ਪਟਿਆਲਾ ਨਿਊਜ਼ : ਜਨਗਣਨਾ-2027 ਸਬੰਧੀ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਦੀ ਸਿਖਲਾਈ ਵਰਕਸ਼ਾਪ ਜ਼ਿਲ੍ਹਾ ਪਟਿਆਲਾ ਵਿੱਚ ਜਾਰੀ
ਪਟਿਆਲਾ, 27 ਅਪ੍ਰੈਲ 2026:
ਪਟਿਆਲਾ ਜ਼ਿਲ੍ਹੇ ਵਿੱਚ ਜਨਗਣਨਾ-2027 ਦੇ ਸਫ਼ਲ ਆਯੋਜਨ ਲਈ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਦੀ ਸਿਖਲਾਈ ਪ੍ਰਕਿਰਿਆ ਚੱਲ ਰਹੀ ਹੈ। ਇਹ ਟ੍ਰੇਨਿੰਗ ਮਾਨਯੋਗ ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਸ਼ਨ ਅਫ਼ਸਰ ਡਾ: ਹਿਮਾਂਸ਼ੂ ਅਗਰਵਾਲ ਅਤੇ ਵਧੀਕ ਡਿਪਟੀ ਕਮਿਸ਼ਨਰ (ਆਰ.ਡੀ.)-ਕਮ-ਜ਼ਿਲ੍ਹਾ ਸੈਸ਼ਨ ਅਫ਼ਸਰ ਸ੍ਰੀ ਦਮਨਜੀਤ ਸਿੰਘ ਮਾਨ ਦੀ ਦੇਖ-ਰੇਖ ਹੇਠ ਕਰਵਾਈ ਜਾ ਰਹੀ ਹੈ।
ਸਿਖਲਾਈ ਵਰਕਸ਼ਾਪ 20 ਅਪ੍ਰੈਲ 2026 ਤੋਂ 6 ਮਈ 2026 ਤੱਕ ਜ਼ਿਲ੍ਹੇ ਦੀਆਂ 6 ਤਹਿਸੀਲਾਂ ਪਟਿਆਲਾ, ਰਾਜਪੁਰਾ, ਪਤਾਰਾ, ਸਮਾਣਾ, ਨਾਭਾ ਅਤੇ ਦੁਧਨ ਸਾਧਾ ਅਤੇ 9 ਨਗਰ ਕੌਂਸਲਾਂ/ਨਗਰ ਪੰਚਾਇਤਾਂ ਵਿੱਚ ਵੱਖ-ਵੱਖ ਥਾਵਾਂ ‘ਤੇ ਲਗਾਈ ਜਾ ਰਹੀ ਹੈ।
ਜ਼ਿਲ੍ਹਾ ਪਟਿਆਲਾ ਵਿੱਚ ਜਨਗਣਨਾ ਦੇ ਕੰਮ ਲਈ ਲਗਭਗ 3363 ਗਿਣਤੀਕਾਰ ਅਤੇ ਸੁਪਰਵਾਈਜ਼ਰ ਤਾਇਨਾਤ ਕੀਤੇ ਗਏ ਹਨ। ਇਨ੍ਹਾਂ ਨੂੰ ਸਿਖਲਾਈ ਦੇਣ ਲਈ 48 ਫੀਲਡ ਟਰੇਨਰ ਨਿਯੁਕਤ ਕੀਤੇ ਗਏ ਹਨ, ਜੋ ਚਾਰਜ ਪੱਧਰ ‘ਤੇ ਸਿਖਲਾਈ ਦੇ ਰਹੇ ਹਨ। ਸਿਖਲਾਈ ਲਈ 50-50 ਦੇ ਬੈਚ ਬਣਾਏ ਗਏ ਹਨ ਅਤੇ ਹਰੇਕ ਬੈਚ ਨੂੰ 2 ਫੀਲਡ ਟਰੇਨਰਜ਼ ਵੱਲੋਂ ਤਿੰਨ ਦਿਨਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ।
ਟਰੇਨਿੰਗ ਦੌਰਾਨ ਫੀਲਡ ਟਰੇਨਰਾਂ ਨੇ ਦੱਸਿਆ ਕਿ ਇਸ ਵਾਰ ਪਹਿਲੀ ਵਾਰ ਜਨਗਣਨਾ ਡਿਜੀਟਲ ਢੰਗ ਨਾਲ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ‘ਸਵੈ ਗਣਨਾ’ ਦੀ ਸਹੂਲਤ ਵੀ ਦਿੱਤੀ ਗਈ ਹੈ, ਜਿਸ ਤਹਿਤ ਨਾਗਰਿਕ 30 ਅਪ੍ਰੈਲ 2026 ਤੋਂ 14 ਮਈ 2026 ਤੱਕ ਆਪਣੀ ਜਾਣਕਾਰੀ ਖੁਦ ਦਰਜ ਕਰ ਸਕਦੇ ਹਨ।
ਇਸ ਤੋਂ ਬਾਅਦ ਜਨਗਣਨਾ (ਘਰਾਂ ਦੀ ਸੂਚੀ) ਦਾ ਪਹਿਲਾ ਪੜਾਅ 15 ਮਈ 2026 ਤੋਂ 13 ਜੂਨ 2026 ਤੱਕ ਚੱਲੇਗਾ, ਜਿਸ ਦੌਰਾਨ ਗਿਣਤੀਕਾਰ ਘਰ-ਘਰ ਜਾ ਕੇ 33 ਸਵਾਲਾਂ ਰਾਹੀਂ ਜਾਣਕਾਰੀ ਇਕੱਤਰ ਕਰਨਗੇ।
ਡਿਪਟੀ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ ਅਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਦਮਨਜੀਤ ਸਿੰਘ ਮਾਨ ਨੇ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਭਾਰਤ ਸਰਕਾਰ ਵੱਲੋਂ ਕਰਵਾਈ ਜਾ ਰਹੀ ਜਨਗਣਨਾ-2027 ਦੇ ਇਸ ਅਹਿਮ ਹਿੱਸੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ।
ਰਾਜ ਵਿੱਚ ਪੂਰਾ ਸਹਿਯੋਗ ਦਿਓ।

