ਪੰਜਾਬ ਦਾ ਖੇਡਾਂ, ਖ਼ਾਸਕਰ ਹਾਕੀ ਨਾਲ ਨਹੁੰ-ਮਾਸ ਦਾ ਰਿਸ਼ਤਾ ਹੈ। ਖਿੱਦੋ-ਖੂੰਡੀ ਤੋਂ ਹਾਕੀ ਵਿੱਚ ਬਦਲੀ ਇਹ ਖੇਡ ਪੰਜਾਬੀਆਂ ਦੇ ਖ਼ੂਨ ਵਿੱਚ ਵਸੀ ਹੋਈ ਹੈ। ਇਸੇ ਲਈ ਹਾਕੀ ਦੇ ਮੈਦਾਨ ਵਿੱਚ ਪੰਜਾਬੀਆਂ ਨੇ ਬਹੁਤ ਮੱਲਾਂ ਮਾਰੀਆਂ ਹਨ। ਸੰਨ 1928 ਦੀਆਂ ਐਮਸਟਰਡਮ ਓਲੰਪਿਕਸ ਤੋਂ ਲੈ ਕੇ 2024 ਦੀਆਂ ਪੈਰਿਸ ਓਲੰਪਿਕਸ ਤੱਕ ਭਾਰਤ ਵੱਲੋਂ ਹਾਕੀ ਦੇ ਮੁਕਾਬਲਿਆਂ ਵਿੱਚ 77 ਓਲੰਪੀਅਨਾਂ ਨੇ ਭਾਗ ਲਿਆ ਹੈ। ਇਸ ਸਮੇਂ ਦੌਰਾਨ ਭਾਰਤ ਨੇ ਅੱਠ ਵਾਰ ਸੋਨੇ, ਇੱਕ ਵਾਰ ਚਾਂਦੀ ਤੇ ਚਾਰ ਵਾਰ ਕਾਂਸੀ ਦਾ ਤਗ਼ਮਾ ਜਿੱਤਿਆ ਹੈ ਅਤੇ ਇਕੱਲੇ ਪੰਜਾਬ ਦੇ 48 ਖਿਡਾਰੀਆਂ ਨੇ ਓਲੰਪਿਕਸ ਤਮਗ਼ੇ ਜਿੱਤੇ ਹਨ। ਊਧਮ ਸਿੰਘ ਨੇ ਤਿੰਨ ਸੋਨੇ ਤੇ ਇੱਕ ਚਾਂਦੀ ਦਾ ਅਤੇ ਬਲਬੀਰ ਸਿੰਘ ਸੀਨੀਅਰ ਨੇ ਤਿੰਨ ਸੋਨ ਤਗ਼ਮੇ ਜਿੱਤੇ ਹਨ। ਭਾਰਤ ਨੇ ਸੀਨੀਅਰ ਵਿਸ਼ਵ ਕੱਪ ਵਿੱਚ ਇੱਕ-ਇੱਕ ਸੋਨੇ, ਚਾਂਦੀ ਤੇ ਕਾਂਸੀ ਦਾ ਤਮਗ਼ਾ ਜਿੱਤਿਆ ਜਦੋਂਕਿ ਦੋ ਵਾਰ ਜੂਨੀਅਰ ਵਿਸ਼ਵ ਕੱਪ ਜਿੱਤਿਆ। ਭਾਰਤ ਨੇ ਛੇ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ, ਪੰਜ ਵਾਰ ਏਸ਼ਿਆਈ ਖੇਡਾਂ ਅਤੇ ਚਾਰ ਵਾਰ ਏਸ਼ੀਆ ਕੱਪ ਜਿੱਤਿਆ। ਪੰਜ ਵਾਰ ਸੁਲਤਾਨ ਅਜ਼ਲਾਨ ਸ਼ਾਹ ਕੱਪ ਜਿੱਤਿਆ ਅਤੇ ਤਿੰਨ ਵਾਰ ਚੈਂਪੀਅਨਜ਼ ਟਰਾਫੀ ਵਿੱਚ ਤਗ਼ਮਾ ਜਿੱਤਿਆ। ਭਾਰਤ ਵੱਲੋਂ ਹਾਕੀ ਮੁਕਾਬਲਿਆਂ ’ਚ ਬੇਸ਼ੁਮਾਰ ਜਿੱਤਾਂ ਪਿੱਛੇ ਪੰਜਾਬੀ ਖਿਡਾਰੀਆਂ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ।
ਪੰਜਾਬ ਦੀ ਹਾਕੀ ਨੂੰ ਵੱਡੀ ਦੇਣ ਦੇ ਬਾਵਜੂਦ ਪੰਜਾਬ ਦੀ ਧਰਤੀ ਉੱਤੇ ਕੋਈ ਵੀ ਕੌਮਾਂਤਰੀ ਹਾਕੀ ਟੂਰਨਾਮੈਂਟ ਨਹੀਂ ਖੇਡਿਆ ਗਿਆ। ਮੁੰਬਈ, ਮਦਰਾਸ, ਦਿੱਲੀ ਜਿਹੇ ਸ਼ਹਿਰਾਂ ਅਤੇ ਉੜੀਸਾ, ਤਾਮਿਲਨਾਡੂ, ਬਿਹਾਰ, ਝਾਰਖੰਡ ਤੇ ਉੱਤਰ ਪ੍ਰਦੇਸ਼ ਆਦਿ ਸੂਬਿਆਂ ਨੇ ਕਈ ਵੱਡੇ ਹਾਕੀ ਟੂਰਨਾਮੈਂਟ ਕਰਵਾਏ। ਪੰਜਾਬ ਦੇ ਖਿਡਾਰੀ ਭਾਰਤ ਦੀ ਸ਼ਾਨ ਵਧਾਉਂਦੇ ਹਨ, ਪਰ ਪੰਜਾਬ ਬੈਠੇ ਹਾਕੀ ਪ੍ਰੇਮੀਆਂ ਨੂੰ ਆਪਣੇ ਘਰ ਵਿੱਚ ਆਪਣੇ ਖਿਡਾਰੀਆਂ ਨੂੰ ਵੇਖਣ ਦਾ ਮੌਕਾ ਨਹੀਂ ਮਿਲਦਾ। ਭਾਰਤੀ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਭਾਵੁਕ ਹੁੰਦਿਆਂ ਆਖਣਾ ਕਿ ਹਾਲੇ ਤੱਕ ਉਨ੍ਹਾਂ ਦੇ ਮਾਪਿਆਂ ਨੇ ਉਸ ਨੂੰ ਮੈਦਾਨ ਵਿੱਚ ਖੇਡਦਾ ਨਹੀਂ ਵੇਖਿਆ। ਇਹ ਟੀਸ ਹਰ ਹਾਕੀ ਪ੍ਰੇਮੀ ਦੇ ਸੀਨੇ ਵਿੱਚ ਸੀ। ਪੰਜਾਬੀਆਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਾਕੀ ਇੰਡੀਆ ਅੱਗੇ ਕੋਈ ਵੱਡਾ ਟੂਰਨਾਮੈਂਟ ਕਰਵਾਉਣ ਲਈ ਪੇਸ਼ਕਸ ਕੀਤੀ ਗਈ। ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ ਅਤੇ ਹਾਕੀ ਇੰਡੀਆ ਵੱਲੋਂ ਏਸ਼ੀਅਨ ਹਾਕੀ ਫੈਡਰੇਸ਼ਨ ਤਰਫ਼ੋਂ ਪੁਰਸ਼ਾਂ ਦੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਪੰਜਾਬ ਨੂੰ ਸੌਂਪੀ ਗਈ।
ਏਸ਼ੀਆ ਦੇ ਇਸ ਵੱਕਾਰੀ ਟੂਰਨਾਮੈਂਟ ਲਈ ਪੰਜਾਬ ਦੇ ਦੋ ਸ਼ਹਿਰ ਚੁਣੇ ਗਏ। ਖੇਡਾਂ ਦੀ ਰਾਜਧਾਨੀ ਜਲੰਧਰ ਅਤੇ ਆਈ ਟੀ ਸਿਟੀ ਮੁਹਾਲੀ। ਖੇਡ ਵਿਭਾਗ ਵੱਲੋਂ 23 ਕਰੋੜ ਰੁਪਏ ਦੀ ਲਾਗਤ ਨਾਲ ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਸਟੇਡੀਅਮ ਅਤੇ ਮੁਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਨੂੰ ਸ਼ਿੰਗਾਰਿਆ ਗਿਆ। ਜਲੰਧਰ ਵਿਖੇ ਸੁਰਜੀਤ ਸਿੰਘ ਦਾ ਬੁੱਤ ਸਥਾਪਤ ਹੋਇਆ। ਇਸ ਨਾਲ ਉਹ ਪੰਜਾਬ ਦਾ ਪਹਿਲਾ ਖਿਡਾਰੀ ਬਣ ਗਿਆ ਹੈ, ਜਿਸ ਦੇ ਬੁੱਤ ਤਿੰਨ ਥਾਂ (ਜਲੰਧਰ, ਬਟਾਲਾ ਤੇ ਜਰਖੜ ਵਿਖੇ) ਲੱਗੇ ਹਨ। ਉਦਘਾਟਨ ਤੇ ਲੀਗ ਮੈਚ ਜਲੰਧਰ ਅਤੇ ਨਾਕ ਆਊਟ ਮੈਚ ਤੇ ਸਮਾਪਤੀ ਸਮਾਗਮ ਮੁਹਾਲੀ ਵਿਖੇ ਹੋਇਆ। ਦਸ ਦਿਨ ਚੱਲੇ ਹਾਕੀ ਦੇ ਮਹਾਂਕੁੰਭ ਵਿੱਚ ਹਾਕੀ ਪ੍ਰੇਮੀਆਂ ਨੇ ਵਹੀਰਾਂ ਘੱਤ ਕੇ ਹਾਜ਼ਰੀਆਂ ਭਰੀਆਂ। ਸਟੇਡੀਅਮ ਅੰਦਰ ਦਾਖਲਾ ਮੁਫ਼ਤ ਸੀ, ਪਰ ਮੁਫ਼ਤ ਟਿਕਟ ਸਕੈਨ ਕਰਵਾਉਣ ਵਾਲਿਆਂ ਵਿੱਚ ਹੋੜ ਲੱਗੀ ਹੋਈ ਸੀ। ਸਟੇਡੀਅਮ ਦੇ ਬਾਹਰ ਲੰਮੀਆਂ ਕਤਾਰਾਂ ਲੱਗਦੀਆਂ। ਜਲੰਧਰ ਦਾ ਸਟੇਡੀਅਮ ਦਰਸ਼ਕਾਂ ਦੇ ਹੜ੍ਹ ਅੱਗੇ ਛੋਟਾ ਪੈ ਗਿਆ ਅਤੇ ਸਟੇਡੀਅਮ ਦੇ ਬਾਹਰ ਵੱਡੀਆਂ ਟੀਵੀ ਸਕਰੀਨਾਂ ਲਗਾਈਆਂ ਗਈਆਂ, ਜਿੱਥੇ ਲੋਕਾਂ ਨੇ ਮੈਚ ਦਾ ਆਨੰਦ ਮਾਣਿਆ। ਦੋਵੇਂ ਸਟੇਡੀਅਮਾਂ ਅੰਦਰ ‘ਸਾਡਾ ਪਿੰਡ’ ਉਸਾਰਿਆ ਗਿਆ, ਜਿਸ ਵਿੱਚ ਪੰਜਾਬ ਦੇ ਵਿਰਸੇ ਦੇ ਨਾਲ ਹਾਕੀ ਦਾ ਇਤਿਹਾਸ ਸਮੋਇਆ ਹੋਇਆ ਸੀ। ਅਜਾਇਬਘਰ ਰੂਪੀ ਇਹ ‘ਸਾਡਾ ਪਿੰਡ’ ਖਿੱਚ ਦਾ ਕੇਂਦਰ ਰਿਹਾ।
ਟੂਰਨਾਮੈਂਟ ਦੀ ਲੀਗ ਸਟੇਜ ਵਿੱਚ ਭਾਰਤ ਅਜਿੱਤ ਰਹਿੰਦਾ ਹੋਇਆ ਪਹਿਲੇ ਸਥਾਨ ’ਤੇ ਰਿਹਾ ਜਦੋਂਕਿ ਜਾਪਾਨ ਦੂਜੇ, ਮਲੇਸ਼ੀਆ ਤੀਜੇ, ਕੋਰੀਆ ਚੌਥੇ, ਚੀਨ ਪੰਜਵੇਂ ਤੇ ਬੰਗਲਾਦੇਸ਼ ਛੇਵੇਂ ਸਥਾਨ ਉੱਤੇ ਰਿਹਾ। ਬੰਗਲਾਦੇਸ਼ ਨੂੰ ਹਰਾ ਕੇ ਪੰਜਵੀਂ ਪੁਜੀਸ਼ਨ ਚੀਨ ਨੇ ਮੱਲੀ। ਸੈਮੀਫਾਈਨਲ ਮੁਕਾਬਲਿਆਂ ਵਿੱਚ ਭਾਰਤ ਨੇ ਕੋਰੀਆ ਨੂੰ 8-1 ਦੇ ਵੱਡੇ ਫ਼ਰਕ ਨਾਲ ਹਰਾਇਆ ਜਦੋਂਕਿ ਜਾਪਾਨ ਨੇ ਮਲੇਸ਼ੀਆ ਨੂੰ ਗੋਲ ਰਹਿਤ ਬਰਾਬਰੀ ਤੋਂ ਬਾਅਦ ਪੈਨਲਟੀ ਸ਼ੂਟ ਆਊਟ ਵਿੱਚ 5-3 ਨਾਲ ਹਰਾਇਆ। ਮਲੇਸ਼ੀਆ ਨੇ ਕੋਰੀਆ ਨੂੰ 5-3 ਨਾਲ ਹਰਾ ਕੇ ਕਾਂਸੀ ਦਾ ਤਮਗ਼ਾ ਜਿੱਤਿਆ। ਸੋਨ ਤਮਗ਼ੇ ਲਈ ਖੇਡਿਆ ਫਾਈਨਲ, ਟੂਰਨਾਮੈਂਟ ਦਾ ਸਭ ਤੋਂ ਰੋਮਾਂਚਕ ਮੈਚ ਰਿਹਾ ਜਿਸ ਵਿੱਚ ਏਸ਼ੀਆ ਦੀ ਸਭ ਤੋਂ ਤਾਕਤਵਾਰ ਮੇਜ਼ਬਾਨ ਭਾਰਤ ਦੀ ਟੀਮ ਤੀਜੇ ਕੁਆਰਟਰ ਦੀ ਸਮਾਪਤੀ ਤੱਕ ਇੱਕ ਗੋਲ ਨਾਲ ਪੱਛੜ ਰਹੀ ਸੀ। ਤੀਜੇ ਕੁਆਰਟਰ ਦੇ ਆਖ਼ਰੀ ਪਲਾਂ ਵਿੱਚ ਭਾਰਤ ਨੇ ਬਰਾਬਰੀ ਕਰਨ ਤੋਂ ਬਾਅਦ ਚੌਥੇ ਕੁਆਰਟਰ ਵਿੱਚ ਗੋਲਾਂ ਦੀ ਝੜੀ ਲਗਾਉਂਦੇ ਹੋਏ 4-1 ਨਾਲ ਜਿੱਤ ਦਰਜ ਕਰ ਕੇ ਛੇਵੀਂ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਤੀ। ਭਾਰਤ ਦਾ ਕਪਤਾਨ ਸਰਵੋਤਮ ਖਿਡਾਰੀ ਐਲਾਨਿਆ ਗਿਆ ਅਤੇ 10 ਗੋਲਾਂ ਨਾਲ ਟੌਪ ਸਕੋਰਰ ਵੀ ਬਣਿਆ। ਭਾਰਤ ਦਾ ਕ੍ਰਿਸ਼ਨ ਬਹਾਦਰ ਪਾਠਕ ਸਰਵੋਤਮ ਗੋਲਚੀ ਜਦੋਂਕਿ ਮਲੇਸ਼ੀਆ ਦਾ ਅਜ਼ੀਮੂਦੀਨ ਸਰਵੋਤਮ ਨੌਜਵਾਨ ਖਿਡਾਰੀ ਚੁਣਿਆ ਗਿਆ।
ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਜਿੱਤ ਦੇ ਨਾਲ ਹੀ ਭਾਰਤ ਨੇ ਲਗਾਤਾਰ ਤਿੰਨ ਵਾਰ ਇਹ ਟੂਰਨਾਮੈਂਟ ਜਿੱਤ ਕੇ ਖਿਤਾਬੀ ਹੈਟ੍ਰਿਕ ਵੀ ਪੂਰੀ ਕੀਤੀ। ਭਾਰਤ ਨੇ ਲਗਾਤਾਰ ਤਿੰਨ ਵਾਰ ਇਹ ਖਿਤਾਬ ਹਰਮਨਪ੍ਰੀਤ ਸਿੰਘ ਦੀ ਕਪਤਾਨੀ ਹੇਠ ਜਿੱਤਿਆ। ਟੂਰਨਾਮੈਂਟ ਵਿੱਚ ਭਾਰਤੀ ਟੀਮ ਨੇ ਆਪਣੇ ਖੇਡੇ ਸਾਰੇ ਸੱਤ ਮੈਚਾਂ ਵਿੱਚ ਜਿੱਤਾਂ ਹਾਸਲ ਕੀਤੀਆਂ ਅਤੇ ਸਭ ਤੋਂ ਵੱਧ ਕੁੱਲ 46 ਗੋਲ ਵੀ ਕੀਤੇ। ਭਾਰਤ ਨੇ ਆਪਣੇ ਸਿਰ ਸਭ ਤੋਂ ਘੱਟ ਸਿਰਫ਼ ਸੱਤ ਗੋਲ ਕਰਵਾਏ। ਗੋਲ ਸਕੋਰਰਾਂ ਦੀ ਸੂਚੀ ਵਿੱਚ ਭਾਰਤ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੇ 10 ਗੋਲਾਂ ਤੋਂ ਬਾਅਦ ਭਾਰਤ ਦੇ ਦਿਲਪ੍ਰੀਤ ਸਿੰਘ ਤੇ ਮਲੇਸ਼ੀਆ ਦੇ ਅਬੂ ਕਾਮਲ ਅਜ਼ਰਾਈ ਨੇ ਸੱਤ-ਸੱਤ ਗੋਲ, ਭਾਰਤ ਦੇ ਸੁਖਜੀਤ ਸਿੰਘ ਨੇ ਛੇ ਗੋਲ, ਸ਼ਿਲਾਨੰਦ ਲਾਕੜਾ ਨੇ ਪੰਜ ਗੋਲ, ਜੁਗਰਾਜ ਸਿੰਘ ਅਤੇ ਚੀਨ ਦੇ ਬੇਨਹਾਈ ਚੇਨ ਤੇ ਮਲੇਸ਼ੀਆ ਦੇ ਅਖੀਮਉੱਲਾ ਨੇ ਚਾਰ-ਚਾਰ ਗੋਲ ਕੀਤੇ। ਭਾਰਤ ਦੇ ਮਨਦੀਪ ਸਿੰਘ ਤੇ ਅਭਿਸ਼ੇਕ ਨੇ ਤਿੰਨ-ਤਿੰਨ, ਹਾਰਦਿਕ ਸਿੰਘ ਤੇ ਅੰਗਦਬੀਰ ਸਿੰਘ ਨੇ ਦੋ-ਦੋ ਗੋਲ ਅਤੇ ਸੰਜੇ, ਵਿਵੇਕ ਸਾਗਰ ਪ੍ਰਸਾਦ, ਨੀਲਕਾਂਤ ਸ਼ਰਮਾ ਤੇ ਵਿਸ਼ਨੂੰਕਾਂਤ ਸਿੰਘ ਨੇ ਇੱਕ-ਇੱਕ ਗੋਲ ਕੀਤਾ।
2011 ਵਿੱਚ ਸ਼ੁਰੂ ਹੋਈ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਇਤਿਹਾਸ ਵਿੱਚ ਭਾਰਤ ਨੇ ਛੇ ਖਿਤਾਬ ਜਿੱਤ ਕੇ ਆਪਣੀ ਸਲਤਨਤ ਕਾਇਮ ਰੱਖੀ ਹੈ। ਇਸ ਦੇ ਨਾਲ ਹੀ ਭਾਰਤ ਨੇ ਏਸ਼ੀਆ ਦੇ ਸਾਰੇ ਟੂਰਨਾਮੈਂਟਾਂ ਦੀ ਜੇਤੂ ਟੀਮ ਵਜੋਂ ਆਪਣਾ ਰਿਕਾਰਡ ਵੀ ਕਾਇਮ ਰੱਖਿਆ ਹੈ। ਭਾਰਤ ਨੇ ਪਿਛਲੇ ਸਾਲ ਰਾਜਗੀਰ ਵਿਖੇ ਏਸ਼ੀਆ ਕੱਪ, ਸਾਲ 2026 ’ਚ ਪਹਿਲਾਂ ਏਸ਼ਿਆਈ ਖੇਡਾਂ ਅਤੇ ਹੁਣ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਤ ਕੇ ਏਸ਼ੀਆ ਦੇ ਸਾਰੇ ਖਿਤਾਬ ਆਪਣੀ ਝੋਲੀ ਪਾਏ। ਭਾਰਤ ਨੂੰ ਇਸ ਵੇਲੇ ਏਸ਼ੀਆ ਵਿੱਚ ਟੱਕਰ ਦੇਣ ਵਾਲਾ ਕੋਈ ਮੁਲਕ ਨਹੀਂ। ਐੱਫ ਆਈ ਐੱਚ ਦੀ ਵਿਸ਼ਵ ਦਰਜਾਬੰਦੀ ਵਿੱਚ ਪਹਿਲੇ ਦਸ ਮੁਲਕਾਂ ਵਿੱਚ ਭਾਰਤ ਇਕਲੌਤਾ ਏਸ਼ਿਆਈ ਮੁਲਕ ਹੈ। ਪਿਛਲੇ ਲਗਾਤਾਰ ਦੋ ਓਲੰਪਿਕਸ ਤਗ਼ਮੇ ਜਿੱਤਣ ਵਾਲੇ ਭਾਰਤ ਦਾ ਵਿਸ਼ਵ ਦਰਜਾਬੰਦੀ ’ਚ ਅੱਠਵਾਂ ਸਥਾਨ ਹੈ। ਵਿਸ਼ਵ ਦਰਜਾਬੰਦੀ ਵਿੱਚ ਭਾਰਤ ਤੋਂ ਬਾਅਦ ਪਾਕਿਸਤਾਨ ਦੂਜਾ ਏਸ਼ਿਆਈ ਮੁਲਕ ਹੈ, ਜਿਸ ਦਾ ਸਥਾਨ 12ਵਾਂ ਹੈ। ਮਲੇਸ਼ੀਆ 14ਵੇਂ, ਜਾਪਾਨ 15ਵੇਂ ਤੇ ਕੋਰੀਆ 20ਵੇਂ ਸਥਾਨ ’ਤੇ ਹੈ।
ਵਿਸ਼ਵ ਕੱਪ ਦੀ ਮੇਜ਼ਬਾਨੀ ਦਾ ਦਾਅਵੇਦਾਰ ਪੰਜਾਬ
ਏਸ਼ਿਆਈ ਹਾਕੀ ਦੀ ਅਗਵਾਈ ਕਰ ਰਹੇ ਭਾਰਤ ਨੂੰ 2030 ਦੇ ਵਿਸ਼ਵ ਕੱਪ ਦੀ ਮੇਜ਼ਬਾਨੀ ਵੀ ਮਿਲੀ ਹੈ। ਇਸ ਤੋਂ ਪਹਿਲਾਂ ਭਾਰਤ ਨੇ 1982, 2010, 2018 ਤੇ 2023 ਵਿੱਚ ਚਾਰ ਵਾਰ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਹੈ। ਪੰਜਵੀਂ ਵਾਰ ਭਾਰਤ ਨੂੰ ਵਿਸ਼ਵ ਕੱਪ ਦੀ ਮੇਜ਼ਬਾਨੀ ਮਿਲੀ ਹੈ ਅਤੇ ਸਥਾਨ ਦਾ ਫ਼ੈਸਲਾ ਹਾਲੇ ਹੋਣਾ ਹੈ। ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਸਫਲ ਪ੍ਰਬੰਧਨ ਤੋਂ ਬਾਅਦ ਪੰਜਾਬ ਹੁਣ ਵਿਸ਼ਵ ਕੱਪ ਦੀ ਮੇਜ਼ਬਾਨੀ ਦਾ ਦਾਅਵੇਦਾਰ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਗਲਾ ਵਿਸ਼ਵ ਕੱਪ ਪੰਜਾਬ ਕਰਵਾਉਣ ਦੀ ਪੇਸ਼ਕਸ਼ ਵੀ ਕੀਤੀ ਹੈ, ਜਿਸ ਉੱਤੇ ਹਾਕੀ ਇੰਡੀਆ ਦੇ ਸਕੱਤਰ ਜਨਰਲ ਅਤੇ ਏਸ਼ੀਅਨ ਹਾਕੀ ਫੈਡਰੇਸ਼ਨ ਦੇ ਮੀਤ ਪ੍ਰਧਾਨ ਭੋਲਾ ਨਾਥ ਨੇ ਵੀ ਮੋਹਰ ਲਗਾਉਂਦਿਆਂ ਸਹਿਮਤੀ ਪ੍ਰਗਟਾਈ ਹੈ। ਇਸ ਬਾਰੇ ਅਧਿਕਾਰਤ ਫ਼ੈਸਲਾ ਹਾਲੇ ਹੋਣਾ ਹੈ। ਪੰਜਾਬ ਵਿੱਚ ਹਾਕੀ ਮੈਚਾਂ ’ਚ ਦਰਸ਼ਕਾਂ ਵੱਲੋਂ ਮਿਲੇ ਮਣਾਂ ਮੂੰਹੀ ਪਿਆਰ ਅਤੇ ਪੰਜਾਬ ਸਰਕਾਰ ਦੇ ਪ੍ਰਬੰਧਾਂ ਨੇ ਹਾਕੀ ਅਧਿਕਾਰੀਆਂ ਅੱਗੇ ਪੰਜਾਬ ਦਾ ਕੇਸ ਮਜ਼ਬੂਤੀ ਨਾਲ ਪੇਸ਼ ਕੀਤਾ ਹੈ। ਪੰਜਾਬ ਵਿੱਚ ਇਸ ਵੇਲੇ ਮੁਹਾਲੀ ਤੇ ਜਲੰਧਰ ਵਿਖੇ ਅਤਿ-ਆਧੁਨਿਕ ਐਸਟਰੋਟਰਫ ਮੈਦਾਨਾਂ ਤੋਂ ਇਲਾਵਾ ਅੰਮ੍ਰਿਤਸਰ, ਲੁਧਿਆਣਾ, ਬਠਿੰਡਾ ਆਦਿ ਸ਼ਹਿਰਾਂ ਵਿੱਚ ਵੀ ਹਾਕੀ ਐਸਟਰੋਟਰਫ ਮੈਦਾਨ ਹਨ ਅਤੇ ਇਹ ਸਾਰੇ ਸ਼ਹਿਰ ਹਵਾਈ ਮਾਰਗ ਰਾਹੀਂ ਦੇਸ਼ ਤੇ ਦੁਨੀਆ ਨਾਲ ਜੁੜੇ ਹੋਏ ਹਨ।
ਹਾਕੀ ਦੇ ਪੁਰਾਣੇ ਦਿੱਗਜਾਂ ਦੀ ਆਮਦ
ਏਸ਼ੀਅਨ ਚੈਂਪੀਅਨਜ਼ ਟਰਾਫੀ ਦੌਰਾਨ ਆਪਣੀ ਸਟਿੱਕ ਨਾਲ ਭਾਰਤੀ ਹਾਕੀ ਦਾ ਸੁਨਹਿਰੀ ਇਤਿਹਾਸ ਲਿਖਣ ਵਾਲੇ ਪੁਰਾਣੇ ਦਿੱਗਜਾਂ ਦੀ ਆਮਦ ਨਾਲ ਟੂਰਨਾਮੈਂਟ ਨੂੰ ਚਾਰ ਚੰਨ ਲੱਗੇ। ਸਟੇਡੀਅਮ ਦੇ ਬਾਹਰ ਜਿੱਥੇ ‘ਸਾਡਾ ਪਿੰਡ’ ਅਜਾਇਬਘਰ ਵਿੱਚ 100 ਸਾਲ ਦਾ ਇਤਿਹਾਸ ਦਰਸਾਇਆ ਗਿਆ, ਉੱਥੇ ਸਟੇਡੀਅਮ ਦੀ ਵੀ ਆਈ ਪੀ ਦਰਸ਼ਕ ਗੈਲਰੀ ਵਿੱਚ ਸੱਠ ਸਾਲ ਦਾ ਇਤਿਹਾਸ ਜਿਊਂਦਾ ਜਾਗਦਾ ਮੌਜੂਦ ਸੀ। ਵਿਸ਼ਵ ਹਾਕੀ ਦਾ ਮਹਾਨ ਡਰੈਗ ਫਲਿੱਕਰ ਫਲੋਰੈਂਸ ਯਾਨ ਵੋਲਲੈਂਡਰ ਮੁੱਖ ਮੰਤਰੀ ਦੇ ਮੋਹ ਭਿੱਜੇ ਸੱਦੇ ਉੱਤੇ ਉਚੇਚੇ ਤੌਰ ’ਤੇ ਹਾਲੈਂਡ ਤੋਂ ਆਇਆ। ਉਸ ਨੇ ਜਲੰਧਰ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀਆਂ ਨੂੰ ਗੁਰ ਵੀ ਸਿਖਾਏ। ਉਸ ਨੇ ਸੁਰਜੀਤ ਸਿੰਘ ਦੇ ਬੁੱਤ ਨਾਲ ਉਚੇਚੇ ਤੌਰ ’ਤੇ ਫੋਟੋਆਂ ਖਿਚਵਾਈਆਂ। ਬੋਵਲੈਂਡਰ ਹੁਣ ਤੱਕ ਪੰਜਾਬੀਆਂ (ਚੜ੍ਹਦਾ ਤੇ ਲਹਿੰਦਾ) ਦੀ ਹਾਕੀ ਦਾ ਮੁਰੀਦ ਸੀ ਅਤੇ ਹੁਣ ਉਹ ਪੰਜਾਬੀ ਮਹਿਮਾਨਨਿਵਾਜ਼ੀ ਤੋਂ ਵੀ ਕਾਇਲ ਹੋਇਆ। ਭਾਰਤੀ ਦਿੱਗਜਾਂ ਵਿੱਚ 1966 ਦੀਆਂ ਬੈਂਕਾਕ ਏਸ਼ਿਆਈ ਖੇਡਾਂ ਦੀ ਸੋਨ ਤਗ਼ਮਾ ਜੇਤੂ ਤੇ 1968 ਦੀਆਂ ਮੈਕਸਿਕੋ ਓਲੰਪਿਕਸ ਦੀ ਕਾਂਸੀ ਦਾ ਤਗ਼ਮਾ ਜੇਤੂ ਭਾਰਤੀ ਟੀਮ ਦੇ ਮੈਂਬਰ ਕਰਨਲ ਬਲਬੀਰ ਸਿੰਘ ਤੋਂ ਲੈ ਕੇ 2024 ਦੀਆਂ ਪੈਰਿਸ ਓਲੰਪਿਕਸ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਰੁਪਿੰਦਰ ਪਾਲ ਸਿੰਘ, ਗੁਰਜੰਟ ਸਿੰਘ ਤੇ 2026 ਦੀਆਂ ਏਸ਼ਿਆਈ ਖੇਡਾਂ ਦੀ ਸੋਨ ਤਗ਼ਮਾ ਜੇਤੂ ਟੀਮ ਦੇ ਮਨਪ੍ਰੀਤ ਸਿੰਘ ਤੱਕ 50 ਤੋਂ ਵੱਧ ਵੱਡੇ ਖਿਡਾਰੀਆਂ ਨੇ ਹਾਜ਼ਰੀ ਭਰੀ। ਇਸ ਵਿੱਚ 1975 ’ਚ ਸੀਨੀਅਰ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦੇ ਕਪਤਾਨ ਅਜੀਤ ਪਾਲ ਸਿੰਘ ਤੋਂ ਲੈ ਕੇ 2001 ਵਿੱਚ ਜੂਨੀਅਰ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦੇ ਕਪਤਾਨ ਗਗਨ ਅਜੀਤ ਸਿੰਘ ਤੱਕ ਵੱਡੇ ਮਹਾਂਰਥੀ ਪੁੱਜੇ। 1980 ਮਾਸਕੋ ਓਲੰਪਿਕਸ ਵਿੱਚ ਸੋਨ ਤਗ਼ਮਾ ਜੇਤੂ ਭਾਰਤੀ ਟੀਮ ਦੇ ਮੈਂਬਰ ਰਹੇ ਸੁਰਿੰਦਰ ਸਿੰਘ ਸੋਢੀ, ਜ਼ਫ਼ਰ ਇਕਬਾਲ, ਰਾਜਿੰਦਰ ਸਿੰਘ ਸੀਨੀਅਰ ਤੇ ਗੁਰਮੇਲ ਸਿੰਘ ਵੀ ਮੌਜੂਦ ਰਹੇ। ਮਾਸਕੋ ਓਲੰਪਿਕਸ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਜਬੀਰ ਕੌਰ, ਭਾਰਤੀ ਹਾਕੀ ਦੀ ਮਹਾਰਾਣੀ ਆਖੀ ਜਾਂਦੀ ਰਾਣੀ ਰਾਮਪਾਲ ਤੇ ਟੋਕੀਓ ਓਲੰਪਿਕਸ ਦਾ ਫਾਈਨਲ ਖੇਡਣ ਵਾਲੀ ਗੁਰਜੀਤ ਕੌਰ ਦੀ ਹਾਜ਼ਰੀ ਨੇ ਮਹਿਲਾ ਹਾਕੀ ਦੀ ਨੁਮਾਇੰਦਗੀ ਕੀਤੀ। ਦੋ ਵਾਰ ਓਲੰਪਿਕਸ ਵਿੱਚ ਕਪਤਾਨੀ ਕਰਨ ਵਾਲੇ ਪਰਗਟ ਸਿੰਘ, ਹਰਦੀਪ ਸਿੰਘ ਗਰੇਵਾਲ, ਬਲਵਿੰਦਰ ਸਿੰਘ ਸ਼ੰਮੀ, ਆਰ.ਪੀ. ਸਿੰਘ, ਸੁਖਬੀਰ ਗਰੇਵਾਲ, ਜਗਦੀਪ ਗਿੱਲ, ਰਿਪੁਦਮਨ ਸਿੰਘ ਨੇ ਅੱਸੀਵਿਆਂ ਦੀ ਹਾਕੀ ਦੀ ਨੁਮਾਇੰਦਗੀ ਕੀਤੀ। ਦੋ ਵਾਰ ਦੇ ਓਲੰਪੀਅਨ ਹਰਪ੍ਰੀਤ ਸਿੰਘ ਮੰਡੇਰ ਤੇ ਤਿੰਨ ਵਾਰ ਦੇ ਓਲੰਪੀਅਨ ਬਲਜੀਤ ਸਿੰਘ ਢਿੱਲੋਂ ਨੇ ਨੱਬੇਵਿਆਂ ਦੀ ਹਾਕੀ ਦੀ ਹਾਜ਼ਰੀ ਲਗਾਈ। 2001 ਜੂਨੀਅਰ ਵਿਸ਼ਵ ਕੱਪ ਜੇਤੂ ਟੀਮ ਦੇ ਖਿਡਾਰੀ ਦੀਪਕ ਠਾਕੁਰ, ਪ੍ਰਭਜੋਤ ਸਿੰਘ, ਇੰਦਰਜੀਤ ਚੱਢਾ, ਜੁਗਰਾਜ ਸਿੰਘ, ਬਿਕਰਮਜੀਤ ਸਿੰਘ ਕਾਕਾ, ਰਾਜਪਾਲ ਸਿੰਘ (ਪਹਿਲੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਜੇਤੂ ਕਪਤਾਨ) ਵੀ ਮੌਜੂਦ ਰਹੇ। 2012 ਲੰਡਨ ਓਲੰਪਿਕਸ ਤੋਂ 2016 ਰੀਓ ਓਲੰਪਿਕਸ ਤੱਕ ਖੇਡਣ ਵਾਲੇ ਗੁਰਵਿੰਦਰ ਸਿੰਘ ਚੰਦੀ, ਧਰਮਵੀਰ ਸਿੰਘ, ਗੁਰਬਾਜ਼ ਸਿੰਘ ਵੀ ਮੌਜੂਦ ਰਹੇ ਜਿਨ੍ਹਾਂ ਦਾ ਸਮਕਾਲੀ ਮਨਪ੍ਰੀਤ ਸਿੰਘ ਹਾਲੇ ਵੀ ਟੀਮ ਵਿੱਚ ਸ਼ਾਮਿਲ ਹੈ। ਟੋਕੀਓ ਓਲੰਪਿਕਸ ਦਾ ਤਗ਼ਮਾ ਜੇਤੂ ਸਿਮਰਨਜੀਤ ਸਿੰਘ ਅਤੇ ਹਾਕੀ ਦੇ ਪੰਜ ਬਲਬੀਰਾਂ ਵਿੱਚੋਂ ਇੱਕ ਬਲਬੀਰ ਸਿੰਘ ਰੰਧਾਵਾ ਵੀ ਪੁੱਜੇ। ਹੋਰਨਾਂ ਖੇਡਾਂ ਦੇ ਖਿਡਾਰੀਆਂ ਵਿੱਚੋਂ ਕਰਤਾਰ ਸਿੰਘ, ਸੱਜਣ ਸਿੰਘ ਚੀਮਾ, ਅਵਨੀਤ ਕੌਰ ਸਿੱਧੂ, ਸਵਰਨ ਵਿਰਕ, ਅਵਤਾਰ ਸਿੰਘ, ਮਨਜੀਤ ਕੌਰ, ਮਨਦੀਪ ਕੌਰ, ਕਰਮਨ ਥਾਂਦੀ ਨੇ ਹਾਕੀ ਵਾਲਿਆਂ ਦਾ ਮਾਣ ਵਧਾਇਆ।
ਹਾਕੀ ਵਾਲਿਆਂ ਦੇ ਪਰਿਵਾਰ
ਪੂਰੇ ਟੂਰਨਾਮੈਂਟ ਦੌਰਾਨ ਭਾਰਤੀ ਹਾਕੀ ਟੀਮ ਦੇ ਪੰਜਾਬੀ ਖਿਡਾਰੀਆਂ ਹਰਮਨਪ੍ਰੀਤ ਸਿੰਘ, ਮਨਦੀਪ ਸਿੰਘ, ਹਾਰਦਿਕ ਸਿੰਘ, ਜਰਮਨਪ੍ਰੀਤ ਸਿੰਘ, ਸੁਖਜੀਤ ਸਿੰਘ, ਕ੍ਰਿਸ਼ਨ ਪਾਠਕ, ਦਿਲਪ੍ਰੀਤ ਸਿੰਘ, ਜੁਗਰਾਜ ਸਿੰਘ ਤੋਂ ਇਲਾਵਾ ਦੂਜੇ ਸੂਬਿਆਂ ਦੇ ਖਿਡਾਰੀਆਂ ਜਿਵੇਂ ਕਿ ਅਭਿਸ਼ੇਕ, ਨੀਲਕਾਂਤਾ ਸ਼ਰਮਾ ਆਦਿ ਦੇ ਪਰਿਵਾਰਾਂ ਨੇ ਸਾਰੇ ਮੈਚ ਸਟੇਡੀਅਮ ਵਿੱਚ ਦੇਖੇ। ਮੈਚ ਉਪਰੰਤ ਖਿਡਾਰੀਆਂ ਦੇ ਮਾਪਿਆਂ ਨੇ ਆਪਣੇ ਲਾਡਲਿਆਂ ਦੇ ਮੱਥੇ ਚੁੰਮੇ ਜਦੋਂਕਿ ਖਿਡਾਰੀਆਂ ਦੇ ਨਿੱਕੇ ਬੱਚੇ ਆਪੋ-ਆਪਣੇ ਪਿਤਾ ਦੀ ਗੋਦ ’ਚ ਬੈਠ ਕੇ ਖ਼ੁਸ਼ੀ ਮਨਾਉਂਦੇ ਦਿਸੇ। ਭਾਰਤੀ ਟੀਮ ਦੇ ਮੈਚ ਜਿੱਤਣ ਮਗਰੋਂ ਗਰਾਊਂਡ ਅੰਦਰ ਜਾਂਦਿਆਂ ਹਰਮਨ ਦੇ ਮਾਪਿਆਂ ਨੇ ਟਰਫ ਨੂੰ ਚੁੰਮ ਕੇ ਆਖਿਆ ਕਿ ਖੇਡ ਦੇ ਮੈਦਾਨ ਨੇ ‘‘ਸਾਡੇ ਬੱਚਿਆਂ ਨੂੰ ਰੋਜ਼ੀ ਰੋਟੀ ਦਿੱਤੀ।’’ ਹਰਮਨ ਦੀ ਪਤਨੀ ਤੇ ਧੀਆਂ ਨੇ ਦਰਸ਼ਕ ਗੈਲਰੀ ਤੋਂ ਲੈ ਕੇ ਹਾਕੀ ਫੀਲਡ ਤੱਕ ਪੂਰੇ ਦਸ ਦਿਨ ਹੌਸਲਾ ਵਧਾਉਣ ਦੇ ਨਾਲ ਜਿੱਤ ਦੀ ਖ਼ੁਸ਼ੀ ਮਨਾਈ। ਦਿਲਪ੍ਰੀਤ ਸਿੰਘ ਦੇ ਪਿਤਾ ਦੇ ਚਿਹਰੇ ਉੱਪਰ ਮੈਚ ਦੇ ਹਰ ਮੂਵ ਨਾਲ ਹਾਵ-ਭਾਵ ਬਦਲਦੇ ਦੇਖੇ ਜਾਂਦੇ। ਸੁਖਜੀਤ ਦੇ ਪਿਤਾ ਦਾ ਹਾਸਾ ਤੇ ਮਨਦੀਪ ਦੇ ਪਿਤਾ ਦੀ ਗੰਭੀਰਤਾ ਦੇਖਣ ਵਾਲੀ ਸੀ। ਪਾਠਕ ਦਾ ਨਿੱਕਾ ਪੁੱਤਰ ਆਪਣੇ ਪਿਤਾ ਨੂੰ ਦੇਖ ਕੇ ਟਪੂਸੀਆਂ ਮਾਰਦਾ ਸੀ। ਹਾਰਦਿਕ ਸਿੰਘ ਦੇ ਮਾਪਿਆਂ ਨੂੰ ਹਰ ਕੋਈ ਉਸ ਦੇ ਵਿਆਹ ਬਾਰੇ ਪੁੱਛ ਰਿਹਾ ਸੀ। ਓਲੰਪੀਅਨ ਬਲਬੀਰ ਸਿੰਘ ਸੀਨੀਅਰ ਸਟੇਡੀਅਮ ਮੁਹਾਲੀ ਵਿਖੇ ਪਹਿਲੇ ਕੌਮਾਂਤਰੀ ਮੈਚ ਤੋਂ ਉਤਸ਼ਾਹਿਤ ਮਹਾਨ ਖਿਡਾਰੀ ਦੀ ਧੀ ਸੁਸ਼ਬੀਰ ਕੌਰ ਨੇ ਖ਼ੁਸ਼ੀ ਸਾਂਝੀ ਕੀਤੀ ਅਤੇ ਦੋਹਤੇ ਕਬੀਰ ਸਿੰਘ ਨੇ ਸਟੇਡੀਅਮ ਆ ਕੇ ਸਾਰਾ ਨਜ਼ਾਰਾ ਅੱਖੀਂ ਵੇਖਿਆ। ਮਨਪ੍ਰੀਤ ਨੇ ਆਪਣੀ ਪਤਨੀ ਤੇ ਦੋਵੇਂ ਧੀਆਂ ਅਤੇ ਸਿਮਰਨਜੀਤ ਸਿੰਘ ਨੇ ਆਪਣੀ ਪਤਨੀ ਤੇ ਦੋਵੇਂ ਪੁੱਤਰਾਂ ਨਾਲ ਮੈਚ ਵੇਖੇ। ਮਨਪ੍ਰੀਤ ਦੀ ਪਤਨੀ ਮਲੇਸ਼ੀਅਨ ਮੂਲ ਦੀ ਹੈ ਪਰ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਉਸ ਨੇ ਆਖਿਆ ਕਿ ਉਹ ਮਲੇਸ਼ੀਆ ਖ਼ਿਲਾਫ਼ ਹਮਾਇਤ ਭਾਰਤੀ ਟੀਮ ਦੀ ਹੀ ਕਰਦੀ ਹੈ। ਹਰਿਆਣਾ ਤੋਂ ਉਚੇਚੇ ਤੌਰ ’ਤੇ ਆਏ ਅਭਿਸ਼ੇਕ ਦੇ ਮਾਪਿਆਂ ਅਤੇ ਮਨੀਪੁਰ ਤੋਂ ਆਏ ਨੀਲਕਾਂਤਾ ਨੇ ਪੰਜਾਬੀ ਮਹਿਮਨਨਿਵਾਜ਼ੀ ਮਾਣੀ। ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਇੱਕੋ ਟਿੱਪਣੀ ਨਾਲ ਪੰਜਾਬੀਆਂ ਦੀ ਪ੍ਰਾਹੁਣਾਚਾਰੀ ਦੀ ਤਾਰੀਫ਼ ਕੀਤੀ, ‘‘ਸਾਰੇ ਮਹਿਮਾਨ ਦੋ-ਦੋ ਕਿੱਲੋ ਭਾਰ ਵਧਾ ਕੇ ਗਏ ਹਨ।’’ ਮੁੱਖ ਮੰਤਰੀ ਦੀ ਜਲੰਧਰ ਵਾਲੀ ਸਰਕਾਰੀ ਰਿਹਾਇਸ਼ ਉਤੇ ਰਾਤ ਦੇ ਖਾਣੇ ਉਤੇ ਸਾਰੇ ਮੁਲਕਾਂ ਦੇ ਖਿਡਾਰੀਆਂ ਨੇ ਆਪੋ-ਆਪਣੇ ਮੁਲਕ ਦਾ ਰਵਾਇਤੀ ਖਾਣਾ ਖਾਧਾ। ਉਦਘਾਟਨੀ ਸਮਾਗਮ ਦੇ ਡਰੋਨ ਸ਼ੋਅ, ਭੰਗੜਾ, ਗੱਤਕਾ ਤੋਂ ਲੈ ਕੇ ਸਮਾਪਤੀ ਮੌਕੇ ਰਣਜੀਤ ਬਾਵਾ ਦੀ ਗਾਇਕੀ ਨੇ ਮਨੋਰੰਜਨ ਕੀਤਾ। ਹਰ ਗੋਲ ਉੱਤੇ ਆਤਿਸ਼ਬਾਜ਼ੀ ਹੁੰਦੀ। ਉਦਘਾਟਨੀ ਸਮਾਗਮ, ਸੈਮੀ ਫਾਈਨਲ ਤੇ ਫਾਈਨਲ ਮੌਕੇ ਸ਼ਾਨਦਾਰ ਆਤਿਸ਼ਬਾਜ਼ੀ ਨੇ ਆਸਮਾਨ ਨੂੰ ਸਤਰੰਗੀ ਰੰਗ ਵਿੱਚ ਰੰਗ ਦਿੱਤਾ। ਸਟੇਡੀਅਮ ਦੇ ਅੰਦਰ-ਬਾਹਰ ਹਾਕੀ ਪ੍ਰੇਮੀਆਂ ਦੀ ਭੀੜ ਤੋਂ ਇਲਾਵਾ ਹਰ ਮੈਚ ਦੀ ਸਮਾਪਤੀ ਉੱਤੇ ਹਾਕੀ ਫੀਲਡ ਅੰਦਰ ਖਿਡਾਰੀਆਂ ਦੇ ਆਟੋਗ੍ਰਾਫ ਅਤੇ ਤਸਵੀਰਾਂ ਲੈਣ ਵਾਲਿਆਂ ਦਾ ਹੜ੍ਹ ਆ ਜਾਂਦਾ। ਫਾਈਨਲ ਉਪਰੰਤ ਭਾਰਤੀ ਖਿਡਾਰੀਆਂ ਨੇ ਆਪਣੇ ਖੇਡਣ ਦਾ ਸਾਮਾਨ ਹਾਕੀ ਪ੍ਰੇਮੀਆਂ ਨੂੰ ਤੋਹਫ਼ੇ ਵਜੋਂ ਭੇਂਟ ਕੀਤਾ। ਪਰਿਵਾਰਕ ਮੈਂਬਰ ਤੇ ਦਰਸ਼ਕ ਖਿਡਾਰੀਆਂ ਦੀਆਂ ਵੱਡੀਆਂ ਤਸਵੀਰਾਂ, ਪੋਸਟਰ ਲੈ ਕੇ ਆਉਂਦੇ ਹਨ। ਹਾਕੀ ਵਾਲਿਆਂ ਲਈ ਇਹ ਸਭ ਦ੍ਰਿਸ਼ ਸਦਾ ਯਾਦ ਰਹਿਣ ਵਾਲੇ ਸਨ।
ਚਮਕਦੇ ਸਿਤਾਰੇ
ਹਾਕੀ ਦਾ ਸਰਪੰਚ ਹਰਮਨਪ੍ਰੀਤ ਸਿੰਘ
ਭਾਰਤੀ ਟੀਮ ਦਾ ਕਪਤਾਨ ਹਰਮਨਪ੍ਰੀਤ ਸਿੰਘ ਇਸ ਵੇਲੇ ਵਿਸ਼ਵ ਹਾਕੀ ਦੇ ਚੋਟੀ ਦੇ ਡਿਫੈਂਡਰਾਂ ਅਤੇ ਡਰੈਗ ਫਲਿੱਕਰਾਂ ਵਿੱਚ ਸ਼ੁਮਾਰ ਹੈ। ਇਸ ਟੂਰਨਾਮੈਂਟ ਵਿੱਚ ਬਤੌਰ ਕਪਤਾਨ ਖਿਤਾਬੀ ਹੈਟ੍ਰਿਕ ਲਗਾਉਣ ਤੋਂ ਇਲਾਵਾ ਉਸ ਨੇ 10 ਗੋਲਾਂ ਨਾਲ ਟੌਪ ਸਕੋਰਰ ਅਤੇ ਸਰਵੋਤਮ ਖਿਡਾਰੀ ਦਾ ਇਨਾਮ ਵੀ ਜਿੱਤਿਆ। ਦੋ ਵਾਰ ਓਲੰਪਿਕਸ ਵਿੱਚ ਤਗ਼ਮੇ ਅਤੇ ਪੈਰਿਸ ਓਲੰਪਿਕਸ ਵਿੱਚ ਕਪਤਾਨੀ ਕਰਦਿਆਂ 10 ਗੋਲਾਂ ਨਾਲ ਟੌਪ ਸਕਰੋਰ ਰਹਿਣ ਵਾਲੇ ਹਰਮਨਪ੍ਰੀਤ ਸਿੰਘ ਨੇ ਇਸ ਟੂਰਨਾਮੈਂਟ ਵਿੱਚ ਆਪਣੇ ਕੁੱਲ 250 ਕੌਮਾਂਤਰੀ ਗੋਲਾਂ ਦਾ ਅੰਕੜਾ ਛੂਹਿਆ। ਮਾਡਰਨ ਹਾਕੀ ਵਿੱਚ ਉਹ ਭਾਰਤ ਦਾ ਸਭ ਤੋਂ ਵੱਧ ਅਤੇ ਵਿਸ਼ਵ ਹਾਕੀ ਵਿੱਚ ਚੌਥੇ ਨੰਬਰ ਉੱਤੇ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਬਣ ਗਿਆ। ਹਾਕੀ ਦੇ ਜਾਦੂਗਰ ਧਿਆਨ ਚੰਦ ਵੱਲੋਂ 570 ਗੋਲ ਕੀਤੇ ਗਏ ਹਨ ਪਰ ਉਨ੍ਹਾਂ ਦੇ ਮੈਚਾਂ ਨੂੰ ਅਧਿਕਾਰਤ ਨਹੀਂ ਮੰਨਿਆ ਜਾਂਦਾ। ਬਲਬੀਰ ਸਿੰਘ ਸੀਨੀਅਰ ਨੇ 246 ਗੋਲ ਕੀਤੇ ਹਨ। ਹਰਮਨਪ੍ਰੀਤ ਸਿੰਘ ਕੋਲੋਂ ਜਦੋਂ ਪੁੱਛਿਆ ਕਿ ਉਸ ਨੇ ਬਲਬੀਰ ਸਿੰਘ ਸੀਨੀਅਰ ਦਾ ਰਿਕਾਰਡ ਤੋੜ ਦਿੱਤਾ ਤਾਂ ਅੱਗਿਓਂ ਉਸ ਨੇ ਹਲੀਮੀ ਨਾਲ ਵੱਡੇ ਖਿਡਾਰੀ ਨੂੰ ਸਤਿਕਾਰ ਦਿੰਦਿਆਂ ਕਿਹਾ ਕਿ ਰਿਕਾਰਡ ਟੁੱਟਿਆ ਨਾ ਕਹੋ, ਰਿਕਾਰਡ ਬਣਿਆ ਕਹੋ। ਹਰਮਨ ਨੂੰ ‘13’ ਨੰਬਰ ਦੀ ਜਰਸੀ ਪਹਿਨਣ ਲਈ ਵੀ ਬਲਬੀਰ ਸਿੰਘ ਸੀਨੀਅਰ ਨੇ ਹੀ ਪ੍ਰੇਰਿਆ ਸੀ। ਤਿੰਮੋਵਾਲ ਦਾ ਹਰਮਨਪ੍ਰੀਤ ਸਿੰਘ ਹਾਕੀ ਦੀ ਖੇਡ ਵਿੱਚ ਸਰਪੰਚ ਨਾਮ ਨਾਲ ਮਕਬੂਲ ਹੈ।
ਫੀਲਡ ਗੋਲਾਂ ਦੀ ਜੋੜੀ ਦਿਲਪ੍ਰੀਤ ਸਿੰਘ ਤੇ ਸੁਖਜੀਤ ਸਿੰਘ
ਮਾਡਰਨ ਹਾਕੀ ਵਿੱਚ ਜਿੱਥੇ ਡਰੈਗ ਫਲਿੱਕਰ ਪੈਨਲਟੀ ਕਾਰਨਰ ਮੁਹਾਰਤ ਨਾਲ ਗੋਲ ਕਰਦੇ ਹਨ, ਉੱਥੇ ਫੀਲਡ ਗੋਲ ਜਿੱਤ ਵਿੱਚ ਅਹਿਮ ਰੋਲ ਨਿਭਾਉਂਦੇ ਹਨ। ਫਾਰਵਰਡ ਖਿਡਾਰੀ ਡੀ ਅੰਦਰ ਪੈਨਲਟੀ ਕਾਰਨਰ ਹਾਸਿਲ ਕਰਨ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ। ਭਾਰਤੀ ਫਾਰਵਰਡ ਲਾਈਨ ਵਿੱਚ ਪੰਜਾਬ ਦੇ ਦਿਲਪ੍ਰੀਤ ਸਿੰਘ ਤੇ ਸੁਖਜੀਤ ਸਿੰਘ ਦੀ ਜੋੜੀ ਫੀਲਡ ਗੋਲ ਕਰਨ ਵਿੱਚ ਖ਼ਾਸ ਮੁਹਾਰਤ ਰੱਖਦੀ ਹੈ। ਦੋਵਾਂ ਨੇ ਪੂਰੇ ਟੂਰਨਾਮੈਂਟ ਵਿੱਚ ਕੁੱਲ 13 ਗੋਲ ਕੀਤੇ। 9 ਨੰਬਰ ਜਰਸੀ ਵਿੱਚ ਖੇਡਦੇ ਦਿਲਪ੍ਰੀਤ ਨੇ ਸੱਤ ਅਤੇ 34 ਨੰਬਰ ਜਰਸੀ ਵਿੱਚ ਖੇਡਦੇ ਸੁਖਜੀਤ ਨੇ ਛੇ ਗੋਲ ਕੀਤੇ। ਦੋਵੇਂ ਖਿਡਾਰੀ ਡੀ ਅੰਦਰ ਕਰਾਸ ਬਾਲਾਂ ਅਤੇ ਹਵਾਈ ਸਕੂਪਾਂ ਨੂੰ ਟਰੈਪ ਕਰਕੇ ਬਿਹਤਰ ਫਿਨਿਸ਼ ਲਈ ਜਾਣੇ ਜਾਂਦੇ ਹਨ। ਦਿਲੂ ਤੇ ਕਾਕੇ ਨਾਮ ਨਾਲ ਮਸ਼ਹੂਰ ਇਹ ਖਿਡਾਰੀ ਫਾਰਵਰਡ ਲਾਈਨ ਵਿੱਚ ਸਭ ਤੋਂ ਕਾਰਗਾਰ ਹਨ। ਬੁਤਾਲਾ ਦੇ ਜੰਮਪਲ ਦਿਲਪ੍ਰੀਤ ਸਿੰਘ ਨੇ ਟੋਕੀਓ ਓਲੰਪਿਕਸ ਅਤੇ ਜੱਦੀ ਮੀਆਂਵੰਡ ਪਿੰਡ ਦੇ ਤੇ ਹੁਣ ਜਲੰਧਰ ਵਸਦੇ ਸੁਖਜੀਤ ਸਿੰਘ ਨੇ ਪੈਰਿਸ ਓਲੰਪਿਕਸ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ ਸੀ।
ਬਾਲ ਬੁਆਏ ਤੋਂ ਵਾਈਸ ਕਪਤਾਨ ਹਾਰਦਿਕ ਸਿੰਘ
ਹਾਰਦਿਕ ਸਿੰਘ 2014 ’ਚ ਮੁਹਾਲੀ ਸਟੇਡੀਅਮ ਵਿਖੇ ਹਾਕੀ ਇੰਡੀਆ ਲੀਗ ਦੌਰਾਨ ਬਾਲ ਬੁਆਏ ਸੀ ਅਤੇ 12 ਵਰ੍ਹਿਆਂ ਬਾਅਦ ਹਾਰਦਿਕ ਸਿੰਘ ਨੇ ਮੁਹਾਲੀ ਦੇ ਇਸੇ ਸਟੇਡੀਅਮ ਵਿਖੇ ਆਪਣੇ ਕਰੀਅਰ ਦਾ 200ਵਾਂ ਕੌਮਾਂਤਰੀ ਮੈਚ ਖੇਡਿਆ। ਬਾਲ ਬੁਆਏ ਹੁੰਦਿਆਂ ਭਾਰਤੀ ਹਾਕੀ ਖਿਡਾਰੀ ਸਰਦਾਰਾ ਸਿੰਘ ਅੱਠ ਨੰਬਰ ਦੀ ਜਰਸੀ ਵਿੱਚ ਖੇਡਦਾ ਸੀ ਅਤੇ ਹੁਣ ਹਾਰਦਿਕ ਸਿੰਘ ਵੀ ਅੱਠ ਨੰਬਰ ਦੀ ਜਰਸੀ ਪਹਿਨਦਾ ਹੈ। ਮੈਚ ਉਪਰੰਤ ਸਰਦਾਰਾ ਸਿੰਘ ਨੇ ਹਾਰਦਿਕ ਸਿੰਘ ਨੂੰ ਸਾਬਾਸ਼ ਦਿੱਤੀ। ਖੁਸਰੋਪੁਰ ਦੇ ਖੇਡ ਪਰਿਵਾਰ ’ਚ ਜਨਮਿਆ ਹਾਰਦਿਕ ਸਿੰਘ ਮਿਡਫੀਲਡ ਵਿੱਚ ਭਾਰਤੀ ਟੀਮ ਦੀ ਜਿੰਦ-ਜਾਨ ਅਤੇ ਭਾਰਤੀ ਟੀਮ ਦਾ ਉਪ ਕਪਤਾਨ ਵੀ ਹੈ। ਦੋ ਵਾਰ ਓਲੰਪਿਕਸ ਵਿੱਚ ਤਗ਼ਮਾ ਜਿੱਤਣ ਵਾਲੀ ਭਾਰਤੀ ਟੀਮ ਵਿੱਚ ਹਾਰਦਿਕ ਸਿੰਘ ਨੇ ਅਹਿਮ ਰੋਲ ਨਿਭਾਇਆ ਸੀ।
ਮਿੱਠਾਪੁਰੀਏ ਮਨਪ੍ਰੀਤ ਤੇ ਮਨਦੀਪ ਦੇ ਮਨ ਦੀ ਟੀਸ
ਭਾਰਤੀ ਲਈ ਸਭ ਤੋਂ ਵੱਧ ਸਵਾ ਚਾਰ ਸੌ ਤੋਂ ਵੱਧ ਕੌਮਾਂਤਰੀ ਮੈਚ ਤੇ ਚਾਰ ਓਲੰਪਿਕਸ ਖੇਡਣ ਵਾਲੇ ਮਨਪ੍ਰੀਤ ਸਿੰਘ ਨੇ ਇਸ ਵਾਰ ਰਿਕਾਰਡ ਅੱਠਵੀਂ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਖੇਡਣਾ ਸੀ। ਆਪਣੇ ਘਰ ਵਿੱਚ ਹੀ ਉਸ ਨੇ ਖੇਡਣਾ ਸੀ, ਜਿੱਥੋਂ ਉਸ ਨੇ ਨਿੱਕੇ ਹੁੰਦੇ ਹਾਕੀ ਦੇ ਗੁਰ ਸਿੱਖੇ ਸਨ। ਟੂਰਨਾਮੈਂਟ ਤੋਂ ਐਨ ਪਹਿਲਾਂ ਪਿੰਜਣੀ ਦੀ ਸੱਟ ਕਾਰਨ ਉਸ ਨੂੰ ਟੀਮ ਵਿੱਚੋਂ ਬਾਹਰ ਬੈਠਣਾ ਪਿਆ ਅਤੇ ਉਸ ਦੀ ਜਗ੍ਹਾ ਵਿਵੇਕ ਸਾਗਰ ਪ੍ਰਸਾਦ ਨੂੰ ਬੁਲਾਇਆ ਗਿਆ। ਮਨਪ੍ਰੀਤ ਸਿੰਘ ਨੇ ਪੂਰਾ ਟੂਰਨਾਮੈਂਟ ਦਰਸ਼ਕ ਗੈਲਰੀ ਵਿੱਚ ਆਪਣੇ ਪਰਿਵਾਰ ਸਮੇਤ ਬੈਠ ਕੇ ਮੈਚ ਵੇਖੇ ਅਤੇ ਟੂਰਨਾਮੈਂਟ ਖੇਡਣ ਦੀ ਉਸ ਦੀ ਰੀਝ ਅਧੂਰੀ ਰਹਿ ਗਈ। ਮਨਪ੍ਰੀਤ ਸਿੰਘ ਦੀ ਅੱਖ ਹੁਣ 2028 ਵਿੱਚ ਲਾਸ ਏਂਜਲਸ ਵਿਖੇ ਰਿਕਾਰਡ ਪੰਜਵੀਂ ਓਲੰਪਿਕਸ ਖੇਡਣ ਉਪਰ ਹੈ। ਮਨਪ੍ਰੀਤ ਸਿੰਘ ਦੇ ਹੀ ਪਿੰਡ ਮਿੱਠਾਪੁਰ ਦਾ ਉਸ ਦਾ ਗਰਾਈਂ ਮਨਦੀਪ ਸਿੰਘ ਭਾਰਤ ਲਈ 300 ਤੋਂ ਵੱਧ ਮੈਚ ਖੇਡ ਚੁੱਕਾ ਹੈ। ਦੋਵੇਂ ਮਿੱਠਾਪੁਰੀਏ ਦੋ ਵਾਰ ਓਲੰਪਿਕਸ ਵਿੱਚ ਤਗ਼ਮਾ ਜਿੱਤ ਚੁੱਕੇ ਹਨ। ਮਨਦੀਪ ਸਿੰਘ ਨੇ ਟੂਰਨਾਮੈਂਟ ਦੇ ਪਹਿਲੇ ਹੀ ਮੈਚ ਵਿੱਚ ਬੰਗਲਾਦੇਸ਼ ਖ਼ਿਲਾਫ਼ ਗੋਲਾਂ ਦੀ ਹੈਟ੍ਰਿਕ ਵੀ ਲਗਾਈ। ਮੁਹਾਲੀ ਵਿਖੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਮਨਦੀਪ ਦੀ ਵੀ ਪਿੰਜਣੀ ਉੱਪਰ ਸੱਟ ਲੱਗ ਜਾਣ ਕਾਰਨ ਉਸ ਨੂੰ ਮੈਦਾਨ ਦੇ ਬਾਹਰ ਬੈਠਣਾ ਪਿਆ। ਉਸ ਨੇ ਪੂਰਾ ਫਾਈਨਲ ਮੈਚ ਬਰਾਡਕਾਸਟਰ ਰੂਮ ਕੋਲ ਉੱਪਰ ਬੈਠ ਕੇ ਦੇਖਿਆ। ਪਿੰਜਣੀ ਦੀ ਸੱਟ ਕਾਰਨ ਇੱਕ ਮਿੱਠਾਪੁਰੀਆ ਟੂਰਨਾਮੈਂਟ ਨਹੀਂ ਖੇਡ ਸਕਿਆ ਤੇ ਦੂਜਾ ਫਾਈਨਲ ਮੈਚ। ਦੋਵਾਂ ਨੇ ਦਰਸ਼ਕ ਗੈਲਰੀ ਵਿੱਚ ਟੀਮ ਦਾ ਹੌਸਲਾ ਵਧਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।
ਹਾਕੀ ਦਾ ਸਾਬਤ ਸੂਰਤ ਸਰਦਾਰ ਜਰਮਨਪ੍ਰੀਤ ਸਿੰਘ
ਹਾਕੀ ਖੇਡ ਵਿੱਚ ਸਿਰ ਉੱਪਰ ਜੂੜੇ ਅਤੇ ਰੁਮਾਲ ਪਹਿਨੀ ਖਿਡਾਰੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ। ਭਾਰਤੀ ਹਾਕੀ ਟੀਮ ਵਿੱਚ ਡਿਫੈਂਸ ਤੋਂ ਫਾਰਵਰਡ ਲਾਈਨ ਤੱਕ ਆਪਣੇ ਦਮ-ਖ਼ਮ ਦੇ ਨਾਲ ਆਪਣੀ ਸਾਬਤ ਸੂਰਤ ਦਿੱਖ ਤੇ ਖੁੱਲ੍ਹੇ ਦਾਹੜੇ ਵਿੱਚ ਖੇਡਦਾ ਜਰਮਨਪ੍ਰੀਤ ਸਿੰਘ ਬਹੁਤ ਹੀ ਦਰਸ਼ਨੀ ਲੱਗਦਾ ਹੈ। ਜਰਮਨਪ੍ਰੀਤ ਸਿੰਘ ਵਿਰੋਧੀ ਡੀ ਦੇ ਸੱਜੇ ਪਾਸੇ ਹਰਮਨ ਵੱਲੋਂ ਆਪਣੀ ਡੀ ਵਿੱਚੋਂ ਸੁੱਟੀਆਂ ਏਰੀਅਲ ਬਾਲਾਂ (ਸਕੂਪਾਂ) ਨੂੰ ਟਰੈਪ ਕਰਕੇ ਫਾਰਵਰਡਾਂ ਨੂੰ ਬਾਲ ਪਰੋਸ ਕੇ ਦਿੰਦਾ ਹੈ। ਰਜ਼ਦਾਨ ਪਿੰਡ ਦੇ ਜੰਮਪਲ ਜਰਮਨਪ੍ਰੀਤ ਸਿੰਘ ਨੇ ਪੈਰਿਸ ਓਲੰਪਿਕਸ ਵਿੱਚ ਆਪਣੀ ਖੇਡ ਨਾਲ ਵਾਹ-ਵਾਹ ਖੱਟੀ ਸੀ। ਜਰਮਨਪ੍ਰੀਤ ਸਿੰਘ ਜਿੱਥੇ ਖੇਡ ਹਲਕਿਆਂ ਦਾ ਹਰਮਨ ਪਿਆਰਾ ਖਿਡਾਰੀ ਹੈ ਉੱਥੇ ਸਿੱਖ ਜਗਤ ਵਿੱਚ ਉਸ ਨੂੰ ਖੇਡ ਜ਼ਰੀਏ ਸਿੱਖੀ ਦਾ ਬਰਾਂਡ ਅੰਬੈਸਡਰ ਵੀ ਆਖਿਆ ਜਾਂਦਾ ਹੈ।
ਗੋਲਾਂ ਦਾ ਰਾਖਾ ਕ੍ਰਿਸ਼ਨ ਪਾਠਕ
ਕਪੂਰਥਲਾ ਦਾ ਰਹਿਣ ਵਾਲਾ ਕ੍ਰਿਸ਼ਨ ਬਹਾਦਰ ਪਾਠਕ ਭਾਰਤੀ ਹਾਕੀ ਟੀਮ ਦੀ ਆਖ਼ਰੀ ਡਿਫੈਂਸ ਲਾਈਨ ਹੈ। ਗੋਲਕੀਪਰ ਦੀ ਭੂਮਿਕਾ ਵਿੱਚ ਪਾਠਕ ਟੀਮ ਦੀ ਸਭ ਤੋਂ ਮਜ਼ਬੂਤ ਕੜੀ ਹੈ। ਉਸ ਦੀ ਖੇਡ ਬਦੌਲਤ ਹੀ ਭਾਰਤੀ ਟੀਮ ਨੇ ਵਿਰੋਧੀ ਟੀਮਾਂ ਨੂੰ ਜ਼ਿਆਦਾ ਗੋਲ ਨਹੀਂ ਕਰਨ ਦਿੱਤੇ। ਖ਼ਾਸਕਰ ਫਾਈਨਲ ਵਿੱਚ ਇੱਕ ਗੋਲ ਨਾਲ ਪਿੱਛੇ ਚੱਲ ਰਹੀ ਜਾਪਾਨ ਦੀ ਟੀਮ ਜਦੋਂ ਹਮਲਿਆਂ ਉੱਤੇ ਉਤਾਰੂ ਸੀ ਤਾਂ ਪਾਠਕ ਨੇ ਚੀਨ ਦੀ ਦੀਵਾਰ ਦਾ ਰੂਪ ਧਾਰਨ ਕਰ ਲਿਆ। ਉਸ ਵੇਲੇ ਜੇ ਜਾਪਾਨ ਦੀ ਲੀਡ ਵਧ ਜਾਂਦੀ ਤਾਂ ਮੈਚ ਵਿੱਚ ਕੋਈ ਵੱਡਾ ਉਲਟਫੇਰ ਹੋ ਸਕਦਾ ਸੀ। ਪਾਠਕ ਨੂੰ ਟੂਰਨਾਮੈਂਟ ਦਾ ਸਰਵੋਤਮ ਗੋਲਚੀ ਐਲਾਨਿਆ ਗਿਆ। ਪਾਠਕ ਨੇ ਲੰਮਾ ਸਮਾਂ ਭਾਰਤ ਦੇ ਗੋਲਚੀ ਰਹੇ ਪੀ ਆਰ ਸ੍ਰੀਜੇਸ਼ ਨਾਲ ਦੂਜੇ ਗੋਲਚੀ ਵਜੋਂ ਸਾਥ ਨਿਭਾਇਆ ਹੈ, ਜਿਸ ਕਾਰਨ ਉਹ ਤਜਰਬਾ ਵੀ ਉਸ ਦੇ ਕੰਮ ਆ ਰਿਹਾ ਹੈ।
ਡਰੈਗ ਫਲਿੱਕ ਦਾ ਵਾਰਸ ਜੁਗਰਾਜ ਸਿੰਘ
ਮਾਝੇ ਦੀ ਧਰਤੀ ਰਈਆ ਤੋਂ ਉੱਠੇ ਪ੍ਰਸਿੱਧ ਡਰੈਗ ਫਲਿੱਕਰ ਜੁਗਰਾਜ ਸਿੰਘ ਤੋਂ ਬਾਅਦ ਹੁਣ ਅਟਾਰੀ ਦਾ ਜੁਗਰਾਜ ਸਿੰਘ ਵੀ ਡਰੈਗ ਫਲਿੱਕ ਨਾਲ ਨਾਮਣਾ ਖੱਟ ਰਿਹਾ ਹੈ। ਜੁਗਰਾਜ ਸਿੰਘ ਜੂਨੀਅਰ ਭਾਰਤੀ ਹਾਕੀ ਟੀਮ ਵਿੱਚ ਹਰਮਨਪ੍ਰੀਤ ਸਿੰਘ ਤੋਂ ਬਾਅਦ ਪੈਨਲਟੀ ਕਾਰਨਰ ਲਗਾਉਣ ਵਿੱਚ ਦੂਜਾ ਬਦਲ ਹੈ। ਫਾਈਨਲ ਮੈਚ ਵਿੱਚ ਜੁਗਰਾਜ ਦੀ ਦਨਦਨਾਉਂਦੀ ਡਰੈਗ ਫਲਿੱਕ ਨਾਲ ਹੋਏ ਗੋਲ ਤੋਂ ਬਾਅਦ ਭਾਰਤ ਦੀ ਜਿੱਤ ਪੱਕੀ ਹੋ ਗਈ ਸੀ। ਹਰਮਨ ਦੀ ਅਗਵਾਈ ਹੇਠ ਜੁਗਰਾਜ ਸਿੰਘ ਪੈਨਲਟੀ ਕਾਰਨਰ ਵਿੱਚ ਮੁਹਾਰਤ ਹਾਸਿਲ ਕਰ ਰਿਹਾ ਹੈ। ਨਿਮਨ ਪਰਿਵਾਰ ਵਿੱਚੋਂ ਉੱਠੇ ਬੇਹੱਦ ਨਰਮ ਸੁਭਾਅ ਦੇ ਜੁਗਰਾਜ ਦੀ ਖੇਡ ਬਹੁਤ ਖਿੱਚ ਭਰਪੂਰ ਅਤੇ ਦਮਦਾਰ ਹੈ। ਉਹ ਡਿਫੈਂਸ ਲਾਈਨ ਵਿੱਚ ਵੀ ਵਿਰੋਧੀ ਫਾਰਵਰਡਾਂ ਨੂੰ ਡੱਕਦਾ ਹੈ।
ਨਾਮਧਾਰੀ ਪਿੰਡਾਂ ਦਾ ਵਾਰਿਸ ਰਾਜਿੰਦਰ ਸਿੰਘ
ਰਾਜਿੰਦਰ ਸਿੰਘ ਸੀਨੀਅਰ ਤੇ ਰਾਜਿੰਦਰ ਸਿੰਘ ਜੂਨੀਅਰ ਤੋਂ ਬਾਅਦ ਭਾਰਤ ਨੂੰ ਇੱਕ ਹੋਰ ਰਾਜਿੰਦਰ ਸਿੰਘ ਮਿਲਿਆ ਹੈ। ਸਿਰਸਾ ਨੇੜਲੇ ਨਾਮਧਾਰੀ ਪਿੰਡਾਂ ਨੂੰ ਹਾਕੀ ਦੀ ਨਰਸਰੀ ਆਖਿਆ ਜਾਂਦਾ ਹੈ, ਜਿਸ ਨੇ ਦੀਦਾਰ ਸਿੰਘ, ਸਰਦਾਰ ਸਿੰਘ, ਹਰਪਾਲ ਸਿੰਘ ਜਿਹੇ ਖਿਡਾਰੀ ਪੈਦਾ ਕੀਤੇ ਹਨ। ਸੰਤ ਨਗਰ ਦਾ ਰਾਜਿੰਦਰ ਸਿੰਘ ਭਾਰਤੀ ਟੀਮ ਦਾ ਭਵਿੱਖ ਹੈ, ਜਿਸ ਨੇ ਪੂਰੇ ਟੂਰਨਾਮੈਂਟ ਦੌਰਾਨ ਆਪਣੀ ਖੇਡ ਨਾਲ ਵਾਹ-ਵਾਹ ਖੱਟੀ। ਰਾਜਿੰਦਰ ਸਿੰਘ ਪੈਨਲਟੀ ਕਾਰਨਰ ਮੌਕੇ ਹਰਮਨ ਤੇ ਜੁਗਰਾਜ ਤੋਂ ਬਾਅਦ ਤੀਜੀ ਬੈਟਰੀ ਉੱਤੇ ਖੜ੍ਹਦਾ ਹੈ।
ਚੰਡੀਗੜ੍ਹੀਆ ਨੌਜਵਾਨ ਖਿਡਾਰੀ ਅੰਗਦ ਬੀਰ ਸਿੰਘ
ਚੰਡੀਗੜ੍ਹ ਦੇ ਅੰਗਦ ਬੀਰ ਸਿੰਘ ਨੇ ਭਾਰਤੀ ਹਾਕੀ ਟੀਮ ਵਿੱਚ ਸਿਰ ਉੱਤੇ ਜੂੜੇ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਨਵਾਂ ਨਾਮ ਦਰਜ ਕਰਵਾਇਆ ਹੈ। ਤਿੰਨ ਵਰ੍ਹੇ ਪਹਿਲਾਂ ਜੂਨੀਅਰ ਏਸ਼ੀਆ ਕੱਪ ਦੀ ਜੇਤੂ ਟੀਮ ਦਾ ਮੈਂਬਰ ਅੰਗਦ ਬੀਰ ਸਿੰਘ ਭਾਰਤੀ ਹਾਕੀ ਦਾ ਭਵਿੱਖ ਹੈ, ਜਿਸ ਤੋਂ ਵੱਡੀਆਂ ਆਸਾਂ ਹਨ। ਦਿਲਚਸਪ ਗੱਲ ਇਹ ਹੈ ਕਿ ਉਸ ਦਾ ਘਰ ਸੈਕਟਰ 42 ਦੇ ਸਟੇਡੀਅਮ ਨੇੜੇ ਹੈ, ਜਿਥੇ ਉਸ ਦਾ ਪਰਿਵਾਰ ਕਈ ਵਾਰ ਹਾਕੀ ਦੇ ਮੈਚ ਵੇਖਣ ਜਾਂਦਾ ਸੀ, ਪਰ ਉਸ ਨੂੰ ਪਹਿਲਾਂ ਪਹਿਲ ਚੰਡੀਗੜ੍ਹ ਹਾਕੀ ਅਕੈਡਮੀ ਵਿੱਚ ਦਾਖਲਾ ਨਹੀਂ ਸੀ ਮਿਲ ਸਕਿਆ। ਉਸ ਨੇ ਹਾਕੀ ਦੀ ਮੁਢਲੀ ਸਿਖਲਾਈ ਆਪਣੇ ਪਹਿਲੇ ਕੋਚ ਅਲਪਿੰਦਰ ਸਿੰਘ ਤੋਂ ਲਈ ਤੇ ਫਿਰ ਉਸ ਨੂੰ ਖੇਡਦਿਆਂ ਦੇਖ ਕੇ ਭਾਰਤੀ ਹਾਕੀ ਦੇ ਸਟਾਰ ਖਿਡਾਰੀ ਦੀਪਕ ਠਾਕੁਰ ਨੇ ਸਿਖਲਾਈ ਦਿੱਤੀ। ਦੀਪਕ ਠਾਕੁਰ ਨੇ ਹੀ ਉਸ ਨੂੰ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਹਾਕੀ ਟੀਮ ’ਚ ਮਹਿਮਾਨ ਖਿਡਾਰੀ ਵਜੋਂ ਥਾ ਿਦਲਵਾਈ।
ਭਾਰਤੀ ਹਾਕੀ ਦੇ ਧਰੂ ਤਾਰੇ
ਭਾਰਤੀ ਹਾਕੀ ਵਿੱਚ ਉਕਤ ਖਿਡਾਰੀਆਂ ਤੋਂ ਇਲਾਵਾ ਅਭਿਸ਼ੇਕ, ਸੰਜੇ, ਅਮਿਤ ਰੋਹੀਦਾਸ, ਵਿਵੇਕ ਸਾਗਰ ਪ੍ਰਸਾਦ, ਨੀਲਕਾਂਤਾ ਸ਼ਰਮਾ, ਵਿਸ਼ਨੂੰ ਕਾਂਤ ਸਿੰਘ, ਅਰਜੁਨ ਲਾਲਜੇ, ਸ਼ਿਲਾਨੰਦ ਲਾਕੜਾ, ਅਮਨਦੀਪ ਲਾਕੜਾ, ਗੋਲਚੀ ਸੂਰਜ ਕਰਕੇਰਾ ਵੀ ਟੂਰਨਾਮੈਂਟ ਦੌਰਾਨ ਧਰੂ ਤਾਰੇ ਵਾਂਗ ਚਮਕੇ। ਸੰਜੇ ਨੇ 150ਵਾਂ ਮੈਚ ਖੇਡਿਆ। ਨੀਲਕਾਂਤਾ ਸ਼ਰਮਾ ਨੇ ਇਸ ਟੂਰਨਾਮੈਂਟ ਦੇ ਨਾਲ ਹੀ ਕੌਮਾਂਤਰੀ ਹਾਕੀ ਨੂੰ ਅਲਵਿਦਾ ਆਖੀ। ਫਾਈਨਲ ਤੋਂ ਬਾਅਦ ਉਹ ਆਪਣੇ ਪੁੱਤਰ ਨੂੰ ਗੋਦੀ ਚੁੱਕ ਕੇ ਤਗ਼ਮਾ ਹਾਸਿਲ ਕਰਨ ਗਿਆ ਜਿੱਥੇ ਉਸ ਦੇ ਪੁੱਤਰ ਨੇ ਤਮਗ਼ਾ ਪਹਿਨਾਇਆ। ਪੂਰੀ ਟੀਮ ਨੇ ਨੀਲਕਾਂਤਾ ਨੂੰ ਹਵਾ ਵਿੱਚ ਉਛਾਲ ਕੇ ਜਿੱਤ ਨਾਲ ਖ਼ੁਸ਼ੀ-ਖ਼ੁਸ਼ੀ ਵਿਦਾਇਗੀ ਦਿੱਤੀ। ਸੰਜੇ ਨੇ ਆਪਣੀ ਖੇਡ ਨਾਲ ਬਹੁਤ ਪ੍ਰਭਾਵਿਤ ਕੀਤਾ।
ਸੰਪਰਕ: 97800-36216
