ਭਾਰਤ ਵਿਚ ਵਕਫ਼ ਸੰਪਤੀਆਂ ਦੇ ਪ੍ਰਬੰਧਨ ਵਿੱਚ ਸੁਧਾਰ ਲਈ “ਵਕਫ਼ ਸੰਸ਼ੋਧਨ ਅਧਿਨਿਯਮ 2025” ਇਕ ਕ੍ਰਾਂਤਿਕਾਰੀ ਕਾਨੂੰਨ ਹੈ। ਇਹ ਅਧਿਨਿਯਮ ਵਕਫ਼ ਪ੍ਰਸ਼ਾਸਨ ਵਿੱਚ ਪਾਰਦਰਸ਼ਤਾ, ਜ਼ਿੰਮੇਵਾਰੀ ਅਤੇ ਦੱਖਲ ਲਿਆਉਣ ਦਾ ਯਤਨ ਕਰਦਾ ਹੈ। 15 ਸਤੰਬਰ 2025 ਨੂੰ ਸੁਪਰੀਮ ਕੋਰਟ ਨੇ ਆਪਣੇ ਮਹੱਤਵਪੂਰਨ ਫ਼ੈਸਲੇ ਵਿੱਚ ਇਸ ਅਧਿਨਿਯਮ ਨੂੰ ਪੂਰੀ ਤਰ੍ਹਾਂ ਰੋਕਣ ਤੋਂ ਇਨਕਾਰ ਕੀਤਾ, ਜੋ ਇਸ ਦੀ ਸੰਵਿਧਾਨਿਕਤਾ ਦੇ ਹੱਕ ਵਿੱਚ ਇਕ ਵੱਡਾ ਸੰਕੇਤ ਹੈ।
ਵਕਫ਼ ਸੰਸ਼ੋਧਨ ਅਧਿਨਿਯਮ 2025 ਦਾ ਸਭ ਤੋਂ ਮਹੱਤਵਪੂਰਨ ਪੱਖ ਇਸ ਦਾ ਤਕਨੀਕੀ ਦ੍ਰਿਸ਼ਟੀਕੋਣ ਹੈ। ਇਸ ਵਿੱਚ ਵਕਫ਼ ਸੰਪਤੀਆਂ ਦੇ ਪ੍ਰਬੰਧਨ ਲਈ ਆਧੁਨਿਕ ਤਕਨਾਲੋਜੀ ਦੀ ਵਰਤੋਂ ਸੁਨਿਸ਼ਚਿਤ ਕੀਤੀ ਗਈ ਹੈ। ਇਕ ਕੇਂਦਰੀ ਡਿਜ਼ਿਟਲ ਪੋਰਟਲ ਰਾਹੀਂ ਸਾਰੀਆਂ ਵਕਫ਼ ਸੰਪਤੀਆਂ ਦਾ ਰਜਿਸਟ੍ਰੇਸ਼ਨ ਅਤੇ ਪ੍ਰਬੰਧਨ ਹੋਵੇਗਾ, ਜਿਸ ਨਾਲ ਭ੍ਰਿਸ਼ਟਾਚਾਰ ਦੀ ਸੰਭਾਵਨਾ ਘੱਟ ਹੋ ਜਾਵੇਗੀ। ਇਹ ਪ੍ਰਣਾਲੀ ਨਾ ਸਿਰਫ਼ ਪਾਰਦਰਸ਼ਤਾ ਵਧਾਏਗੀ, ਸਗੋਂ ਵਕਫ਼ ਸੰਪਤੀਆਂ ਦੇ ਦੁਰੁਪਯੋਗ ਨੂੰ ਵੀ ਰੋਕੇਗੀ। ਡਿਜ਼ਿਟਲ ਪਲੇਟਫਾਰਮ ਰਾਹੀਂ ਸੰਪਤੀ ਦੀ ਜਾਣਕਾਰੀ, ਆਮਦਨ-ਖਰਚ ਦਾ ਵੇਰਵਾ ਅਤੇ ਵਿਕਾਸ ਪਰਿਯੋਜਨਾਵਾਂ ਦੀ ਸਥਿਤੀ ਸਾਰੇ ਹਿੱਸੇਦਾਰਾਂ ਲਈ ਉਪਲਬਧ ਹੋਵੇਗੀ। ਇਹ ਤਕਨੀਕੀ ਸੁਧਾਰ ਵਕਫ਼ ਬੋਰਡਾਂ ਦੀ ਕਾਰਗੁਜ਼ਾਰੀ ਵਿੱਚ ਬਦਲਾਅ ਲਿਆਏਗਾ ਅਤੇ ਸਮਾਜਿਕ ਭਲਾਈ ਲਈ ਸੰਸਾਧਨਾਂ ਦਾ ਵਧੀਆ ਪ੍ਰਯੋਗ ਯਕੀਨੀ ਬਣਾਏਗਾ।
ਅਧਿਨਿਯਮ ਵਿੱਚ ਪ੍ਰਸ਼ਾਸਕੀ ਢਾਂਚੇ ਵਿੱਚ ਵੀ ਵੱਡੇ ਸੁਧਾਰ ਕੀਤੇ ਗਏ ਹਨ। ਵਕਫ਼ ਬੋਰਡਾਂ ਦੀ ਬਣਤਰ ਵਿੱਚ ਵਿਭਿੰਨਤਾ ਅਤੇ ਵਿਸ਼ੇਸ਼ਗਿਆਤਾ ਸ਼ਾਮਲ ਕੀਤੀ ਗਈ ਹੈ ਤਾਂ ਜੋ ਵਕਫ਼ ਸੰਪਤੀਆਂ ਦਾ ਪ੍ਰਬੰਧਨ ਸਿਰਫ਼ ਧਾਰਮਿਕ ਪੱਖ ਤੋਂ ਨਹੀਂ, ਸਗੋਂ ਆਧੁਨਿਕ ਪ੍ਰਬੰਧਨ ਸਿਧਾਂਤਾਂ ਦੇ ਅਨੁਸਾਰ ਹੋਵੇ। ਬੋਰਡਾਂ ਵਿੱਚ ਗੈਰ-ਮੁਸਲਿਮ ਮੈਂਬਰਾਂ ਦੀ ਸੀਮਿਤ ਨਿਯੁਕਤੀ ਨਾਲ ਵਿਭਿੰਨ ਵਿਚਾਰ ਮਿਲਣਗੇ, ਜੋ ਬਿਹਤਰ ਫ਼ੈਸਲੇ ਲੈਣ ਵਿੱਚ ਮਦਦਗਾਰ ਹੋਣਗੇ। ਨਵੇਂ ਅਧਿਨਿਯਮ ਅਧੀਨ ਵਕਫ਼ ਬੋਰਡਾਂ ਅਤੇ ਸਥਾਨਕ ਪ੍ਰਾਧਿਕਾਰੀਆਂ ਵਿੱਚ ਵਧੀਆ ਤਾਲਮੇਲ ਦੀ ਪ੍ਰਣਾਲੀ ਬਣਾਈ ਗਈ ਹੈ, ਜਿਸ ਨਾਲ ਵਿਕਾਸ ਕਾਰਜ ਤੇਜ਼ੀ ਨਾਲ ਹੋਣਗੇ ਅਤੇ ਸਮਾਜਕ ਹਿਤਾਂ ਦੀ ਰੱਖਿਆ ਹੋਵੇਗੀ।
15 ਸਤੰਬਰ 2025 ਨੂੰ ਸੁਪਰੀਮ ਕੋਰਟ ਦੇ ਮੁਖ ਨਿਆਂਮੂਰਤੀ ਬੀ. ਆਰ. ਗਵਈ ਅਤੇ ਨਿਆਂਮੂਰਤੀ ਏ. ਜੀ. ਮਸੀਹ ਦੀ ਬੈਂਚ ਨੇ ਵਕਫ਼ ਸੰਸ਼ੋਧਨ ਅਧਿਨਿਯਮ 2025 ’ਤੇ ਮਹੱਤਵਪੂਰਨ ਫ਼ੈਸਲਾ ਸੁਣਾਇਆ। ਅਦਾਲਤ ਨੇ ਕਿਹਾ ਕਿ “ਕਿਸੇ ਵੀ ਕਾਨੂੰਨ ਦੀ ਸੰਵਿਧਾਨਿਕਤਾ ਦੇ ਹੱਕ ਵਿੱਚ ਹਮੇਸ਼ਾਂ ਅਨੁਮਾਨ ਲਾਇਆ ਜਾਂਦਾ ਹੈ।” ਇਹ ਟਿੱਪਣੀ ਇਸ ਅਧਿਨਿਯਮ ਦੀ ਵੈਧਤਾ ਲਈ ਇੱਕ ਮਜ਼ਬੂਤ ਸੰਕੇਤ ਹੈ। ਅਦਾਲਤ ਨੇ ਪੂਰੇ ਅਧਿਨਿਯਮ ਨੂੰ ਰੋਕਣ ਤੋਂ ਇਨਕਾਰ ਕੀਤਾ ਅਤੇ ਸਿਰਫ਼ ਕੁਝ ਵਿਸ਼ੇਸ਼ ਪ੍ਰਾਵਧਾਨਾਂ ਨੂੰ ਅਸਥਾਈ ਤੌਰ ’ਤੇ ਰੋਕਿਆ।
ਇਸ ਕਾਨੂੰਨ ਦਾ ਇੱਕ ਵਿਸ਼ੇਸ਼ ਪੱਖ ਮੁਸਲਿਮ ਮਹਿਲਾਵਾਂ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਵਿੱਚ ਸੁਧਾਰ ਹੈ। ਨਵੇਂ ਨਿਯਮਾਂ ਨਾਲ ਮਹਿਲਾਵਾਂ ਨੂੰ ਵਕਫ਼ ਸੰਪਤੀਆਂ ਤੋਂ ਹੋਣ ਵਾਲੇ ਲਾਭਾਂ ਵਿੱਚ ਵੱਧ ਹਿੱਸਾ ਮਿਲੇਗਾ। ਇਹ ਲਿੰਗ ਸਮਾਨਤਾ ਵੱਲ ਇਕ ਮਹੱਤਵਪੂਰਨ ਕਦਮ ਹੈ ਅਤੇ ਇਸਲਾਮਿਕ ਨਿਆਂ ਸਿਧਾਂਤਾਂ ਨਾਲ ਵੀ ਮੇਲ ਖਾਂਦਾ ਹੈ। ਵਕਫ਼ ਸੰਪਤੀਆਂ ਦੀ ਆਮਦਨ ਦਾ ਪ੍ਰਯੋਗ ਮਹਿਲਾ ਸਿੱਖਿਆ, ਸਿਹਤ ਸੇਵਾਵਾਂ ਅਤੇ ਆਰਥਿਕ ਗਤੀਵਿਧੀਆਂ ਨੂੰ ਵਧਾਵਣ ਵਿੱਚ ਕੀਤਾ ਜਾਵੇਗਾ, ਜਿਸ ਨਾਲ ਸਮਾਜਿਕ ਵਿਕਾਸ ਅਤੇ ਲਿੰਗ ਅਸਮਾਨਤਾ ਘਟੇਗੀ।
ਵਕਫ਼ ਸੰਪਤੀਆਂ ਦਾ ਸੁਚਾਰੂ ਪ੍ਰਬੰਧਨ ਸਿਰਫ਼ ਸਮਾਜ ਲਈ ਨਹੀਂ ਸਗੋਂ ਰਾਸ਼ਟਰੀ ਅਰਥਵਿਵਸਥਾ ਲਈ ਵੀ ਲਾਭਕਾਰੀ ਹੋਵੇਗਾ। ਵਪਾਰਕ ਉਪਯੋਗ ਤੋਂ ਨਵੇਂ ਰੋਜ਼ਗਾਰ ਦੇ ਮੌਕੇ ਬਣਣਗੇ, ਜੋ ਸਾਰੇ ਸਮਾਜ ਲਈ ਫ਼ਾਇਦੇਮੰਦ ਹੋਣਗੇ। ਸੰਪਤੀਆਂ ਦੇ ਵਿਕਾਸ ਨਾਲ ਸਥਾਨਕ ਅਰਥਵਿਵਸਥਾ ਮਜ਼ਬੂਤ ਹੋਵੇਗੀ ਅਤੇ ਖੇਤੀਬਾੜੀ, ਵਪਾਰ, ਸਿੱਖਿਆ ਤੇ ਸਿਹਤ ਖੇਤਰਾਂ ਵਿੱਚ ਨਿਵੇਸ਼ ਵਧੇਗਾ।
ਵਕਫ਼ ਸੰਸ਼ੋਧਨ ਅਧਿਨਿਯਮ 2025 ਭਾਰਤ ਵਿੱਚ ਧਾਰਮਿਕ ਸੰਪਤੀਆਂ ਦੇ ਪ੍ਰਬੰਧਨ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰਦਾ ਹੈ। ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਸਪਸ਼ਟ ਹੈ ਕਿ ਨਿਆਂਪਾਲਿਕਾ ਵੀ ਸੁਧਾਰ ਦੀ ਲੋੜ ਨੂੰ ਸਮਝਦੀ ਹੈ। ਇਹ ਅਧਿਨਿਯਮ ਨਾਂ ਸਿਰਫ਼ ਦੁਰੁਪਯੋਗ ਰੋਕੇਗਾ ਸਗੋਂ ਵਕਫ਼ ਸੰਪਤੀਆਂ ਨੂੰ ਰਾਸ਼ਟਰੀ ਅਤੇ ਸਮਾਜਕ ਭਲਾਈ ਲਈ ਵਰਤਣ ਯੋਗ ਬਣਾਏਗਾ। ਆਧੁਨਿਕ ਤਕਨਾਲੋਜੀ, ਪਾਰਦਰਸ਼ੀ ਪ੍ਰਕਿਰਿਆਵਾਂ ਅਤੇ ਜ਼ਿੰਮੇਵਾਰ ਪ੍ਰਸ਼ਾਸਨ ਨਾਲ ਇਹ ਅਧਿਨਿਯਮ ਵਕਫ਼ ਪ੍ਰਣਾਲੀ ਨੂੰ 21ਵੀਂ ਸਦੀ ਦੀਆਂ ਚੁਣੌਤੀਆਂ ਲਈ ਤਿਆਰ ਕਰਦਾ ਹੈ।
ਕੇਂਦਰੀ ਮੰਤਰੀ ਕਿਰਣ ਰਿਜਿਜੂ ਦੇ ਅਨੁਸਾਰ, ਇਹ ਫ਼ੈਸਲਾ ਵਕਫ਼ ਸੁਧਾਰਾਂ ਦੀ ਮਹੱਤਤਾ ਦੀ ਪੁਸ਼ਟੀ ਕਰਦਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਵਕਫ਼ ਸੰਪਤੀਆਂ ਦੀ ਸੁਰੱਖਿਆ, ਵਿਕਾਸ ਅਤੇ ਵਰਤੋਂ ਕੌਮ ਤੇ ਰਾਸ਼ਟਰ ਦੀ ਭਲਾਈ ਲਈ ਹੋਵੇਗੀ। ਇਹ 2025 ਦੇ ਸੁਧਾਰਾਂ ਦੇ ਉਦੇਸ਼ਾਂ ਦੇ ਅਨੁਕੂਲ ਹੈ ਅਤੇ ਭਵਿੱਖ ਦੇ ਵਕਫ਼ ਪ੍ਰਬੰਧਨ ਲਈ ਮਜ਼ਬੂਤ ਅਧਾਰ ਪ੍ਰਦਾਨ ਕਰਦਾ ਹੈ।
ਮੋਹੰਮਦ ਸਾਦਿਕ
ਪੀ.ਐਚ.ਡੀ. – ਜਾਮੀਆ ਮਿਲਿਆ ਇਸਲਾਮੀਆ

