ਸੁਲਤਾਨਪੁਰ ਲੋਧੀ ਨੇੜੇ ਸੜਕ ਹਾਦਸਾ ਸੁਲਤਾਨਪੁਰ ਲੋਧੀ ਨੇੜੇ ਡਡਵਿੰਡੀ-ਤਾਸ਼ਪੁਰ ਰੋਡ ‘ਤੇ ਵਾਪਰੇ ਇੱਕ ਭਿਆਨਕ ਹਾਦਸੇ ‘ਚ ਦੋ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਜੋਗਾ ਸਿੰਘ ਪੁੱਤਰ ਚਰਨ ਸਿੰਘ ਵਾਸੀ ਪੱਤੀ ਸ਼ਾਲਾ ਨਗਰ, ਮਲਸੀਆਂ (ਜਲੰਧਰ) ਅਤੇ ਰਘਬੀਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਪੱਤੀ ਅਕਲਪੁਰ, ਮਲਸੀਆਂ (ਜਲੰਧਰ) ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਮੋੜ ਤੋਂ ਮੋੜ ਲੈਂਦੇ ਸਮੇਂ ਕਾਰ ਦਰੱਖਤ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਗੱਡੀ ਦੇ ਟੁਕੜੇ ਹੋ ਗਏ। ਇਸ ਭਿਆਨਕ ਹਾਦਸੇ ‘ਚ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਮ੍ਰਿਤਕਾਂ ਵਿੱਚ ਡਰਾਈਵਰ ਦੀ ਉਮਰ ਕਰੀਬ 60 ਸਾਲ ਅਤੇ ਉਸ ਦੇ ਨਾਲ ਬੈਠੇ ਰਘਬੀਰ ਸਿੰਘ ਦੀ ਉਮਰ 30 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਫਿਲਹਾਲ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਮੁਰਦਾਘਰ ‘ਚ ਰਖਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਧਾਰਾ 174 ਦੇ ਤਹਿਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ