Site icon Geo Punjab

1 ਸਤੰਬਰ ਤੋਂ ਪਹਿਲੀ ਵਾਰ 51 ਲੱਖ ਪਰਿਵਾਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਹੋਵੇਗਾ : ਮੁੱਖ ਮੰਤਰੀ ਮਾਨਯੋਗ


ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਦੀ ਲੋਕ ਪੱਖੀ ਪਹੁੰਚ ਸਦਕਾ ਸੂਬੇ ਦੇ ਕੁੱਲ 74 ਲੱਖ ਪਰਿਵਾਰਾਂ ਵਿੱਚੋਂ 51 ਲੱਖ ਪਰਿਵਾਰਾਂ ਨੂੰ 1 ਸਤੰਬਰ ਤੋਂ ਜ਼ੀਰੋ ਬਿਜਲੀ ਬਿੱਲ ਆਵੇਗਾ।ਅੱਜ ਇੱਥੇ 66 ਕੇ.ਵੀ. ਬੁਟਾਰੀ-ਬਿਆਸ ਲਾਈਨ ਨੂੰ ਲੋਕਾਂ ਨੂੰ ਸਮਰਪਿਤ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਸਰਕਾਰ ਨੇ ਇੱਕ ਵੱਡੀ ਪਹਿਲਕਦਮੀ ਕਰਦਿਆਂ ਸਮਾਜ ਦੇ ਹਰ ਵਰਗ ਨੂੰ ਹਰ ਬਿੱਲ ‘ਤੇ 600 ਯੂਨਿਟ ਮੁਫ਼ਤ ਬਿਜਲੀ ਮੁਹੱਈਆ ਕਰਵਾਈ ਹੈ। ਇਸ ਬੇਮਿਸਾਲ ਲੋਕ ਪੱਖੀ ਪਹਿਲਕਦਮੀ ਕਾਰਨ ਸਤੰਬਰ ਮਹੀਨੇ ਵਿੱਚ ਕੁੱਲ 74 ਲੱਖ ਘਰਾਂ ਵਿੱਚੋਂ 51 ਲੱਖ ਪਰਿਵਾਰਾਂ ਨੂੰ ਜ਼ੀਰੋ ਬਿਜਲੀ ਦਾ ਬਿੱਲ ਮਿਲੇਗਾ। ਇਸੇ ਤਰ੍ਹਾਂ ਮੁੱਖ ਮੰਤਰੀ ਨੇ ਕਿਹਾ ਕਿ ਠੰਡ ਦੇ ਮੌਸਮ ਦੌਰਾਨ ਘਰਾਂ ਵਿੱਚ ਬਿਜਲੀ ਦੀ ਖਪਤ ਵੀ ਘੱਟ ਜਾਂਦੀ ਹੈ, ਜਿਸ ਕਾਰਨ ਜਨਵਰੀ ਮਹੀਨੇ ਵਿੱਚ ਨਵੰਬਰ ਅਤੇ ਦਸੰਬਰ ਦੇ ਬਿੱਲ ਆਉਣਗੇ, ਜਿਸ ਨਾਲ ਲਗਭਗ 68 ਲੱਖ ਪਰਿਵਾਰਾਂ ਨੂੰ ਜ਼ੀਰੋ ਬਿੱਲ ਆਵੇਗਾ, ਜੋ ਕਿ ਰਾਜ ਦੇ ਕੁੱਲ ਘਰਾਂ ਦਾ ਇਹ ਲਗਭਗ 90 ਪ੍ਰਤੀਸ਼ਤ ਹੋਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸਾਨਾਂ ਨੂੰ ਨਿਰਵਿਘਨ ਅਤੇ ਵਾਧੂ ਬਿਜਲੀ ਮਿਲ ਰਹੀ ਹੈ। ਇਸ ਵਾਰ ਨਾ ਤਾਂ ਕਿਸਾਨਾਂ ਲਈ ਅਤੇ ਨਾ ਹੀ ਆਮ ਲੋਕਾਂ ਲਈ ਕੋਈ ਬਿਜਲੀ ਕੱਟ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਕਈ ਉਪਰਾਲੇ ਕਰ ਰਹੀ ਹੈ। ਸਰਹੱਦੀ ਜ਼ਿਲ੍ਹਿਆਂ ਦੇ 70 ਪਿੰਡਾਂ ਨੂੰ ਲਗਾਤਾਰ ਬਿਜਲੀ ਦੇਣ ਵਾਲੀ ਇਸ ਮਹੱਤਵਪੂਰਨ ਲਾਈਨ ਦਾ ਕੰਮ ਪਿਛਲੇ ਇੱਕ ਦਹਾਕੇ ਤੋਂ ਲਟਕਿਆ ਹੋਇਆ ਸੀ। ਮਾਨ ਨੇ ਕਿਹਾ ਕਿ ਉਨ੍ਹਾਂ ਨੇ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਅਧਿਕਾਰੀਆਂ ਨੂੰ ਅਜਿਹੇ ਸਾਰੇ ਪ੍ਰਾਜੈਕਟਾਂ ਨੂੰ ਪਹਿਲ ਦੇ ਆਧਾਰ ‘ਤੇ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਸਨ। ਮੁੱਖ ਮੰਤਰੀ ਨੇ ਦੱਸਿਆ ਕਿ ਇਸ ਪ੍ਰਾਜੈਕਟ ‘ਤੇ ਕੁੱਲ 4.40 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਨਾਲ 2 ਲੱਖ ਤੋਂ ਵੱਧ ਖਪਤਕਾਰਾਂ ਨੂੰ ਫਾਇਦਾ ਹੋਵੇਗਾ, ਜਿਨ੍ਹਾਂ ਨੂੰ ਹੁਣ ਬਿਜਲੀ ਕੱਟ ਜਾਂ ਓਵਰਲੋਡਿੰਗ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਮਾਨ ਨੇ ਦੱਸਿਆ ਕਿ 4 ਪਾਵਰ ਸਟੇਸ਼ਨ 66 ਕੇ.ਵੀ. ਲਿੱਦੜ, 66 ਕੇ.ਵੀ ਬਿਆਸ, 66 ਕੇ.ਵੀ ਬੁਤਾਲਾ ਅਤੇ 66 ਕੇ.ਵੀ. ਸਠਿਆਲਾ ਇਸ ਪ੍ਰੋਜੈਕਟ ਨਾਲ ਜੁੜੇ ਹੋਏ ਹਨ।

Exit mobile version