ਟੀਕਰੀ ਬਾਰਡਰ ਤੇ ਧਰਨੇ ਤੋਂ ਵਾਪਿਸ ਪਿੰਡ ਪਰਤ ਰਹੀਆਂ 6 ਬਜ਼ੁਰਗ ਔਰਤਾਂ ਨੂੰ ਟਰੱਕ ਨੇ ਦਰੜਿਆ 3 ਦੀਮੌਤ 3 ਦੀ ਹਾਲਤ ਗੰਭੀਰ
ਨਵੀਂ ਦਿੱਲੀ,28ਅਕਤੂਬਰ2021: ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ ਇੱਕ ਕੇਂਦਰੀ ਮੰਤਰੀ ਦੇ ਲੜਕੇ ਵੱਲੋਂ ਆਪਣੀ ਗੱਡੀ ਹੇਠ ਦਰੜ ਕੇ 4 ਕਿਸਾਨਾਂ ਨੂੰ ਸ਼ਹੀਦ ਕਰਨ ਦੀਆਂ ਖਬਰਾਂ ਦੀ ਸਿਆਹੀ ਵੀ ਨਹੀਂ ਸੁੱਕੀ ਸੀ ਕਿ ਦਿੱਲੀ ਦੇ ਟਿਕਰੀ ਬਾਰਡਰ ਮੋਰਚੇ ਤੇ ਇੱਕ ਟਿੱਪਰ ਵੱਲੋਂ ਕੁਚਲਣ ਕਾਰਨ ਤਿੰਨ ਕਿਸਾਨ ਔਰਤਾਂ ਦੀ ਦਰਦਨਾਕ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਟਿੱਪਰ ਵੱਲੋਂ ਦਰੜਨ ਦੌਰਾਨ ਦੋ ਕਿਸਾਨ ਔਰਤਾਂ ਗੰਭੀਰ ਜਖਮੀ ਹੋ ਗਈਆਂ ਹਨ ਜਿੰਨ੍ਹਾਂ ਨੂੰ ਪੀ ਜੀ ਆਈ ਰੋਹਤਕ ’ਚ ਇਲਾਜ ਲਈ ਭਿਜਵਾਇਆ ਗਿਆ ਹੈ। ਇਸ ਮੌਕੇ ਦੋ ਕਿਸਾਨ ਔਰਤਾਂ ਅਤੇ ਇੱਕ ਲੜਕਾ ਵਾਲ ਵਾਲ ਬਚ ਗਏ ਹਨ। ਇਹ ਸਾਰੀਆਂ ਔਰਤਾਂ ਮਾਨਸਾ ਜਿਲ੍ਹੇ ਦੇ ਬਲਾਕ ਭੀਖੀ ਨੇੜਲੇ ਪਿੰਡ ਖੀਵਾ ਨਾਲ ਸਬੰਧਤ ਸਨ।
ਸ਼ਹੀਦ ਔਰਤਾਂ ਦੀ ਪਛਾਣ ਅਮਰਜੀਤ ਕੌਰ ਪਤਨੀ ਹਰਜੀਤ ਸਿੰਘ, ਗੁਰਮੇਲ ਕੌਰ ਪਤਨੀ ਭੋਲਾ ਸਿੰਘ ਅਤੇ ਸ਼ਿੰਦਰ ਕੌਰ ਪਤਨੀ ਭਾਨ ਸਿੰਘ ਵਜੋਂ ਕੀਤੀ ਗਈ ਹੈ ਜਦੋਂਕਿ ਇਸ ਟਿੱਪਰ ਕਾਂਡ ’ਚ ਗੁਰਮੇਲ ਕੌਰ ਪਤਨੀ ਮਿਹਰ ਸਿੰਘ ਅਤੇ ਹਰਮੀਤ ਕੌਰ ਪਤਨੀ ਗੁਰਤੇਜ ਸਿੰਘ ਗੰਭੀਰ ਜਖਮੀ ਹੋਈਆਂ ਹਨ। ਇਸ ਸਬੰਧ ’ਚ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਜਾਂਚ ਦੌਰਾਨ ਹੀ ਇਹ ਸਾਹਮਣੇ ਆਵੇਗਾ ਕਿ ਇਹ ਘਟਨਾ ਮਹਿਜ਼ ਕੋਈ ਹਾਦਸਾ ਹੈ ਜਾਂ ਫਿਰ ਕਿਸੇ ਗੰਭੀਰ ਸਾਜਿਸ਼ ਦਾ ਸਿੱਟਾ ਹੈ ।ਇਸ ਹੌਲਨਾਕ ਘਟਨਾ ਕਾਰਨ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੀਆਂ ਪੰਜਾਬ ਦੀਆਂ ਸੰਘਰਸ਼ਸ਼ੀਲ ਧਿਰਾਂ ’ਚ ਸੋਗ ਦਾ ਮਹੌਲ ਬਣ ਗਿਆ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਿਸਾਨ ਔਰਤਾਂ ਨੂੰ ਮੋਰਚੇ ਦੀਆਂ ਸ਼ਹੀਦ ਕਰਾਰ ਦਿੰਦਿਆਂ ਪੀੜਤ ਪ੍ਰੀਵਾਰਾਂ ਲਈ ਮਾਲੀ ਇਮਦਾਦ ਦੀ ਮੰਗ ਕੀਤੀ ਹੈ। ਇੰਨ੍ਹਾਂ ਕਿਸਾਨ ਔਰਤਾਂ ਦਾ ਸਬੰਧ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨਾਲ ਦੱਸਿਆ ਜਾ ਰਿਹਾ ਹੈ। ਯੂਨੀਅਨ ਦੇ ਸੀਨੀਅਰ ਆਗੂ ਤੇ ਟਿਕਰੀ ਬਾਰਡਰ ਮੋਰਚੇ ’ਚ ਕਮ:ਡ ਸੰਭਾਲ ਰਹੇ ਕਿਸਾਨ ਆਗੂ ਬਸੰਤ ਸਿੰਘ ਕੋਠਾ ਗੁਰੂ ਨੇ ਇਸ ਦੁਖਦਾਈ ਕਾਂਡ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਕਿਸਾਨ ਔਰਤਾਂ ਪੰਜਾਬ ਪਰਤਣ ਲਈ ਝੱਜਰ ਵਾਲੇ ਪੁਲ ਦੇ ਹੇਠਾਂ ਡਿਵਾਇਡਰ ਤੇ ਬੈਠੀਆਂ ਰੇਲਵੇ ਸਟੇਸ਼ਨ ਜਾਣ ਲਈ ਆਟੋ ਦੀ ਉਡੀਕ ਕਰ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਨੇ ਰੇਲਵੇ ਸਟੇਸ਼ਨ ਤੋਂ ਚੱਲਣ ਵਾਲੀ ਪੌਣੇ ਅੱਠ ਵਜੇ ਵਾਲੀ ਗੱਡੀ ਫੜਨੀ ਸੀ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਇੱਕ ਟਿੱਪਰ ਆਇਆ ਜਿਸ ਨੇ ਔਰਤਾਂ ਨੂੰ ਟੱਕਰ ਮਾਰ ਦਿੱਤੀ।
ਉਨ੍ਹਾਂ ਦੱਸਿਆ ਕਿ ਟੱਕਰ ਐਨੀ ਭਿਆਨਕ ਸੀ ਕਿ ਤਿੰਨ ਔਰਤਾਂ ਤਾਂ ਮੌਕੇ ਤੇ ਹੀ ਮਾਰੀਆਂ ਗਈਆਂ ਜਦੋਂਕਿ ਦੋ ਔਰਤਾਂ ਦੇ ਜਖਮਾਂ ਦੀ ਗੰਭੀਰਤਾ ਨੂੰ ਦੇਖਦਿਆਂ ਪੀ ਜੀ ਆਈ ਰੋਹਤਕ ਭੇਜ ਦਿੱਤਾ ਗਿਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਲਗਾਤਾਰ ਗੰਭੀਰ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਔਰਤਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਪੀੜਤ ਪ੍ਰੀਵਾਰਾਂ ਨੂੰ ਮਾਲੀ ਇਮਦਾਦ, ਸਮੁੱਚਾ ਕਰਜਾ ਮੁਆਫ ਅਤੇ ਇੱਕ ਜੀਅ ਨੂੰ ਸਰਕਾਰ ਨੌਕਰੀ ਦੇਣ ਦੀ ਮੰਗ ਕੀਤੀ ਹੈ। ਇਸੇ ਦੌਰਾਨ ਜੱਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਪੀੜਤ ਪ੍ਰੀਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।