ਲਖਨਊ : ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਸ਼ਨੀਵਾਰ ਨੂੰ ਬਸਪਾ ਅਤੇ ਭਾਜਪਾ ਨੂੰ ਕਰਾਰਾ ਝਟਕਾ ਦਿਤਾ ਹੈ। ਇੱਕ ਭਾਜਪਾ ਵਿਧਾਇਕ ਅਤੇ ਬਸਪਾ ਦੇ 6 ਬਾਗੀ ਵਿਧਾਇਕ ਲਖਨਊ ਸਪਾ ਹੈੱਡਕੁਆਰਟਰ ਪਹੁੰਚੇ ਅਤੇ ਸਪਾ ‘ਚ ਸ਼ਾਮਲ ਹੋ ਗਏ ਹਨ। ਅਖਿਲੇਸ਼ ਯਾਦਵ ਨੇ ਸਾਰੇ ਬਾਗੀ ਵਿਧਾਇਕਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਦੇ ਦਿਤੀ ਹੈ। ਇਸ ਦੌਰਾਨ ਅਖਿਲੇਸ਼ ਨੇ ਭਾਜਪਾ ‘ਤੇ ਤਿੱਖਾ ਹਮਲਾ ਕੀਤਾ। ਭਾਜਪਾ ਦੇ ਇਕ ਵਿਧਾਇਕ ਦੇ ਸ਼ਾਮਲ ਹੋਣ ਤੋਂ ਬਾਅਦ ਅਖਿਲੇਸ਼ ਯਾਦਵ ਨੇ ਕਿਹਾ ਕਿ ਮੁੱਖ ਮੰਤਰੀ ਭਾਜਪਾ ਪਾਰਟੀ ਦਾ ਨਾਅਰਾ ਬਦਲ ਦੇਣਗੇ। ‘ਮੇਰਾ ਪ੍ਰਵਾਰ ਭਾਜਪਾ ਪ੍ਰਵਾਰ’ ਦੀ ਬਜਾਏ ‘ਮੇਰਾ ਪ੍ਰਵਾਰ ਭੱਜਦਾ ਪ੍ਰਵਾਰ’ ਰੱਖਿਆ ਜਾਵੇਗਾ। ਅਖਿਲੇਸ਼ ਨੇ ਕਿਹਾ ਕਿ ਭਾਜਪਾ ਨੇ ਆਪਣੇ ਸੰਕਲਪ ਪੱਤਰ ‘ਚ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਸਮਾਜਵਾਦੀਆਂ ਦਾ ਮੰਨਣਾ ਹੈ ਕਿ ਜੋ ਕਾਂਗਰਸ ਹੈ ਉਹ ਭਾਜਪਾ ਹੈ, ਜੋ ਭਾਜਪਾ ਹੈ ਉਹ ਕਾਂਗਰਸ ਹੈ। ਦੱਸ ਦੇਈਏ ਕਿ ਬਸਪਾ ਦੇ ਛੇ ਬਾਗੀ ਵਿਧਾਇਕਾਂ ‘ਚ ਸੁਸ਼ਮਾ ਪਟੇਲ, ਹਰਗੋਵਿੰਦ ਭਾਰਗਵ, ਅਸਲਮ ਚੌਧਰੀ, ਅਸਲਮ ਰੈਨੀ, ਹਕੀਮ ਲਾਲ ਬਿੰਦ ਅਤੇ ਮੁਜਤਬਾ ਸਿੱਦੀਕੀ ਸ਼ਾਮਲ ਹਨ ਜਦਕਿ ਰਾਕੇਸ਼ ਰਾਠੌਰ ਭਾਜਪਾ ਦੇ ਬਾਗੀ ਵਿਧਾਇਕ ਹਨ ਜੋ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ।