ਚੰਡੀਗੜ੍ਹ: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਬਹਿਰੀਨ ਵਿੱਚ ਹਾਲ ਹੀ ਵਿੱਚ ਸਮਾਪਤ ਹੋਈ ਜੂਨੀਅਰ ਏਸ਼ੀਅਨ ਵਾਲੀਬਾਲ ਚੈਂਪੀਅਨਸ਼ਿਪ ਵਿੱਚ ਉਪ ਜੇਤੂ ਰਹੀ ਭਾਰਤੀ ਵਾਲੀਬਾਲ ਟੀਮ ਦੇ ਅਹਿਮ ਖਿਡਾਰੀ ਜੋਸ਼ਨੂਰ ਢੀਂਡਸਾ ਨੂੰ ਨਿੱਜੀ ਤੌਰ ‘ਤੇ ਵਧਾਈ ਦਿੱਤੀ ਹੈ। ਅੱਜ ਚੰਡੀਗੜ੍ਹ ਵਿਖੇ ਜੋਸ਼ਨੂਰ ਢੀਂਡਸਾ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕਰਦਿਆਂ ਖੇਡ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਲਗਾਤਾਰ ਉਪਰਾਲੇ ਕਰ ਰਹੀ ਹੈ। ਜੋਸ਼ਨੂਰ ਵਰਗੇ ਉਭਰਦੇ ਖਿਡਾਰੀ ਸੂਬੇ ਦਾ ਭਵਿੱਖ ਹਨ। ਉਨ੍ਹਾਂ ਕਿਹਾ ਕਿ ਖੇਡ ਵਿਭਾਗ ਵੱਲੋਂ ਇਸ ਖਿਡਾਰੀ ਨੂੰ ਅੱਗੇ ਵਧਣ ਲਈ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੋਸ਼ਨੂਰ ਦੀ ਪ੍ਰਾਪਤੀ ਨੌਜਵਾਨ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਹੋਵੇਗੀ। ਖੇਡ ਮੰਤਰੀ ਨੇ ਉਨ੍ਹਾਂ ਦੇ ਭਵਿੱਖ ਦੀ ਕਾਮਨਾ ਵੀ ਕੀਤੀ। ਮੀਤ ਹੇਅਰ ਨੇ ਕਿਹਾ ਕਿ ਖੇਡ ਵਿਭਾਗ ਨਵੀਂ ਖੇਡ ਨੀਤੀ ਵੀ ਬਣਾ ਰਿਹਾ ਹੈ, ਜਿਸ ਤਹਿਤ ਹੋਣਹਾਰ ਖਿਡਾਰੀਆਂ ਦੀ ਤਰੱਕੀ, ਸੀਨੀਅਰ ਖਿਡਾਰੀਆਂ ਦਾ ਸਨਮਾਨ ਅਤੇ ਖਿਡਾਰੀਆਂ ਦੇ ਰੁਜ਼ਗਾਰ ਨਾਲ ਸਬੰਧਤ ਹਰ ਪਹਿਲੂ ਨੂੰ ਕਵਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ‘ਖੇਡਣ ਵਤਨ ਪੰਜਾਬ’ ਇੱਕ ਸ਼ੁਰੂਆਤ ਹੈ ਅਤੇ ਸੂਬੇ ਵਿੱਚ ਖੇਡ ਪੱਖੀ ਮਾਹੌਲ ਸਿਰਜਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਜ਼ਿਕਰਯੋਗ ਹੈ ਕਿ ਭਾਰਤ ਨੇ 28 ਸਾਲ ਬਾਅਦ ਜੂਨੀਅਰ ਏਸ਼ੀਅਨ ਵਾਲੀਬਾਲ ਚੈਂਪੀਅਨਸ਼ਿਪ ‘ਚ ਤਮਗਾ ਜਿੱਤਿਆ ਹੈ। ਟੀਮ ਦਾ ਮੁੱਖ ਖਿਡਾਰੀ ਮਾਨਸਾ ਦਾ ਜੋਸ਼ਨੂਰ ਢੀਂਡਸਾ ਹੈ ਜੋ ਪਬਲਿਕ ਕਾਲਜ ਸਮਾਣਾ ਵਿਖੇ ਬੀਏ ਭਾਗ ਦੂਜਾ ਦਾ ਵਿਦਿਆਰਥੀ ਹੈ। ਜੋਸ਼ਨੂਰ ਇਸ ਤੋਂ ਪਹਿਲਾਂ ਸੀਨੀਅਰ ਏਸ਼ੀਆ ਕੱਪ ਵਿੱਚ ਵੀ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ। ਇਸ ਮੌਕੇ ਮੀਤ ਹੇਅਰ, ਜੋਸਨੂਰ ਦੇ ਪਿਤਾ ਸੁਖਵਿੰਦਰ ਸਿੰਘ ਢੀਂਡਸਾ, ਉਨ੍ਹਾਂ ਦੇ ਕੋਚ ਚਮਨ ਸਿੰਘ ਅਤੇ ਪਬਲਿਕ ਕਾਲਜ ਸਮਾਣਾ ਦੇ ਪ੍ਰਿੰਸੀਪਲ ਡਾ.ਜਤਿੰਦਰ ਦੇਵ ਨੂੰ ਵੀ ਵਧਾਈ ਦਿੱਤੀ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।