਰੀ ਪੱਧਰ ਦੇ ਖੇਡ ਸਮਾਗਮ ਦੀ ਮੇਜ਼ਬਾਨੀ ਦਾ ਮੌਕਾ ਮਿਲਣ ਨਾਲ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਵੱਡਾ ਹੁਲਾਰਾ ਮਿਲੇਗਾ। ਮੀਤ ਹੇਅਰ ਨੇ ਕਿਹਾ ਕਿ ਖੇਡ ਵਿਭਾਗ ਵੱਲੋਂ ਅਦਾ ਕੀਤੇ ਜਾ ਰਹੇ ਗੈਪ ਫੰਡਿੰਗ ਨਾਲ ਪੰਜਾਬ ਸਰਕਾਰ ਮਨਰੇਗਾ ਤਹਿਤ ਪਿੰਡਾਂ ਵਿੱਚ ਸਪੋਰਟਸ ਪਾਰਕ ਬਣਾ ਰਹੀ ਹੈ।
ਸੱਟਾਂ ਕਾਰਨ ਖਿਡਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਦਾ ਜ਼ਿਕਰ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਖਿਡਾਰੀਆਂ ਲਈ ਸੈਂਟਰ ਆਫ ਐਕਸੀਲੈਂਸ ਵਿੱਚ ਇੱਕ ਸੱਟ ਅਤੇ ਮੁੜ ਵਸੇਬਾ ਕੇਂਦਰ ਸਥਾਪਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਸੱਟਾਂ ਤੋਂ ਠੀਕ ਹੋ ਸਕਣ। ਉਨ੍ਹਾਂ ਇਸ ਸਬੰਧੀ ਓਲੰਪਿਕ ਅਥਲੀਟ ਨੀਰਜ ਚੋਪੜਾ ਦੀ ਮਿਸਾਲ ਦਿੱਤੀ।
ਮੀਤ ਹੇਅਰ ਨੇ ਅੱਗੇ ਕਿਹਾ ਕਿ ਖੇਲੋ ਇੰਡੀਆ ਖੇਡਾਂ ਦੇ ਜੇਤੂ ਖਿਡਾਰੀਆਂ ਦਾ ਇੱਕ ਪੂਲ ਬਣਾਇਆ ਜਾਣਾ ਚਾਹੀਦਾ ਹੈ ਅਤੇ ਇਨ੍ਹਾਂ ਖਿਡਾਰੀਆਂ ਨੂੰ ਚੰਗੇ ਕੇਂਦਰਾਂ ਵਿੱਚ ਭੇਜਿਆ ਜਾਣਾ ਚਾਹੀਦਾ ਹੈ। ਦੇਸ਼ ਦੇ ਸਭ ਤੋਂ ਵਧੀਆ ਖਿਡਾਰੀਆਂ ਨੂੰ ਓਲੰਪਿਕ, ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਲਈ ਚੰਗਾ ਪਲੇਟਫਾਰਮ ਮਿਲਣਾ ਚਾਹੀਦਾ ਹੈ |

