ਚੰਡੀਗੜ੍ਹ, 17 ਜਨਵਰੀ:
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕਾਂ ਨੂੰ ਵਾਜਬ ਭਾਅ ‘ਤੇ ਰੇਤਾ-ਬੱਜਰੀ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀ ਇਸ ਵਚਨਬੱਧਤਾ ਨੂੰ ਪੂਰਾ ਕਰਨ ਨੂੰ ਯਕੀਨੀ ਬਣਾਉਣ।
ਇਹ ਗੱਲ ਖਣਨ ਤੇ ਭੂ-ਵਿਗਿਆਨ ਮੰਤਰੀ ਗੁਰਮੀਤ ਸਿੰਘ ਹੇਅਰ ਨੇ ਅੱਜ ਪੰਜਾਬ ਭਵਨ ਵਿਖੇ ਨਵੇਂ ਅਲਾਟ ਕੀਤੇ ਵਿਭਾਗ ਦੇ ਕੰਮਕਾਜ ਦਾ ਜਾਇਜ਼ਾ ਲੈਣ ਲਈ ਰੱਖੀ ਮੀਟਿੰਗ ਦੌਰਾਨ ਕਹੀ।
ਮੀਤ ਹੇਅਰ ਨੇ ਕਿਹਾ ਕਿ ਉਹ ਵਿਭਾਗ ਦੀਆਂ ਸਮੀਖਿਆ ਮੀਟਿੰਗਾਂ ਕਰਦੇ ਰਹਿਣਗੇ। ਉਨ੍ਹਾਂ ਅੱਗੇ ਕਿਹਾ ਕਿ ਵਿਭਾਗ ਲੋਕਾਂ ਨੂੰ ਲੋੜੀਂਦਾ ਰੇਤਾ-ਬੱਜਰੀ ਵਾਜਬ ਭਾਅ ‘ਤੇ ਮਿਲਣਾ ਯਕੀਨੀ ਬਣਾਉਣ। ਮੰਤਰੀ ਨੇ ਕਿਹਾ ਕਿ ਗੈਰ-ਕਾਨੂੰਨੀ ਮਾਈਨਿੰਗ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਮਾਮਲੇ ਵਿੱਚ ਕੋਈ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਮੀਟਿੰਗ ਦੌਰਾਨ ਮੀਤ ਹੇਅਰ ਨੇ ਵਿਭਾਗ ਨੂੰ ਸਾਰੇ ਕਰੱਸ਼ਰਾਂ ਸਬੰਧੀ ਪਾਵਰਕੌਮ ਦੇ ਅਧਿਕਾਰੀਆਂ ਨਾਲ ਬਿਜਲੀ ਕੁਨੈਕਸ਼ਨਾਂ ਸਬੰਧੀ ਸਾਂਝੀ ਰਿਪੋਰਟ ਪੇਸ਼ ਕਰਨ ਲਈ ਕਿਹਾ ਤਾਂ ਜੋ ਬੰਦ ਪਏ ਕਰੱਸ਼ਰਾਂ ਦੀ ਅਸਲ ਸਥਿਤੀ ਦਾ ਜਾਇਜ਼ਾ ਲਿਆ ਜਾ ਸਕੇ। ਉਨ੍ਹਾਂ ਇਸੇ ਤਰ੍ਹਾਂ ਕਰੱਸ਼ਰਾਂ ਦੇ ਕਿਊ ਫਾਰਮ ਸਬੰਧੀ ਰੋਜ਼ਾਨਾ ਆਧਾਰ ‘ਤੇ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ।
ਮੰਤਰੀ ਨੇ ਰੇਤ ਦੀਆਂ ਖੱਡਾਂ ਸਬੰਧੀ ਵਾਤਾਵਰਨ ਪ੍ਰਵਾਨਗੀ ਲਈ ਲੋੜੀਂਦੀਆਂ ਰਸਮਾਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਵੀ ਕਿਹਾ। ਉਨ੍ਹਾਂ ਨੇ ਡੀ.ਐਸ.ਆਰਜ਼ ਨੂੰ ਸਮਾਂਬੱਧ ਢੰਗ ਨਾਲ ਤਿਆਰ ਕਰਨ ਦੇ ਆਦੇਸ਼ ਦਿੱਤੇ ਅਤੇ ਜੋਰ ਦਿੱਤਾ ਕਿ ਰੇਤਾ ਅਤੇ ਬਜਰੀ ਦੀ ਆਨਲਾਈਨ ਵਿਕਰੀ ਲਈ ਲੋੜੀਂਦੇ ਕਦਮ ਚੁੱਕੇ ਜਾਣ।
ਮੀਟਿੰਗ ਵਿੱਚ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ, ਡਾਇਰੈਕਟਰ ਡੀ.ਪੀ.ਐਸ.ਖਰਬੰਦਾ, ਚੀਫ ਇੰਜਨੀਅਰ, ਸੁਪਰਡੈਂਟ ਇੰਜਨੀਅਰ ਅਤੇ ਫੀਲਡ ਐਕਸੀਅਨ ਵੀ ਹਾਜ਼ਰ ਸਨ।