ਯੂਪੀਐਸਸੀ ਨੇ ਪੰਜਾਬ ਦੇ ਗ੍ਰਹਿ ਵਿਭਾਗ ਤੋਂ ਮੰਗਿਆ ਜਵਾਬ
ਭੇਜੇ ਗਏ ਪੈਨਲ ‘ਚ ਕਲੈਰੀਕਲ ਗਲਤੀਆਂ ਹੋਣ ਦਾ ਦਿੱਤਾ ਹਵਾਲਾ
ਚੰਡੀਗੜ੍ਹ/27ਅਕਤੂਬਰ/:
ਪੰਜਾਬ ਵਿੱਚ ਯਕੀਨੀ ਤੌਰ ‘ਤੇ ਡੀਜੀਪੀ ਦੀ ਨਿਯੁਕਤੀ ਵਿੱਚ ਦੇਰੀ ਹੋ ਸਕਦੀ ਹੈ। ਪੰਜਾਬ ਸਰਕਾਰ ਵੱਲੋਂ ਯੂਪੀਐਸਸੀ ਨੂੰ ਭੇਜੇ ਪੈਨਲ ਵਿੱਚ ਕੁਝ ਕਲੈਰੀਕਲ ਗਲਤੀਆਂ ਸਾਹਮਣੇ ਆਈਆਂ ਹਨ। ਜਿਸ ਕਾਰਨ ਇਸ ਸਬੰਧੀ ਪੰਜਾਬ ਦੇ ਗ੍ਰਹਿ ਵਿਭਾਗ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ। ਇਸ ਤੋਂ ਬਾਅਦ ਹੀ ਯੂਪੀਐਸਸੀ 3 ਅਧਿਕਾਰੀਆਂ ਦਾ ਪੈਨਲ ਬਣਾ ਕੇ ਪੰਜਾਬ ਨੂੰ ਭੇਜੇਗਾ।ਜਿਨ੍ਹਾਂ ‘ਚੋਂ ਕਿਸੇ ਇਕ ਨੂੰ ਡੀਜੀਪੀ ਲਗਾਇਆ ਜਾਵੇਗਾ।
ਸੂਤਰਾਂ ਮੁਤਾਬਕ ਯੂਪੀਐਸਸੀ ਨੂੰ ਭੇਜੀ ਗਈ ਸੂਚੀ ਵਿੱਚ ਡੀਜੀਪੀ ਵੀਕੇ ਭਾਵਰਾ ਦਾ ਨਾਂ ਲੈਕੇ ਪੁੱਛਿਆ ਗਿਆ ਹੈ। ਪੈਨਲ ਵਿਚ ਇਕ ਥਾਂ ‘ਤੇ ਉਸ ਦਾ ਨਾਂ ਛੋਟਾ ਲਿਖਿਆ ਹੋਇਆ ਹੈ ਜਦਕਿ ਦੂਜੇ ਥਾਂ ‘ਤੇ ਉਸ ਦਾ ਪੂਰਾ ਨਾਂ। ਗ੍ਰਹਿ ਵਿਭਾਗ ਨੂੰ ਪੁੱਛਿਆ ਗਿਆ ਹੈ ਕਿ ਕੀ ਇਹ ਇੱਕੋ ਅਧਿਕਾਰੀ ਦੇ ਵੱਖ-ਵੱਖ ਨਾਂ ਹਨ ਜਾਂ ਦੋਵੇਂ ਵੱਖ-ਵੱਖ ਅਧਿਕਾਰੀ ਹਨ। ਇਸੇ ਤਰ੍ਹਾਂ ਦਿਨਕਰ ਗੁਪਤਾ, ਜਿਨ੍ਹਾਂ ਨੂੰ ਹਾਲ ਹੀ ਵਿੱਚ ਡੀਜੀਪੀ ਦੇ ਅਹੁਦੇ ਤੋਂ ਹਟਾਇਆ ਗਿਆ ਸੀ, ਦੀ ਜੁਆਇਨਿੰਗ ਡੇਟ ਵਿੱਚ ਵੀ ਕੁਝ ਗੜਬੜ ਹੈ। ਜਿਸ ਕਾਰਨ ਇੱਕ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਪੈਨਲ ਬਣ ਕੇ ਨਹੀਂ ਆਇਆ।
ਜ਼ਿਕਰਯੋਗ ਹੈ ਕਿ ਪੰਜਾਬ ‘ਚ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਦਿਨਕਰ ਗੁਪਤਾ ਛੁੱਟੀ ‘ਤੇ ਚਲੇ ਗਏ ਸਨ। ਬਾਅਦ ਵਿੱਚ ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਉਨ੍ਹਾਂ ਦੀ ਥਾਂ ਇਕਬਾਲਪ੍ਰੀਤ ਸਹੋਤਾ ਨੂੰ ਡੀਜੀਪੀ ਦਾ ਚਾਰਜ ਦੇ ਦਿੱਤਾ। ਇਸ ਸਮੇਂ ਸਹੋਤਾ ਕਾਰਜਕਾਰੀ ਡੀਜੀਪੀ ਵਜੋਂ ਕੰਮ ਕਰ ਰਹੇ ਹਨ। ਚੋਣਾਂ ਦਾ ਐਲਾਨ ਹੋਣ ‘ਚ ਲਗਭਗ 2 ਮਹੀਨੇ ਬਾਕੀ ਹਨ।
ਦਿਲਚਸਪ ਗੱਲ ਇਹ ਹੈ ਕਿ ਜਦੋਂ ਨਵਜੋਤ ਸਿੱਧੂ ਨੇ ਇਕਬਾਲਪ੍ਰੀਤ ਸਹੋਤਾ ਦੀ ਡੀਜੀਪੀ ਵਜੋਂ ਨਿਯੁਕਤੀ ਦਾ ਵਿਰੋਧ ਕੀਤਾ ਸੀ ਤਾਂ ਉਨ੍ਹਾਂ ਨੂੰ ਵੀ ਇਹੀ ਫਾਰਮੂਲਾ ਦਿੱਤਾ ਗਿਆ ਸੀ। ਸਿੱਧੂ ਨੂੰ ਦੱਸਿਆ ਗਿਆ ਕਿ ਯੂਪੀਐਸਸੀ ਨੂੰ ਪੈਨਲ ਭੇਜਿਆ ਹੈ ਉਥੋਂ ਲਿਸਟ ਆਉਣ ਤੋਂ ਬਾਅਦ ਉਨ੍ਹਾਂ ਨਾਲ ਗੱਲਬਾਤ ਕਰਕੇ ਨਵਾਂ ਡੀਜੀਪੀ ਨਿਯੁਕਤ ਕੀਤਾ ਜਾਵੇਗਾ। ਹਾਲਾਂਕਿ ਉਥੋਂ ਦੇਰੀ ਹੋਣ ਨਾਲ ਸਹੋਤਾ ਅਹੁਦੇ ‘ਤੇ ਬਣੇ ਰਹਿਣਗੇ। ਸਿੱਧੂ ਸਿਧਾਰਥ ਚਟੋਪਾਧਿਆਏ ਨੂੰ ਡੀਜੀਪੀ ਨਿਯੁਕਤ ਕਰਨਾ ਚਾਹੁੰਦੇ ਸਨ। ਸਿੱਧੂ ਦੀ ਦਲੀਲ ਸੀ ਕਿ ਡੀਜੀਪੀ ਸਹੋਤਾ ਨੇ ਬੇਅਦਬੀ ਮਾਮਲੇ ਵਿੱਚ ਬਾਦਲ ਸਰਕਾਰ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਹਾਲਾਂਕਿ, ਮੁੱਖ ਮੰਤਰੀ ਚੰਨੀ ਨੇ ਉਨ੍ਹਾਂ ਦੇ ਵਿਰੋਧ ਨੂੰ ਦਰਕਿਨਾਰ ਕਰ ਦਿੱਤਾ ਸੀ।