ਕੇਂਦਰ ਅਤੇ ਪੰਜਾਬ ਸਰਕਾਰ ਦੀ ਮਿਲੀਭੁਗਤ ਨੇ ਖੇਤੀਬਾੜੀ ਨੂੰ ਕੀਤਾ ਬਰਬਾਦ: ਹਰਪਾਲ ਸਿੰਘ ਚੀਮਾ

ਕੇਂਦਰ ਅਤੇ ਪੰਜਾਬ ਸਰਕਾਰ ਦੀ ਮਿਲੀਭੁਗਤ ਨੇ ਖੇਤੀਬਾੜੀ ਨੂੰ ਕੀਤਾ ਬਰਬਾਦ: ਹਰਪਾਲ ਸਿੰਘ ਚੀਮਾ

-ਮਾਰੂ ਖੇਤੀ ਨੀਤੀਆਂ ਅਤੇ ਮਾੜੀ ਨੀਅਤ ਨਾਲ ਕਿਸਾਨਾਂ ਤੋਂ ਉਸ ਦੀ ਜ਼ਮੀਨ ਖੋੋਹਣ ਦੀ ਤਿਆਰੀ: ਆਪ

-ਕਿਸਾਨਾਂ ਤੇ ਮਜ਼ਦੂਰਾਂ ਦਾ 90 ਹਜ਼ਾਰ ਕਰੋੜ ਦਾ ਕਰਜ ਵੱਧ ਕੇ 1.50 ਲੱਖ ਕਰੋੜ ਰੁਪਏ ਹੋਇਆ

ਚੰਡੀਗੜ੍ਹ, 18 ਨਵੰਬਰ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੂਬੇ ਦੀ ਖੇਤੀਬਾੜੀ ਨੂੰ ਬਰਬਾਦ ਕਰਨ ’ਤੇ ਤੁਲੀ ਕਾਂਗਰਸ ਦੀ ਚੰਨੀ ਸਰਕਾਰ ਨੂੰ ਆਮ ਲੋਕਾਂ ਦੀ ਥਾਂ ਖਾਸ ਲੋਕਾਂ ਦੀ ਸਰਕਾਰ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਨੀਤੀ ਅਤੇ ਨੀਅਤ ਦੋਨੋਂ ਹੀ ਪੰਜਾਬ ਦੀਆਂ ਦੁਸ਼ਮਨ ਹਨ। ਚੀਮਾ ਨੇ ਕਿਹਾ ਕਿ ਜਿਸ ਕਾਂਗਰਸ ਸਰਕਾਰ ਨੇ 19 ਜਨਵਰੀ 2017 ਨੂੰ ਲਿਖਤੀ ਤੌਰ ’ਤੇ ਕਿਸਾਨ-ਮਜ਼ਦੂਰ ਨਾਲ ਸੰਪੂਰਨ ਕਰਜ਼ੇ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ, ਜਿਸ ਵਿਚ ਸਰਕਾਰੀ, ਸਹਿਕਾਰੀ ਅਤੇ ਪ੍ਰਾਈਵੇਟ ਬੈਂਕਾਂ ਦੇ ਨਾਲ-ਨਾਲ ਗੈਰ ਸੰਗਠਿਤ ਖੇਤਰ ਚੋਂ ਚੁੱਕੇ ਹੋਏ ਕਰਜ਼ੇ ਸ਼ਾਮਿਲ ਹਨ, ਜਿਹੜਾ ਕਰੀਬ ਕਰੀਬ ਡੇਢ ਲੱਖ ਕਰੋੜ ਬਣਦਾ ਹੈ। ਇਸ ਵਾਅਦੇ ਲਈ ਬਕਾਇਦਾ ਕਿਸਾਨ ਅਤੇ ਮਜ਼ਦੂਰਾਂ ਤੋਂ ਫਾਰਮ ਵੀ ਭਰਵਾਏ ਸਨ, ਪਰੰਤੂ ਅਫ਼ਸੋਸ ਸਰਕਾਰ ਬਣਦੇ ਹੀ ਕਾਂਗਰਸ ਨੇ ਆਪਣਾ ਅਸਲੀ ਕਿਰਦਾਰ ਲੋਕਾਂ ਨੂੰ ਦਿਖਾ ਦਿੱਤਾ।
ਵੀਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇ ਕਾਂਗਰਸ ਸਰਕਾਰ ਸਮੇਂ ਸਿਰ ਸਬਸਿਡੀ ਦਾ ਤਿੰਨ ਸੌ ਕਰੋੜ ਰੁਪਏ ਜਾਰੀ ਦਿੰਦੀ ਤਾਂ ਕਿਸਾਨਾਂ ਦੇ ਬਚਾਅ ਲਈ ਕੁੱਝ ਕਹਿਣ ਦੀ ਸਥਿਤੀ ਵਿੱਚ ਹੁੰਦੀ, ਪਰ ਕਾਂਗਰਸ ਦਾ ਹਮੇਸ਼ਾਂ ਧੋਖਾਧੜੀ ਕੀਤੀ ਹੈ। ਉਨ੍ਹਾਂ ਕਿਹਾ ਕਿ ਤਿੰਨ ਦਹਾਕਿਆਂ ਤੋਂ ਕਾਂਗਰਸ, ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਦੀ ਬੁਰੀ ਨੀਅਤ ਅਤੇ ਮਾਰੂ ਨੀਤੀਆਂ ਕਾਰਨ ਅੱਜ ਪੰਜਾਬ ਦੀ ਖੇਤੀਬਾੜੀ ਨੂੰ ਬਚਾਉਣ ਲਈ ਨਾ ਕੇਵਲ ਚਿੰਤਨ ਬਲਕਿ ਚਿੰਤਾ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ, ਕਿਉਂਕਿ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੰਸਦ ਵਿੱਚ ਤਿੰਨੇ ਕਾਲੇ ਖੇਤੀ ਕਾਨੂੰਨਾਂ ’ਤੇ ਦਸਤਖ਼ਤ ਕੀਤੇ ਸਨ ਅਤੇ ਪੰਜਾਬ ਦੇ ਲੋਕ ਆਉਂਦੀਆਂ ਵਿਧਾਨ ਸਭਾ ਚੋਣਾ ਵਿੱਚ ਬਾਦਲ ਪਰਿਵਾਰ ਨੂੰ ਸਬਕ ਜ਼ਰੂਰ ਸਿਖਾਉਣਗੇ।
ਚੀਮਾ ਨੇ ਕਿਹਾ ਕਿ ਪੰਜਾਬ ’ਚ ਭਾਂਵੇ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਰਹੀ ਹੋਵੇ, ਭਾਂਵੇਂ ਕਾਂਗਰਸ ਦੀ ਕੈਪਟਨ ਜਾਂ ਚੰਨੀ ਦੀ ਸਰਕਾਰ ਹੋਵੇ, ਇਨਾਂ ਸਰਕਾਰਾਂ ਨੇ ਕਿਸਾਨ ਪਰਿਵਾਰਾਂ ਦੀਆਂ ਖੁਸ਼ੀਆਂ ਨੂੰ ਖੋਹਣ ਵਿੱਚ ਕੋਈ ਕਸਰ ਨਹੀਂ ਛੱਡੀ। ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਹਰ ਸਾਲ ਪੰਜਾਬ ਦੇ ਸੈਂਕੜੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਅਨੇਕਾਂ ਕਿਸਾਨਾਂ ਸਿਰ ਬੇਸ਼ੁਮਾਰ ਕਰਜਾ ਚੱੜ ਗਿਆ ਹੈ, ਜਿਸ ਕਾਰਨ ਕਿਸਾਨ ਹੁਣ ਆਪਣੀਆਂ ਜ਼ਮੀਨਾਂ ਵੀ ਬਚਾਅ ਨਹੀਂ ਪਾ ਰਹੇ। ਉਨ੍ਹਾਂ ਕਿਹਾ ਕਿ ਪੂਰੇ ਦੇਸ ਦਾ ਪੇਟ ਭਰਨ ਵਾਲੇ ਪੰਜਾਬ ਦਾ ਅੰਨਦਾਤਾ ਸਰਕਾਰਾਂ ਦੀ ਮਾੜੀ ਸੋਚ ਕਾਰਨ ਆਪਣੀ ਜ਼ਮੀਨ, ਹਵਾ, ਪਾਣੀ ਅਤੇ ਚੰਗਾ ਮਹੌਲ ਬਰਬਾਦ ਕਰ ਚੁੱਕਾ ਹੈ। ਕਿਸਾਨਾਂ ਦੀਆਂ ਖੁਸ਼ੀਆਂ ਨੂੰ ਨਜ਼ਰ ਲਾਉਣ ਵਾਲਾ ਕੋਈ ਬਾਹਰਲਾ ਵਿਅਕਤੀ ਨਹੀਂ, ਸਗੋਂ ਪੰਜਾਬ ’ਤੇ ਰਾਜ ਕਰਨ ਕਰ ਰਹੀਆਂ ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਜ਼ਿੰਮੇਵਾਰ ਹਨ।
ਚੀਮਾ ਨੇ ਦੋਸ਼ ਲਾਇਆ ਕਿ ਹੁਣ ਚਰਨਜੀਤ ਸਿੰਘ ਚੰਨੀ ਫੇਰ ਕਿਸਾਨ ਅਤੇ ਮਜ਼ਦੂਰਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਸਵਾਲ ਕੀਤਾ, ‘‘ਕੀ ਮੁੱਖ ਮੰਤਰੀ ਚੰਨੀ ਸੰਪੂਰਨ ਕਰਜ਼ਾ ਮੁਆਫ਼ ਕਰਨਗੇ ਜਾਂ ਨਹੀਂ ਕਰਨਗੇ? ਜੇਕਰ ਕਰਨਗੇ ਤਾਂ ਉਸ ਦੀ ਇੱਕ ਸਮਾਂ ਸੀਮਾ ਐਲਾਨ ਕਰਨ ਅਤੇ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਪਹਿਲਾਂ ਕਿਸਾਨਾਂ ਤੇ ਮਜ਼ਦੂਰਾਂ ਦਾ ਸੰਪੂਰਨ ਕਰਜ਼ਾ ਮੁਆਫ਼ ਕਰਨ। ਜੇਕਰ ਮੁੱਖ ਮੰਤਰੀ ਅਜਿਹਾ ਨਹੀਂ ਕਰ ਸਕਦੇ ਤਾਂ ਬਾਕੀ ਵਾਅਦੇ ਕੋਈ ਮਾਇਨੇ ਨਹੀਂ ਰੱਖਦੇ, ਕਿਉਂਕਿ ਕਿਸਾਨਾਂ ਅਤੇ ਮਜ਼ਦੂਰਾਂ ਦੇ ਦੁੱਖ ਦਾ ਮੁੱਖ ਕਾਰਨ ਵਿੱਤੀ ਸੰਕਟ ਅਤੇ ਕਰਜ਼ ਹਨ।’’
ਪਰਾਲੀ ਬਾਰੇ ਕੇਸ ਵਾਪਸ ਲੈਣ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਹਰਪਾਲ ਸਿੰਘ ਚੀਮਾ ਨੇ ਪੁੱਛਿਆ ਕਿ ਕਿਸਾਨਾਂ ’ਤੇ ਕੇਸ ਦਰਜ ਕਿਸ ਨੇ ਅਤੇ ਕਿਉਂ ਕੀਤੇ ਸਨ ? ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਪਰਾਲੀ ਜਲਾਉਣ ਤੋਂ ਰੋਕਣ ਲਈ ਕੋਈ ਯੋਜਨਾ ਨਹੀਂ ਹੈ ਤਾਂ ਕੇਸ ਕਿਉਂ ਦਰਜ ਕੀਤੇ ਗਏ ਸਨ? ਉਨ੍ਹਾਂ ਕਿਹਾ ਕਿ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਬਰਬਾਦ ਹੋਏ ਕਿਸਾਨਾਂ ਨੂੰ ਕੇਵਲ 17 ਹਜ਼ਾਰ ਰੁਪਏ ਦੇਣ ਲਈ ਖਾਨਾਪੂਰਤੀ ਕਰਕੇ ਕਿਸਾਨਾਂ ਦੇ ਸਵਾਲਾਂ ਤੋਂ ਬਚ ਨਹੀਂ ਸਕਦੀ। ਮੁੱਖ ਮੰਤਰੀ ਦੱਸਣ ਕਿ ਜਿਸ ਫ਼ਸਲ ’ਤੇ ਖਰਚਾ ਹੀ 60 ਤੋਂ 70 ਹਜ਼ਾਰ ਆਉਂਦਾ ਹੈ, ਉਸ ਦਾ 17 ਹਜ਼ਾਰ ਰੁਪਏ ਮੁਆਵਜਾ ਕਿੰਨਾ ਸਹੀ ਹੈ?
‘ਆਪ’ ਆਗੂ ਨੇ ਦੁੱਧ ਉਤਪਾਦਕ ਕਿਸਾਨਾਂ ਦੇ ਦੁੱਧ ਦਾ ਰੇਟ ਵਧਾਉਣ ਤੋਂ ਭੱਜਣ ਲਈ ਪੰਜਾਬ ਸਰਕਾਰ ਦੀ ਨਿੰਦੀ ਕਰਦਿਆਂ ਕਿਹਾ ਕਿ ਸਰਕਾਰ ਸਿਰਫ਼ ਐਲਾਨਾਂ ’ਤੇ ਜ਼ੋਰ ਦੇ ਰਹੀ ਹੈ। ਪਰੰਤੂ ਜਦੋਂ ਪੈਸਾ ਖ਼ਰਚ ਕਰਨਾ ਪੈਂਦਾ ਹੈ ਤਾਂ ਸਰਕਾਰ ਭੱਜ ਜਾਂਦੀ ਹੈ। ਚੀਮਾ ਨੇ ਪੰਜਾਬ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਸੁਚੇਤ ਕੀਤਾ ਕਿ ਉਹ ਚੰਨੀ ਸਰਕਾਰ ਦੇ ਫੋਕੇ ਐਲਾਨਾਂ ਤੋਂ ਸੁਚੇਤ ਰਹਿਣ ਕਿਉਂਕਿ ਇਹ ਸਾਰੇ ਚੋਣ ਸਟੰਟ ਹਨ।

Leave a Reply

Your email address will not be published. Required fields are marked *