ਸਮਾਣਾ, 7 ਅਪ੍ਰੈਲ, 2023 – ਪੰਜਾਬ ਦੇ ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਆਮਦਨ ਵਧਾਉਣ ਲਈ ਰਵਾਇਤੀ ਫਸਲਾਂ ਦੇ ਨਾਲ-ਨਾਲ ਖੁੰਬਾਂ ਦੀ ਕਾਸ਼ਤ ਅਤੇ ਬਾਗਬਾਨੀ ਸਮੇਤ ਨਕਦੀ ਫਸਲਾਂ ਦੀ ਕਾਸ਼ਤ ਨੂੰ ਤਰਜੀਹ ਦੇਣ। ਜੌੜੇਮਾਜਰਾ ਨੇ ਸਮਾਣਾ-ਰਾਜਲਾ ਰੋਡ ‘ਤੇ ਸਥਿਤ ਹਾਈਲਾਈਨ ਫੂਡਜ਼ ਮਸ਼ਰੂਮ ਫਾਰਮ ਦਾ ਦੌਰਾ ਕੀਤਾ ਅਤੇ ਖੁੰਬ ਉਤਪਾਦਕਾਂ ਗੌਰਵ ਜਿੰਦਲ, ਅਮਿਤ ਗਰਗ (ਗੁਰਦਾਸ), ਸੋਨੂੰ ਬਾਂਸਲ ਅਤੇ ਸਿਕੰਦਵੀਰ ਜਿੰਦਲ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਜਿਹੇ ਅਗਾਂਹਵਧੂ ਉੱਦਮੀਆਂ ਦਾ ਹਰ ਤਰ੍ਹਾਂ ਨਾਲ ਸਹਿਯੋਗ ਕਰਨ ਲਈ ਵਚਨਬੱਧ ਹੈ। ਤਾਂ ਜੋ ਅਜਿਹੇ ਉੱਦਮੀ ਆਪਣੀ ਆਮਦਨ ਵਿੱਚ ਵਾਧਾ ਕਰ ਸਕਣ ਅਤੇ ਹੋਰ ਲੋਕਾਂ ਨੂੰ ਵੀ ਰੁਜ਼ਗਾਰ ਮੁਹੱਈਆ ਕਰਵਾ ਸਕਣ। ਚੇਤਨ ਸਿੰਘ ਜੌੜਾਮਾਜਰਾ, ਜਿਨ੍ਹਾਂ ਕੋਲ ਸੂਚਨਾ ਅਤੇ ਲੋਕ ਸੰਪਰਕ, ਰੱਖਿਆ ਸੇਵਾਵਾਂ ਭਲਾਈ ਅਤੇ ਆਜ਼ਾਦੀ ਘੁਲਾਟੀਆਂ ਦੇ ਵਿਭਾਗ ਵੀ ਹਨ, ਨੇ ਹਾਈਲਾਈਨ ਫੂਡਜ਼ ਮਸ਼ਰੂਮ ਫਾਰਮ ਵਿਖੇ ਨਵੇਂ ਲਗਾਏ ਗਏ 250 ਕਿਲੋਵਾਟ ਦੇ ਸੋਲਰ ਪਲਾਂਟ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਇੱਥੇ ਖੁੰਬਾਂ ਦੇ ਫਾਰਮ ਦੀ ਪੈਕਿੰਗ, ਉਤਪਾਦਨ ਅਤੇ ਹੋਰ ਯੂਨਿਟਾਂ ਦਾ ਦੌਰਾ ਕਰਕੇ ਨਿਰੀਖਣ ਕੀਤਾ। ਇਸ ਮੌਕੇ ਜੌੜੇਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਨਵੇਂ ਉੱਦਮੀਆਂ ਨੂੰ ਸੂਬੇ ਵਿੱਚ ਨਿਵੇਸ਼ ਕਰਨ ਅਤੇ ਆਪਣੇ ਯੂਨਿਟ ਸਥਾਪਤ ਕਰਨ ਲਈ ਹਰ ਪੱਖੋਂ ਸੁਖਾਵਾਂ ਮਾਹੌਲ ਮੁਹੱਈਆ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਬਾਗਬਾਨੀ ਵਿਭਾਗ ਵੱਲੋਂ ਕਿਸਾਨਾਂ ਲਈ ਸਿਖਲਾਈ, ਸਬਸਿਡੀ ਅਤੇ ਤਕਨੀਕੀ ਸਹਾਇਤਾ ਆਦਿ ਲਈ ਕਈ ਸਕੀਮਾਂ ਉਲੀਕੀਆਂ ਗਈਆਂ ਹਨ, ਜਿਨ੍ਹਾਂ ਦਾ ਲਾਹਾ ਲੈ ਕੇ ਕਿਸਾਨ ਚੰਗੇ ਬਾਗਬਾਨ, ਨਗਦੀ ਫਸਲਾਂ ਅਤੇ ਖੁੰਬਾਂ ਦੇ ਚੰਗੇ ਉਤਪਾਦਕ ਬਣ ਸਕਦੇ ਹਨ। ਖੁੰਬ ਉਤਪਾਦਕ ਗੌਰਵ ਜਿੰਦਲ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਏਅਰ ਕੰਡੀਸ਼ਨਡ ਪਲਾਂਟ 4 ਏਕੜ ਵਿੱਚ ਸ਼ੁਰੂ ਕੀਤਾ ਹੈ, ਜਿੱਥੇ 3 ਟਨ ਖੁੰਬਾਂ ਦੀ ਪੈਦਾਵਾਰ ਹੁੰਦੀ ਹੈ ਅਤੇ ਉਹ ਆਪਣੀ ਖਾਦ ਖੁਦ ਤਿਆਰ ਕਰਦੇ ਹਨ, ਜਿਸ ਦੀ ਵਰਤੋਂ ਉਹ ਖੁੰਬਾਂ ਨੂੰ ਉਗਾਉਣ ਲਈ ਕਰਦੇ ਹਨ। ਸਾਲ ਵਿੱਚ 6 ਫ਼ਸਲਾਂ ਲੈਣ ਤੋਂ ਬਾਅਦ ਬਾਕੀ ਬਚੀ ਖਾਦ ਕਿਸਾਨਾਂ ਨੂੰ ਖੇਤਾਂ ਵਿੱਚ ਵਰਤਣ ਲਈ ਦੇ ਦਿੰਦੇ ਹਨ। ਇਸ ਮੌਕੇ ਓ.ਐਸ.ਡੀ. ਇਸ ਮੌਕੇ ਐਡਵੋਕੇਟ ਗੁਲਜ਼ਾਰ ਸਿੰਘ ਵਿਰਕ, ਗੁਰਦੇਵ ਸਿੰਘ ਟਿਵਾਣਾ, ਬਲਕਾਰ ਸਿੰਘ ਗੱਜੂਮਾਜਰਾ, ਸੁਰਜੀਤ ਸਿੰਘ ਗਾਜੀਪੁਰ, ਅਗਰਵਾਲ ਧਰਮਸ਼ਾਲਾ ਦੇ ਪ੍ਰਧਾਨ ਮਦਨ ਮਿੱਤਲ, ਬਾਲ ਕ੍ਰਿਸ਼ਨ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।
