Site icon Geo Punjab

ਪਟਿਆਲਾ ਦੇ ਤ੍ਰਿਪੜੀ ਇਲਾਕੇ ‘ਚ 1700 ਫੁੱਟ ਲੰਬੀ ਤੇ 16 ਫੁੱਟ ਚੌੜੀ ਸੜਕ ਬਣਾਈ ਜਾਵੇਗੀ-ਡਾ.ਬਲਬੀਰ ਸਿੰਘ

ਪਟਿਆਲਾ ਦੇ ਤ੍ਰਿਪੜੀ ਇਲਾਕੇ ‘ਚ 1700 ਫੁੱਟ ਲੰਬੀ ਤੇ 16 ਫੁੱਟ ਚੌੜੀ ਸੜਕ ਬਣਾਈ ਜਾਵੇਗੀ-ਡਾ.ਬਲਬੀਰ ਸਿੰਘ

ਪਟਿਆਲਾ ਦੇ ਤ੍ਰਿਪੜੀ ਇਲਾਕੇ ‘ਚ 1700 ਫੁੱਟ ਲੰਬੀ ਤੇ 16 ਫੁੱਟ ਚੌੜੀ ਸੜਕ ਬਣਾਈ ਜਾਵੇਗੀ-ਡਾ.ਬਲਬੀਰ ਸਿੰਘ

*ਡਾ. ਬਲਬੀਰ ਸਿੰਘ ਨੇ 5 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਕੀਤਾ ਉਦਘਾਟਨ*

ਪਟਿਆਲਾ, 18 ਮਈ:

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਅੱਜ ਤ੍ਰਿਪੜੀ (ਪ੍ਰੀਤ ਨਗਰ) ਵਿਖੇ 1700 ਫੁੱਟ ਲੰਬੀ ਅਤੇ 16 ਫੁੱਟ ਚੌੜੀ ਸੜਕ ਦੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ | ਉਨ੍ਹਾਂ ਕਿਹਾ ਕਿ ਕਰੀਬ 5 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਵਿੱਚੋਂ ਤਿਆਰ ਕੀਤੀ ਜਾ ਰਹੀ ਇਹ ਸੜਕ ਇਲਾਕੇ ਦੀ ਆਵਾਜਾਈ ਵਿਵਸਥਾ ਨੂੰ ਹੋਰ ਸੁਖਾਲਾ ਤੇ ਸੁਖਾਵਾਂ ਬਣਾਉਣ ਵਿੱਚ ਅਹਿਮ ਰੋਲ ਅਦਾ ਕਰੇਗੀ।

ਉਦਘਾਟਨ ਮੌਕੇ ਬੋਲਦਿਆਂ ਡਾ: ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਹਰ ਸ਼ਹਿਰ ਅਤੇ ਪਿੰਡ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਚੰਗੀਆਂ ਸੜਕਾਂ ਨਾ ਸਿਰਫ਼ ਲੋਕਾਂ ਨੂੰ ਆਵਾਜਾਈ ਵਿੱਚ ਸਹੂਲਤ ਦਿੰਦੀਆਂ ਹਨ, ਸਗੋਂ ਵਪਾਰਕ ਅਤੇ ਸਮਾਜਿਕ ਗਤੀਵਿਧੀਆਂ ਨੂੰ ਵੀ ਹੁਲਾਰਾ ਦਿੰਦੀਆਂ ਹਨ।

ਸਿਹਤ ਮੰਤਰੀ ਨੇ ਦੱਸਿਆ ਕਿ ਤ੍ਰਿਪੜੀ ਦੇ ਪ੍ਰੀਤ ਨਗਰ ਇਲਾਕੇ ਦੇ ਲੋਕਾਂ ਵੱਲੋਂ ਲੰਬੇ ਸਮੇਂ ਤੋਂ ਇਸ ਸੜਕ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਹੁਣ ਪੰਜਾਬ ਸਰਕਾਰ ਵੱਲੋਂ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਇਲਾਕੇ ਦੇ ਹਜ਼ਾਰਾਂ ਲੋਕਾਂ ਨੂੰ ਰੋਜ਼ਾਨਾ ਆ ਰਹੀ ਆਵਾਜਾਈ ਦੀ ਸਮੱਸਿਆ ਤੋਂ ਰਾਹਤ ਮਿਲੇਗੀ।

ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਸਿੱਖਿਆ, ਸਿਹਤ, ਸੜਕਾਂ, ਪੀਣ ਵਾਲੇ ਪਾਣੀ ਅਤੇ ਸੀਵਰੇਜ ਵਰਗੇ ਬੁਨਿਆਦੀ ਢਾਂਚੇ ਨੂੰ ਹੋਰ ਬਿਹਤਰ ਬਣਾਉਣ ਲਈ ਵੱਡੇ ਪੱਧਰ ‘ਤੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਪੰਜਾਬ ਨੂੰ ਮੁੜ ਵਿਕਾਸ ਦੀ ਲੀਹ ‘ਤੇ ਲਿਜਾਣਾ ਅਤੇ ਹਰ ਵਰਗ ਦੇ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨਾ ਹੈ।

ਡਾ: ਬਲਬੀਰ ਸਿੰਘ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੜਕ ਦੇ ਨਿਰਮਾਣ ਦਾ ਕੰਮ ਉੱਚ ਪੱਧਰੀ ਅਤੇ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਜਲਦੀ ਤੋਂ ਜਲਦੀ ਇਸ ਦਾ ਲਾਭ ਮਿਲ ਸਕੇ | ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਲਾਕਾ ਨਿਵਾਸੀਆਂ ਨੇ ਸੜਕ ਦੇ ਨਿਰਮਾਣ ਕਾਰਜ ਸ਼ੁਰੂ ਹੋਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਸਰਕਾਰ ਅਤੇ ਡਾ: ਬਲਬੀਰ ਸਿੰਘ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਇਹ ਸੜਕ ਲੰਬੇ ਸਮੇਂ ਤੋਂ ਇਲਾਕੇ ਦੀ ਮੁੱਖ ਲੋੜ ਸੀ ਅਤੇ ਇਸ ਦੇ ਬਣਨ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ।

ਇਸ ਮੌਕੇ ਪਟਿਆਲਾ ਦੇ ਮੇਅਰ ਸ੍ਰੀ ਕੁੰਦਨ ਗੋਗੀਆ, ਨਗਰ ਨਿਗਮ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ, ਸ੍ਰੀ ਜਸਬੀਰ ਸਿੰਘ ਗਾਂਧੀ ਸਮੇਤ ਇਲਾਕੇ ਦੇ ਪਤਵੰਤੇ, ਇਲਾਕਾ ਨਿਵਾਸੀ ਅਤੇ ਹੋਰ ਆਗੂ ਵੀ ਹਾਜ਼ਰ ਸਨ।

Exit mobile version