ਪੌਂਗ ਡੈਮ ‘ਚ ਕਰੀਬ 7 ਲੱਖ ਕਿਊਸਿਕ ਪਾਣੀ ਦੀ ਹੋਈ ਆਮਦ, ਪੰਜ ਜ਼ਿਲ੍ਹਿਆਂ ਦੇ ਵਾਸੀਆਂ ਨੂੰ ਨਦੀ ਦੇ ਨੇੜੇ ਨਾ ਜਾਣ ਦੀ ਸਲਾਹ


ਮੁੱਖ ਸਕੱਤਰ ਨੇ ਸਾਰੇ ਡੀਸੀਜ਼ ਨੂੰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਲਈ ਕਿਹਾ

ਚੰਡੀਗੜ੍ਹ: ਬਿਆਸ ਦਰਿਆ ਦੇ ਨਾਲ ਲੱਗਦੇ ਖੇਤਰ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪੌਂਗ ਡੈਮ ਵਿੱਚ ਲਗਭਗ 7 ਲੱਖ ਕਿਊਸਿਕ ਤੋਂ ਵੱਧ ਪਾਣੀ ਦੀ ਆਮਦ ਹੋਣ ਕਾਰਨ ਪੰਜ ਜ਼ਿਲ੍ਹਿਆਂ ਦੇ ਵਾਸੀਆਂ ਨੂੰ ਨਦੀ ਦੇ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਹੈ। ਪੌਂਗ ਡੈਮ ਦਾ ਮੌਜੂਦਾ ਪੱਧਰ 1395.91 ਫੁੱਟ ਹੈ ਅਤੇ ਵੱਧ ਤੋਂ ਵੱਧ ਪੱਧਰ 1390.00 ਫੁੱਟ ਨਿਰਧਾਰਤ ਕੀਤਾ ਗਿਆ ਹੈ, ਜਦੋਂ ਕਿ ਡੈਮ ਦੀ ਬਣਤਰ ਮੁਤਾਬਕ ਇਸ ਵਿਚਲੇ ਪਾਣੀ ਦਾ ਪੱਧਰ 1421 ਫੁੱਟ ਹੋ ਸਕਦਾ ਹੈ ਅਤੇ ਡੈਮ 1400 ਫੁੱਟ ਤੱਕ ਪਾਣੀ ਨੂੰ ਆਸਾਨੀ ਨਾਲ ਰੋਕਣ ਦੀ ਸਮਰੱਥਾ ਰੱਖਦਾ ਹੈ।ਭਵਿੱਖ ਵਿੱਚ ਪਾਣੀ ਦਾ ਵਹਾਅ ਜਿਆਦਾ ਹੋਣ ਦੀ ਸਥਿਤੀ ਨਾਲ ਨਜਿੱਠਣ ਲਈ, ਡੈਮ ਤੋਂ ਲਗਭਗ 68,000 ਕਿਊਸਿਕ ਪਾਣੀ ਨੂੰ ਕੰਟਰੋਲ ਤਰੀਕੇ ਨਾਲ ਛੱਡੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਪਾਣੀ ਨੂੰ ਕੰਟਰੋਲ ਤਰੀਕੇ ਨਾਲ ਛੱਡਿਆ ਜਾਵੇਗਾ ਅਤੇ ਇਸ ਨੂੰ ਹੌਲੀ-ਹੌਲੀ ਵਧਾਇਆ ਜਾਵੇਗਾ। ਇਹ ਫੈਸਲਾ ਭਵਿੱਖ ਵਿੱਚ ਪਾਣੀ ਦਾ ਵਹਾਅ ਵਧਣ ਦੀ ਸਥਿਤੀ ਨਾਲ ਨਜਿੱਠਣ ਲਈ ਲਿਆ ਗਿਆ ਹੈ ਅਤੇ ਜੇਕਰ ਭਵਿੱਖ ਵਿੱਚ ਪਾਣੀ ਦਾ ਵਹਾਅ ਵਧਦਾ ਹੈ ਤਾਂ ਡੈਮਾਂ ਦੀ ਭੰਡਾਰਨ ਸਮਰਥਾ ਕਾਫੀ ਹੈ।

ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜ ਜ਼ਿਲਿਆਂ ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਤਰਨਤਾਰਨ ਜ਼ਿਲ੍ਹਿਆਂ ਦੇ ਲੋਕਾਂ ਨੂੰ ਦਰਿਆ ਦੇ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ।ਪਾਣੀ ਦੇ ਵਹਾਅ ਨੂੰ ਰੋਕਣ ਲਈ ਨਦੀ ਦੇ ਕਿਨਾਰਿਆਂ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ ਅਤੇ ਵਿਭਾਗ ਦੇ ਫੀਲਡ ਸਟਾਫ ਨੂੰ 24 ਘੰਟੇ ਸਥਿਤੀ ਉੱਤੇ ਰੱਖਣ ਲਈ ਕਿਹਾ ਹੈ।

ਇਸੇ ਦੌਰਾਨ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਹਿਮਾਚਲ ਪ੍ਰਦੇਸ਼ ਵਿੱਚ ਪੈ ਰਹੇ ਭਾਰੀ ਮੀਂਹ ਕਾਰਨ ਡੈਮਾਂ ਵਿੱਚ ਆ ਰਹੇ ਵਾਧੂ ਪਾਣੀ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਵੀਡਿਓ ਕਾਨਫਰਸਿੰਗ ਰਾਹੀਂ ਮੀਟਿੰਗ ਕੀਤੀ। ਮੁੱਖ ਸਕੱਤਰ ਨੇ ਕਿਹਾ ਕਿ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ ਅਤੇ ਦਇਆਵਾਂ ਨਾਲ ਵਸੇ ਲੋਕਾਂ ਨੂੰ ਸੁਰੱਖਿਅਤ ਰੱਖਣ ਉਤੇ ਕੰਮ ਕਰਨ। ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਅਤੇ ਲੋੜ ਪੈਣ ਉੱਤੇ ਰਾਹਤ ਕੈਂਪ ਲਗਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸੰਵੇਦਨਸ਼ੀਲ ਥਾਂਵਾ ਦੀ ਨਿਰੰਤਰ ਚੌਕਸੀ ਰੱਖੀ ਜਾਵੇ ਅਤੇ ਕਿਸੇ ਵੀ ਲੋੜ ਪੈਣ ਉਤੇ ਜਲ ਸਰੋਤ ਵਿਭਾਗ ਅਤੇ ਉਨ੍ਹਾਂ ਦੇ ਦਫ਼ਤਰ ਨਾਲ ਤੁਰੰਤ ਰਾਬਤਾ ਕਾਇਮ ਕੀਤਾ ਜਾਵੇ। ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਵੀ ਹਾਜ਼ਰ ਸਨ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *