ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸ਼੍ਰੀਲੰਕਾ ਦੌਰੇ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ ਦਾ ਐਲਾਨ ਕਰ ਦਿੱਤਾ ਹੈ। ਟੀ-20 ਤੋਂ ਬਾਅਦ ਵਨਡੇ ਦੀ ਕਪਤਾਨੀ ਵੀ ਪੰਜਾਬ ਦੀ ਮੋਗਾ ਦੀ ਕ੍ਰਿਕਟਰ ਹਰਮਨਪ੍ਰੀਤ ਕੌਰ ਨੂੰ ਸੌਂਪੀ ਗਈ ਹੈ। ਤਜਰਬੇਕਾਰ ਬੱਲੇਬਾਜ਼ ਮਿਤਾਲੀ ਰਾਜ ਨੇ ਬੁੱਧਵਾਰ (8 ਜੂਨ) ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਉਸਨੇ ਵਨਡੇ ਅਤੇ ਟੈਸਟ ਵਿੱਚ ਟੀਮ ਦੀ ਕਪਤਾਨੀ ਕੀਤੀ। ਸੰਨਿਆਸ ਲੈਣ ਤੋਂ ਕੁਝ ਸਮੇਂ ਬਾਅਦ ਹੀ ਹਰਮਨਪ੍ਰੀਤ ਦੇ ਨਾਂ ਦਾ ਐਲਾਨ ਵਨਡੇ ਕਪਤਾਨ ਵਜੋਂ ਕੀਤਾ ਗਿਆ। ਹਰਮਨਪ੍ਰੀਤ ਕ੍ਰਿਕਟਰ ਵਰਿੰਦਰ ਸਹਿਵਾਗ ਤੋਂ ਕਾਫੀ ਪ੍ਰਭਾਵਿਤ ਸੀ। ਉਨ੍ਹਾਂ ਨੇ ਕ੍ਰਿਕਟ ਨੂੰ ਆਪਣਾ ਕਰੀਅਰ ਬਣਾਇਆ। ਹਰਮਨਪ੍ਰੀਤ ਕੌਰ ਨੇ ਰਸਮੀ ਤੌਰ ‘ਤੇ 20 ਸਾਲ ਦੀ ਉਮਰ ‘ਚ ਕ੍ਰਿਕਟ ਦੀ ਸ਼ੁਰੂਆਤ ਕੀਤੀ ਸੀ।
ਜੇਮਿਮਾ ਅਤੇ ਪੂਨਮ ਦੀ ਟੀਮ ਵਿੱਚ ਵਾਪਸੀ
ਭਾਰਤੀ ਟੀਮ ਦੇ ਇਸ ਦੌਰੇ ਲਈ ਸਮ੍ਰਿਤੀ ਮੰਧਾਨਾ ਨੂੰ ਟੀਮ ਦੀ ਉਪ ਕਪਤਾਨੀ ਸੌਂਪੀ ਗਈ ਹੈ। ਇਸ ਦੇ ਨਾਲ ਹੀ ਜੇਮਿਮਾ ਰੋਡਰਿਗਜ਼ ਦੀ ਟੀ-20 ਟੀਮ ਵਿੱਚ ਵਾਪਸੀ ਹੋਈ ਹੈ। ਇਸ ਤੋਂ ਇਲਾਵਾ ਪੂਨਮ ਯਾਦਵ ਨੂੰ ਟੀ-20 ਅਤੇ ਵਨਡੇ ਦੋਵਾਂ ਟੀਮਾਂ ‘ਚ ਸ਼ਾਮਲ ਕੀਤਾ ਗਿਆ ਹੈ। ਕ੍ਰਿਕਟਰ ਸਿਮਰਨ ਬਹਾਦੁਰ ਵੀ ਦੌਰੇ ਲਈ ਦੋਵਾਂ ਫਾਰਮੈਟਾਂ ਵਿੱਚ ਟੀਮ ਦਾ ਹਿੱਸਾ ਹੈ। ਬੁੱਧਵਾਰ ਨੂੰ, BCCI ਮਹਿਲਾ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਇਸ ਫੈਸਲੇ ਦਾ ਐਲਾਨ ਕੀਤਾ ਅਤੇ ਦੋਵਾਂ ਸੀਰੀਜ਼ ਲਈ ਟੀਮਾਂ ਨੂੰ ਸਾਂਝਾ ਕੀਤਾ।

