ਪੰਜਾਬ ਸਰਕਾਰ ਪੈਰਾ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ : ਮੀਤ ਹੇਅਰ –


ਖੇਡ ਮੰਤਰੀ ਨੇ ਰਾਸ਼ਟਰੀ ਪੱਧਰ ‘ਤੇ ਸਫਲਤਾ ਹਾਸਲ ਕਰਨ ਵਾਲੇ ਪੈਰਾ ਖਿਡਾਰੀਆਂ ਨੂੰ ਵਧਾਈ ਦਿੱਤੀ

ਚੰਡੀਗੜ੍ਹ, 10 ਅਪ੍ਰੈਲ:

ਖੇਡਾਂ ਦੇ ਖੇਤਰ ਵਿੱਚ ਪੰਜਾਬ ਦੀ ਗੁਆਚੀ ਸ਼ਾਨ ਬਹਾਲ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਨਵੀਂ ਖੇਡ ਨੀਤੀ ਬਣਾਈ ਜਾ ਰਹੀ ਹੈ, ਜਿਸ ਵਿਚ ਸਾਰੀਆਂ ਖੇਡਾਂ ਨੂੰ ਪਹਿਲ ਦਿੰਦੇ ਹੋਏ ਪੈਰਾ ਸਪੋਰਟਸ ‘ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਹ ਗੱਲ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਕਹੀ।

ਖੇਡ ਮੰਤਰੀ ਨੇ ਅੱਗੇ ਕਿਹਾ ਕਿ ਪੈਰਾ ਐਥਲੀਟਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣਾ ਨਾਮ ਰੌਸ਼ਨ ਕੀਤਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਵਿੱਚ ਪੰਜਾਬ ਦੇ ਪੈਰਾ ਖਿਡਾਰੀਆਂ ਨੇ ਪੈਰਾ ਪਾਵਰਲਿਫਟਿੰਗ, ਪੈਰਾ ਅਥਲੈਟਿਕਸ ਅਤੇ ਪੈਰਾ ਬੈਡਮਿੰਟਨ ਦੇ ਕੌਮੀ ਪੱਧਰ ਦੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪੰਜਾਬ ਦੇ ਐਥਲੀਟਾਂ ਨੇ 8 ਸੋਨ, 5 ਚਾਂਦੀ ਅਤੇ 15 ਕਾਂਸੀ ਦੇ ਤਗਮਿਆਂ ਸਮੇਤ ਕੁੱਲ 28 ਤਗਮੇ ਜਿੱਤੇ। ਮੰਤਰੀ ਨੇ ਉਨ੍ਹਾਂ ਸਾਰੇ ਮੈਡਲ ਜੇਤੂਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਨਵੀਂ ਖੇਡ ਨੀਤੀ ਵਿੱਚ ਪੈਰਾ ਖਿਡਾਰੀਆਂ ਨੂੰ ਪਹਿਲ ਦਿੱਤੀ ਜਾ ਰਹੀ ਹੈ ਅਤੇ ਖਿਡਾਰੀਆਂ ਤੋਂ ਪ੍ਰਾਪਤ ਫੀਡਬੈਕ ਅਨੁਸਾਰ ਨੀਤੀ ਬਣਾਈ ਜਾ ਰਹੀ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਮੀਤ ਹੇਅਰ ਨੇ ਦੱਸਿਆ ਕਿ ਲਖਨਊ ਵਿਖੇ ਹੋਈ ਨੈਸ਼ਨਲ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਸੰਜੀਵ ਕੁਮਾਰ ਨੇ ਇੱਕ ਸੋਨ, ਚਾਂਦੀ ਅਤੇ ਕਾਂਸੀ ਦੇ ਤਗਮੇ, ਰਾਜ ਕੁਮਾਰ ਨੇ ਦੋ ਕਾਂਸੀ ਦੇ ਤਗਮੇ ਅਤੇ ਸ਼ਬਾਨਾ ਨੇ ਦੋ ਕਾਂਸੀ ਦੇ ਤਗਮੇ ਜਿੱਤੇ। ਇਸੇ ਤਰ੍ਹਾਂ ਗੁਜਰਾਤ ਵਿਖੇ ਹੋਈ ਜੂਨੀਅਰ ਅਤੇ ਸਬ-ਜੂਨੀਅਰ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਨਿਸ਼ਾ ਨੇ ਇੱਕ ਚਾਂਦੀ ਅਤੇ ਦੋ ਕਾਂਸੀ ਦੇ ਤਗਮੇ, ਪਰਵੀਨ ਕੁਮਾਰ ਨੇ ਇੱਕ ਚਾਂਦੀ ਅਤੇ ਇੱਕ ਕਾਂਸੀ ਅਤੇ ਗੁਰਹਰਮਨਦੀਪ ਸਿੰਘ ਨੇ ਦੋ ਕਾਂਸੀ ਦੇ ਤਗਮੇ ਜਿੱਤੇ।

ਪੁਣੇ ਵਿਖੇ ਹੋਈ ਨੈਸ਼ਨਲ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਮਿਥਨ ਨੇ ਇੱਕ ਸੋਨ, ਕਰਨਦੀਪ ਕੁਮਾਰ ਨੇ ਇੱਕ ਚਾਂਦੀ ਅਤੇ ਇੱਕ ਕਾਂਸੀ, ਗੁਰਵੀਰ ਸਿੰਘ ਨੇ ਦੋ ਕਾਂਸੀ, ਮੁਹੰਮਦ ਯਾਸਰ ਨੇ ਇੱਕ ਚਾਂਦੀ ਅਤੇ ਅਨੰਨਿਆ ਬਾਂਸਲ ਨੇ ਇੱਕ ਕਾਂਸੀ ਦਾ ਤਗਮਾ ਜਿੱਤਿਆ। ਇਸੇ ਤਰ੍ਹਾਂ ਨਵੀਂ ਦਿੱਲੀ ਵਿਖੇ ਹੋਈ ਸੀਨੀਅਰ ਅਤੇ ਜੂਨੀਅਰ ਨੈਸ਼ਨਲ ਪੈਰਾ ਪਾਵਰਲਿਫਟਿੰਗ ਚੈਂਪੀਅਨਸ਼ਿਪ ਵਿੱਚ ਪਰਮਜੀਤ ਕੁਮਾਰ, ਗੁਰਸੇਵਕ ਸਿੰਘ, ਵਰਿੰਦਰ ਸਿੰਘ, ਮੁਹੰਮਦ ਨਦੀਮ, ਜਸਪ੍ਰੀਤ ਕੌਰ ਅਤੇ ਸੀਮਾ ਰਾਣੀ ਨੇ ਸੋਨੇ ਦੇ ਤਗਮੇ ਅਤੇ ਕੁਲਦੀਪ ਸਿੰਘ ਅਤੇ ਸੁਮਨਦੀਪ ਨੇ ਕਾਂਸੀ ਦੇ ਤਗਮੇ ਜਿੱਤੇ।

Leave a Reply

Your email address will not be published. Required fields are marked *