ਪਟਿਆਲਾ: ਨਸ਼ਿਆਂ ਦੇ ਖਾਤਮੇ ਲਈ ਸੂਬਾ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਜਾਰੀ ਰਹੇਗੀ: ਅਜੀਤਪਾਲ ਕੋਹਲੀ
– ਨਸਾ ਕਾਰੋਬਾਰੀਆਂ ਦੀ ਮਦਦ ਨਾਲ ਭਾਜਪਾ ਦਾ ਅਸਲੀ ਚਿਹਰਾ ਸਾਹਮਣੇ ਆ ਰਿਹਾ ਹੈ
– ਅਸੀਂ ਕਿਸੇ ਗਰੀਬ ਨੂੰ ਤੰਗ ਨਹੀਂ ਕਰ ਰਹੇ, ਸਿਰਫ ਨਸ਼ੇੜੀਆਂ ‘ਤੇ ਕਾਰਵਾਈ ਕੀਤੀ ਜਾ ਰਹੀ ਹੈ
– ਅਸੀਂ ਮਾਣਯੋਗ ਅਦਾਲਤ ਦੇ ਫੈਸਲੇ ਦਾ ਸਨਮਾਨ ਕਰਦੇ ਹਾਂ, ਅਸੀਂ ਅਦਾਲਤ ਵਿੱਚ ਆਪਣੇ ਕੇਸ ਦਾ ਬਚਾਅ ਕਰਾਂਗੇ
ਪਟਿਆਲਾ, 16 ਅਕਤੂਬਰ : ਪਟਿਆਲਾ ਦੇ ਨੌਜਵਾਨ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਨਸ਼ਿਆਂ ਦੇ ਖ਼ਾਤਮੇ ਲਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ‘ਤੇ ਅੱਧੀ ਦਰਜਨ ਐਨ.ਡੀ.ਪੀ.ਸੀ ਐਕਟ ਦੇ ਪਰਚੇ ਦਰਜ ਹਨ ਅਤੇ ਜਿਹੜੇ ਲੋਕ ਨਸ਼ਿਆਂ ‘ਤੇ ਪਟਿਆਲਾ ‘ਚ ਨੌਜਵਾਨਾਂ ਦਾ ਕਤਲ ਕਰ ਰਹੇ ਹਨ, ਉਨ੍ਹਾਂ ਨੂੰ ਕਿਸੇ ਵੀ ਸੂਰਤ ‘ਚ ਬਖਸ਼ਿਆ ਨਹੀਂ ਜਾਵੇਗਾ |
ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦਾ ਹਰ ਪਾਸਿਓਂ ਸਵਾਗਤ ਕੀਤਾ ਜਾ ਰਿਹਾ ਹੈ। ਪਟਿਆਲਾ ਵਿੱਚ ਵੀ ਨਗਰ ਨਿਗਮ, ਪੰਜਾਬ ਪੁਲਿਸ ਅਤੇ ਹੋਰ ਵਿਭਾਗਾਂ ਵੱਲੋਂ ਕੀਤੀ ਜਾ ਰਹੀ ਕਾਰਵਾਈ ਦਾ ਨਿਸ਼ਾਨਾ ਸਿਰਫ਼ ਨਸ਼ਾ ਵੇਚਣ ਵਾਲਿਆਂ ਨੂੰ ਹੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਮਾਨਯੋਗ ਅਦਾਲਤ ਦੇ ਫੈਸਲੇ ਦਾ ਹਮੇਸ਼ਾ ਸਤਿਕਾਰ ਕਰਦੇ ਹਾਂ ਅਤੇ ਅਦਾਲਤ ਵਿੱਚ ਆਪਣਾ ਪੱਖ ਰੱਖਾਂਗੇ ਅਤੇ ਮਾਣਯੋਗ ਅਦਾਲਤ ਨੂੰ ਸਬੂਤਾਂ ਸਮੇਤ ਦੱਸਾਂਗੇ ਕਿ ਪਟਿਆਲਾ ਵਿੱਚ ਨਸ਼ਾ ਸਪਲਾਈ ਕਰਨ ਵਾਲੇ ਇਹ ਲੋਕ ਕੌਣ ਹਨ।
ਅਜੀਤਪਾਲ ਕੋਹਲੀ ਨੇ ਦੱਸਿਆ ਕਿ ਸਨੌਰੀ ਅੱਡਾ ਵਿੱਚ ਕਈ ਘਰ ਹਨ ਪਰ ਸਿਰਫ਼ ਪੰਜ-ਛੇ ਘਰਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ, ਜੋ ਨਸ਼ਾ ਵੇਚਦੇ ਸਨ। ਉਨ੍ਹਾਂ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਦੀ ਮਦਦ ਕਰਕੇ ਭਾਜਪਾ ਦਾ ਅਸਲੀ ਚਿਹਰਾ ਸਾਹਮਣੇ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਨੂੰ ਸੱਚਮੁੱਚ ਹੀ ਪੰਜਾਬ ਨਾਲ ਹਮਦਰਦੀ ਹੈ ਤਾਂ ਉਸ ਨੂੰ ਨਸ਼ੇ ਦੇ ਸੌਦਾਗਰਾਂ ਦੀ ਮਦਦ ਕਰਨੀ ਬੰਦ ਕਰ ਦੇਣੀ ਚਾਹੀਦੀ ਹੈ ਅਤੇ ਨਸ਼ੇ ਦੇ ਸੌਦਾਗਰਾਂ ਵਿਰੁੱਧ ਡਟਣਾ ਚਾਹੀਦਾ ਹੈ। ਵਿਧਾਇਕ ਕੋਹਲੀ ਨੇ ਕਿਹਾ ਕਿ ਅੰਕੜੇ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਮੋਤੀ ਮਹਿਲ ਦੀ ਸਰਕਾਰ ਵੇਲੇ ਵੀ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਐਨਡੀਪੀਐਸ ਦੇ ਪਰਚੇ ਦਰਜ ਹੋਏ ਸਨ ਅਤੇ ਕੁਝ ਹਾਲੇ ਵੀ ਜੇਲ੍ਹ ਵਿੱਚ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਭਾਜਪਾ ਗਰੀਬ ਕਹਿ ਰਹੀ ਹੈ, ਉਨ੍ਹਾਂ ਦੇ ਘਰ ਏ.ਸੀ., ਵੱਡੀਆਂ ਐਲ.ਈ.ਡੀ. ਅਤੇ ਅਮੀਰ ਲੋਕਾਂ ਦਾ ਸਾਰਾ ਸਮਾਨ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਪਾਰਕਾਂ ਅਤੇ ਸਰਕਾਰੀ ਸੜਕਾਂ ’ਤੇ ਕਬਜ਼ੇ ਕੀਤੇ ਹੋਏ ਹਨ ਅਤੇ ਸਰਕਾਰੀ ਰਿਕਾਰਡ ਅਨੁਸਾਰ ਇਹ ਪਾਰਕ ਅਤੇ ਸੜਕਾਂ ਹਨ।

