ਨਵੀਂ ਦਿੱਲੀ, 26 ਫਰਵਰੀ, 2024: ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਦਿੱਲੀ ਸ਼ਰਾਬ ਘੁਟਾਲੇ ਦੇ ਮਾਮਲੇ ਵਿਚ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਅੱਗੇ ਅੱਜ 26 ਫਰਵਰੀ ਨੂੰ ਫਿਰ ਪੇਸ਼ੀ ਹੈ ਪਰ ਉਹਨਾਂ ਦੇ ਫਿਰ ਤੋਂ ਪੇਸ਼ ਹੋਣ ਦੀ ਸੰਭਾਵਨਾ ਨਹੀਂ ਹੈ।
ਨਾਲ ਹੀ ਇਸ ਮਾਮਲੇ ਸਬੰਧੀ ਸੀਬੀਆਈ ਨੇ ਕੇ. ਕਵਿਤਾ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ।
ਅਰਵਿੰਦ ਕੇਜਰੀਵਾਲ ਨੇ ਪਿਛਲੇ ਸੋਮਵਾਰ 19 ਫਰਵਰੀ 2024 ਨੂੰ ਈਡੀ ਸਾਹਮਣੇ ਪੇਸ਼ ਹੋਣਾ ਸੀ, ਪਰ ਉਹ ਪੇਸ਼ ਨਹੀਂ ਹੋਏ। ਈਡੀ ਨੇ ਇਸ ਮਾਮਲੇ ਵਿੱਚ ਪੁੱਛਗਿੱਛ ਲਈ ਅਰਵਿੰਦ ਕੇਜਰੀਵਾਲ ਨੂੰ ਇਹ 7ਵਾਂ ਸੰਮਨ ਭੇਜਿਆ ਹੈ। ਈਡੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪਹਿਲਾਂ ਹੀ 6 ਸੰਮਨ ਭੇਜੇ ਹਨ। 19 ਫਰਵਰੀ ਨੂੰ ਵੀ ਕਥਿਤ ਸ਼ਰਾਬ ਘੁਟਾਲੇ ਵਿੱਚ ਮਨੀ ਲਾਂਡਰਿੰਗ ਦੀ ਜਾਂਚ ਕਰ ਰਹੀ ਈਡੀ ਨੇ ਕੇਜਰੀਵਾਲ ਨੂੰ ਪੁੱਛਗਿੱਛ ਲਈ ਤਲਬ ਕੀਤਾ ਸੀ। ਪੇਸ਼ ਨਾ ਹੋਣ ‘ਤੇ ਕੇਜਰੀਵਾਲ ਖਿਲਾਫ ਈਡੀ ਵੀ ਅਦਾਲਤ ‘ਚ ਗਈ ਸੀ, ਜਿਸ ਮਾਮਲੇ ਦੀ ਸੁਣਵਾਈ ਹੁਣ ਮਾਰਚ ਮਹੀਨੇ ‘ਚ ਹੋਵੇਗੀ।
ਸੀਬੀਆਈ ਨੇ ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇਸੀਆਰ ਦੀ ਬੇਟੀ ਅਤੇ ਬੀਆਰਐੱਸ ਨੇਤਾ ਕੇ. ਕਵਿਤਾ ਨੂੰ ਅੱਜ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਬੁਲਾਇਆ ਗਿਆ ਹੈ। ਇਹ ਦੂਜੀ ਵਾਰ ਹੈ ਜਦੋਂ ਕੇਂਦਰੀ ਏਜੰਸੀ ਨੇ ਤੇਲੰਗਾਨਾ ਦੇ ਕਿਸੇ ਸਿਆਸਤਦਾਨ ਨੂੰ ਤਲਬ ਕੀਤਾ ਹੈ। ਇਸ ਤੋਂ ਪਹਿਲਾਂ ਦਸੰਬਰ ਵਿੱਚ ਸੀਬੀਆਈ ਨੇ ਉਸ ਤੋਂ ਪੁੱਛਗਿੱਛ ਕੀਤੀ ਸੀ। ਈਡੀ ਦਾ ਇਲਜ਼ਾਮ ਹੈ ਕਿ ਮਾਮਲੇ ਦੇ ਇੱਕ ਦੋਸ਼ੀ ਵਿਜੇ ਨਾਇਰ ਨੂੰ ਦੱਖਣ ਸਮੂਹ ਦੇ ਨੇਤਾਵਾਂ (ਸਾਰਥ ਰੈਡੀ, ਕਵਿਤਾ ਅਤੇ ਮਗੁੰਤਾ ਸ਼੍ਰੀਨਿਵਾਸਲੁ ਰੈਡੀ ਦੁਆਰਾ ਨਿਯੰਤਰਿਤ) ਦੁਆਰਾ ਘੱਟੋ ਘੱਟ 100 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਗਈ ਸੀ। ਇਹ ਵੀ ਦੋਸ਼ ਲਾਇਆ ਗਿਆ ਸੀ ਕਿ ਮੁਲਜ਼ਮਾਂ ਨੇ ਇਹ ਰਿਸ਼ਵਤ ‘ਆਪ’ ਆਗੂ ਲਈ ਲਈ ਸੀ।
ਈਡੀ ਨੇ ਕੇਜਰੀਵਾਲ ਨੂੰ ਪਹਿਲਾ ਸੰਮਨ 2 ਨਵੰਬਰ 2023 ਨੂੰ ਭੇਜਿਆ ਸੀ। ਹਾਲਾਂਕਿ, ਉਹ ਇਸ ਸੰਮਨ ‘ਤੇ ਪੇਸ਼ ਨਹੀਂ ਹੋਏ, ਜਿਸ ਤੋਂ ਬਾਅਦ ਈਡੀ ਨੇ 21 ਦਸੰਬਰ 2023 ਨੂੰ ਇੱਕ ਹੋਰ ਸੰਮਨ ਭੇਜਿਆ, ਇਸ ਵਿੱਚ ਵੀ ਦਿੱਲੀ ਦੇ ਮੁੱਖ ਮੰਤਰੀ ਪੇਸ਼ ਨਹੀਂ ਹੋਏ। ਫਿਰ 3 ਜਨਵਰੀ 2024 ਨੂੰ ਈਡੀ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਤੀਜਾ ਸੰਮਨ ਭੇਜਿਆ ਗਿਆ, ਪਰ ਉਹ ਪੇਸ਼ ਨਹੀਂ ਹੋਏ। ਇਸ ਤੋਂ ਬਾਅਦ ਚੌਥਾ ਸੰਮਨ 17 ਜਨਵਰੀ 2024 ਨੂੰ ਭੇਜਿਆ ਗਿਆ ਸੀ ਪਰ ਕੇਜਰੀਵਾਲ ਇਕ ਵਾਰ ਫਿਰ ਗੈਰਹਾਜ਼ਰ ਰਹੇ। ਇਕ ਵਾਰ ਫਿਰ ਈਡੀ ਨੇ 2 ਫਰਵਰੀ 2024 ਨੂੰ ਪੰਜਵਾਂ ਸੰਮਨ ਭੇਜਿਆ, ਪਰ ਦੁਬਾਰਾ ਕੇਜਰੀਵਾਲ ਪੇਸ਼ ਨਹੀਂ ਹੋਏ। 14 ਫਰਵਰੀ ਨੂੰ ਛੇਵਾਂ ਸੰਮਨ ਭੇਜਣ ਤੋਂ ਬਾਅਦ ਈਡੀ ਨੇ 19 ਫਰਵਰੀ ਨੂੰ ਬੁਲਾਇਆ ਸੀ, ਜਿਸ ਵਿੱਚ ਵੀ ਕੇਜਰੀਵਾਲ ਨਹੀਂ ਗਏ।
ਇਸ ਮਾਮਲੇ ‘ਚ ਮਨੀਸ਼ ਸਿਸੋਦੀਆ ਨੂੰ ਪਿਛਲੇ ਸਾਲ ਫਰਵਰੀ ‘ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਸੰਜੇ ਸਿੰਘ ਨੂੰ ਪੁੱਛਗਿੱਛ ਤੋਂ ਤੁਰੰਤ ਬਾਅਦ ਅਕਤੂਬਰ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਉਦੋਂ ਤੋਂ ‘ਆਪ’ ਨੇ ਇਲਜ਼ਾਮ ਲਾਇਆ ਹੈ ਕਿ ਈਡੀ ਵੀ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਨ ਵਿੱਚ ਰੁੱਝੀ ਹੋਈ ਹੈ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
